ਭ੍ਰਿਸ਼ਟਾਚਾਰ ''ਤੇ ਨੱਥ ਪਾਉਣੀ ਹੈ ਤਾਂ ਹੋਰ ਸਖਤ ਕਦਮ ਚੁੱਕਣੇ ਹੋਣਗੇ
Tuesday, Sep 13, 2022 - 03:10 AM (IST)
ਕੇਂਦਰ ਅਤੇ ਸੂਬਾਈ ਸਰਕਾਰਾਂ ਭ੍ਰਿਸ਼ਟਾਚਾਰ ਰੋਕਣ ਦੇ ਭਾਵੇਂ ਕਿੰਨੇ ਹੀ ਦਾਅਵੇ ਕਰਨ, ਸੱਚਾਈ ਇਹ ਹੈ ਕਿ ਭ੍ਰਿਸ਼ਟਾਚਾਰ ’ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣਾ ਅਜੇ ਔਖਾ ਹੈ। ਇਹ ਬੁਰਾਈ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਇਸ ਵਿਚ ਪਿੰਡ ਦੇ ਸਰਪੰਚ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਅਤੇ ਪੁਲਸ ਵਾਲੇ ਤਕ ਸ਼ਾਮਲ ਪਾਏ ਜਾ ਰਹੇ ਹਨ, ਜੋ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 4 ਸਤੰਬਰ ਨੂੰ ਸਿੰਗਰੌਲੀ (ਮੱਧ ਪ੍ਰਦੇਸ਼) ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ’ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਦਿਵਜਰਾਜ ਸਿੰਘ ਨੂੰ ਇਕ ਦੁਕਾਨਦਾਰ ਕੋਲੋਂ ਚੋਰੀ ਦਾ ਮਾਮਲਾ ਦਰਜ ਕਰਨ ਦੇ ਬਦਲੇ ’ਚ 40,000 ਰੁਪਏ ਰਿਸ਼ਵਤ ਲੈਂਦੇ ਹੋਏ ਲੋਕ ਆਯੁਕਤ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 6 ਸਤੰਬਰ ਨੂੰ ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ’ਚ ਨਿਯੁਕਤ ਕਲਰਕ ਸੁਖਵਿੰਦਰ ਸਿੰਘ ਵਿਰੁੱਧ 2000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* 7 ਸਤੰਬਰ ਨੂੰ ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦਿੜ੍ਹਬਾ ਤਹਿਸੀਲ ਦਫ਼ਤਰ ’ਚ ਤਾਇਨਾਤ ਰਜਿਸਟਰੀ ਕਲਰਕ ਜਸਪਾਲ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ।
* 7 ਸਤੰਬਰ ਨੂੰ ਹੀ ਗੁੜਗਾਓਂ ’ਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਐੱਚ. ਸੀ. ਐੱਸ. ਅਧਿਕਾਰੀ ਰਾਜੇਸ਼ ਪ੍ਰਜਾਪਤੀ ਨੂੰ ਫੜਿਆ ਗਿਆ।
* 7 ਸਤੰਬਰ ਉਨਾਵ ਜ਼ਿਲ੍ਹੇ ਦੇ ਸੋਹਰਾਮਊ ਥਾਣਾ ਖੇਤਰ ਦੇ ਆਸ਼ਾਖੇੜਾ ਸਥਿਤ ਗ੍ਰਾਮੀਣ ਬੈਂਕ ਦੀ ਮੈਨੇਜਰ ਪੁਸ਼ਪਲਤਾ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
* 8 ਸਤੰਬਰ ਨੂੰ ‘ਏਮਜ਼’ ਨਵੀਂ ਦਿੱਲੀ ਦੇ ਇਕ ਸੀਨੀਅਰ ਪ੍ਰੋਫੈਸਰ ’ਤੇ ‘ਏਮਜ਼’ ਦੇ ਹੀ ਇਕ ਸੁਰੱਖਿਆ ਮੁਲਾਜ਼ਮ ਦੀ ਬੇਟੀ ਦੀ ਸਰਜਰੀ ਲਈ 36,000 ਰੁਪਏ ਲੈਣ ਦੇ ਦੋਸ਼ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
* 8 ਸਤੰਬਰ ਨੂੰ ਹੀ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਸਰਕਾਰੀ ਹਸਪਤਾਲ ਦੇ ਡਾ. ਰੋਹਿਤ ਚੌਧਰੀ ਨੂੰ ਰਿਸ਼ਵਤ ਦੇ 80,000 ਰੁਪਏ ਆਨਲਾਈਨ ਪੇਮੈਂਟ ਐਪ ‘ਫੋਨ ਪੇ’ ਰਾਹੀਂ ਪਰਿਵਾਦੀ ਨੂੰ ਵਾਪਸ ਕਰਦੇ ਸਮੇਂ ਦਬੋਚਿਆ।
* 8 ਸਤੰਬਰ ਨੂੰ ਹੀ ਵਿਜੀਲੈਂਸ ਬਿਊਰੋ ਨੇ ਐੱਚ. ਐੱਸ. ਵੀ. ਪੀ. ਦੇ ਅਸਟੇਟ ਆਫੀਸਰ (ਈ. ਓ.) ਦੀਪਕ ਕੁਮਾਰ ਨੂੰ ਰੁਟੀਨ ਦੇ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ ’ਚ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ।
* 9 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਵੀਂ ਦਿੱਲੀ ’ਚ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰ ਰਹੇ ਇਕ ਪੌਦਾ ਸੁਰੱਖਿਆ ਅਧਿਕਾਰੀ ਪਦਮ ਸਿੰਘ ਦੀ ਜਾਇਦਾਦ ਕਥਿਤ ਤੌਰ ’ਤੇ 18 ਮਹੀਨੇ ਅੰਦਰ 23.19 ਲੱਖ ਰੁਪਏ ਤੋਂ ਵਧ ਕੇ 2.12 ਕਰੋੜ ਰੁਪਏ ਤੋਂ ਵੱਧ ਹੋ ਜਾਣ ਦਾ ਖੁਲਾਸਾ ਹੋਇਆ।
* 9 ਸਤੰਬਰ ਨੂੰ ਹੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਕੋਟਾ ਗ੍ਰਾਮੀਣ ਟੀਮ ਨੇ ਗ੍ਰਾਮ ਪੰਚਾਇਤ ਜ਼ਿਲਾ ਭਰਤਪੁਰ ਦੇ ਸਰਪੰਚ ਭਗਵਾਨ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ ਜ਼ਮੀਨ ਦਾ ਪੱਟਾ ਜਾਰੀ ਕਰਨ ਦੇ ਬਦਲੇ 35,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 9 ਸਤੰਬਰ ਨੂੰ ਹੀ ਰਾਏਪੁਰ (ਛੱਤੀਸਗੜ੍ਹ) ਵਿਖੇ ਸੂਰਜਪੁਰ ’ਚ ਇਕ ਸਕੂਲ ਦੀ ਮਾਨਤਾ ਦੇ ਨਵੀਨੀਕਰਨ ਲਈ 15,000 ਰਿਸ਼ਵਤ ਲੈਣ ਦੇ ਦੋਸ਼ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ’ਚ ਤਾਇਨਾਤ ਸਹਾਇਕ ਗ੍ਰੇਡ 2 ਜੁਗੇਸ਼ਵਰ ਪ੍ਰਸਾਦ ਨੂੰ ਫੜਿਆ ਗਿਆ।
* ਇਸੇ ਦਿਨ ਕਰਜ਼ਾ ਪੁਸਤਿਕਾ ਬਣਾਉਣ ਦੇ ਬਦਲੇ ’ਚ ਦੁਰਗ ਜ਼ਿਲ੍ਹੇ ਦੇ ਜਾਮੁਲ ਵਿਖੇ ਤਾਇਨਾਤ ਪਟਵਾਰੀ ਨੀਲ ਕਮਲ ਸੋਨੀ ਨੂੰ 6 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ।
* 9 ਸਤੰਬਰ ਨੂੰ ਹੀ ਡੂੰਗਰਪੁਰ (ਰਾਜਸਥਾਨ) ’ਚ ਪੁਲਸ ਨੇ ਅਸ਼ਟਾਮ ਦੀ ਗੜਬੜ ਅਤੇ ਜ਼ਮੀਨ ਦੇ ਵੱਖ-ਵੱਖ ਕੇਸਾਂ ’ਚ 1.40 ਲੱਖ ਰੁਪਏ ਰਿਸ਼ਵਤ ਮੰਗਣ ਵਾਲੇ ਆਸਪੁਰ ਥਾਣੇ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਕਾਂਸਟੇਬਲ ਵਿਜੇਪਾਲ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਕਾਂਸਟੇਬਲ ਦੇ ਟੇਬਲ ’ਤੇ ਰੱਖੀਆਂ ਫਾਈਲਾਂ ’ਚੋਂ ਵੀ ਨੋਟ ਨਿਕਲਣ ਲੱਗੇ, ਜਿਨ੍ਹਾਂ ’ਚੋਂ ਪੁਲਸ ਨੇ 22,000 ਰੁਪਏ ਬਰਾਮਦ ਕੀਤੇ।
* 9 ਸਤੰਬਰ ਨੂੰ ਹੀ ਮਾਂਡੂ (ਝਾਰਖੰਡ) ਦੇ ਇਕ ਵਿਅਕਤੀ ਦੀ ਜ਼ਮੀਨ ਦਾ ਸਰਵੇਖਣ ਕਰਨ ਗਏ ‘ਬੰਦੋਬਸਤ ਕਾਰਯਾਲਿਆ’ ਦੇ ਦੋ ਮੁਲਾਜ਼ਮਾਂ ਵਲੋਂ ਸ਼ਿਕਾਇਕਰਤਾ ਦੀ 28.43 ਏਕੜ ਜ਼ਮੀਨ ਧੋਖੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਂ ਕਰਨ ਦਾ ਪਤਾ ਲੱਗਾ।
* 11 ਸਤੰਬਰ ਨੂੰ ਵਿਜੀਲੈਂਸ ਬਿਊਰੋ ਨੇ ਪਟਿਆਲਾ (ਪੰਜਾਬ) ਦੇ ਪਿੰਡ ‘ਹਰਿਆਊ ਖੁਰਦ’ ਦੇ ‘ਏ. ਪੀ. ਆਈ.-ਕਮ-ਪੰਚਾਇਤ ਸਕੱਤਰ’ ਜਰਨੈਲ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 6,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਉਪਰੋਕਤ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨੌਕਰਸ਼ਾਹੀ ਕਿੰਨੀ ਭ੍ਰਿਸ਼ਟ ਹੋ ਚੁੱਕੀ ਹੈ। ਇਸ ਲਈ ਦੇਸ਼ ’ਚ ਸਭ ਪੱਧਰਾਂ ’ਤੇ ਭ੍ਰਿਸ਼ਟਾਚਾਰ ਵਿਰੁੱਧ ਹੋਰ ਸਖਤ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ