ਹਿੰਦੂਆਂ ਤੇ ਮੁਸਲਮਾਨਾਂ ਨੂੰ ਜੋੜਨ ਵਾਲਾ ਸ਼੍ਰੀ ਮੋਹਨ ਭਾਗਵਤ ਦਾ ਬਿਆਨ

07/06/2021 3:20:45 AM

ਭਾਰਤ ’ਤੇ ਯੂਨਾਨੀਆਂ, ਮੁਗਲਾਂ ਅਤੇ ਅੰਗਰੇਜ਼ਾਂ ਸਮੇਤ ਕਈ ਹਮਲਾਵਰਾਂ ਨੇ ਹਮਲੇ ਕੀਤੇ। ਇਨ੍ਹਾਂ ’ਚੋਂ ਕੁਝ ਇਥੋਂ ਦੀ ਜਾਇਦਾਦ ਲੁੱਟ ਕੇ ਲੈ ਗਏ ਪਰ ਉਨ੍ਹਾਂ ’ਚੋਂ ਅਜਿਹੇ ਵੀ ਹੋਏ, ਜਿਨ੍ਹਾਂ ਨੇ ਭਾਰਤ ’ਚ ਹੀ ਟਿਕ ਕੇ ਸਦੀਆਂ ਤਕ ਇਥੇ ਰਾਜ ਕੀਤਾ।

ਭਾਰਤ ਦੇ ਕਈ ਹਿੰਦੂ ਹੁਕਮਰਾਨਾਂ ਨੇ ਆਪਣਾ ਸ਼ਾਸਨ ਬਚਾਉਣ ਲਈ ਆਪਣੀਆਂ ਬੇਟੀਆਂ ਦੇ ਵਿਆਹ ਮੁਗਲ ਰਾਜਿਆਂ ਨਾਲ ਕਰ ਦਿੱਤੇ, ਜਿਨ੍ਹਾਂ ’ਚੋਂ ਬਾਦਸ਼ਾਹ ਅਕਬਰ ਦੀ ਹਿੰਦੂ ਰਾਣੀ ਜੋਧਾ ਬਾਈ ਤੋਂ ਸ਼ਹਿਜ਼ਾਦਾ ਸਲੀਮ ਪੈਦਾ ਹੋਇਆ। ਇਸ ਲਈ ਅਕਬਰ ਨੇ ਕੁਝ ਧਰਮਾਂ ’ਤੇ ਆਧਾਰਿਤ ਇਕ ਨਵਾਂ ਧਰਮ ‘ਦੀਨ-ਏ-ਇਲਾਹੀ’ ਵੀ ਸ਼ੁਰੂ ਕੀਤਾ।

ਭਾਰਤ ’ਚ ਮੁਗਲ ਸਾਮਰਾਜ ਦੇ ਆਖਰੀ ਸ਼ਹਿਨਸ਼ਾਹ ਬਹਾਦੁਰ ਸ਼ਾਹ ਜ਼ਫਰ ਨੇ 1857 ਦੇ ਪਹਿਲੇ ਭਾਰਤੀ ਆਜ਼ਾਦੀ ਸੰਗਰਾਮ ’ਚ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਦੇ ਹੇਠ ਲਿਖੇ ਸ਼ੇਅਰ ਤੋਂ ਉਨ੍ਹਾਂ ਦੇ ਭਾਰਤ ਪ੍ਰੇਮ ਦਾ ਪਤਾ ਲੱਗਦਾ ਹੈ :

ਗਾਜ਼ੀਓਂ ਮੇਂ ਬੂ ਰਹੇਗੀ ਜਬ ਤਲਕ ਈਮਾਨ ਕੀ,

ਤਖਤ-ਏ-ਲੰਦਨ ਤਕ ਚਲੇਗੀ ਤੇਗ ਹਿੰਦੁਸਤਾਨ ਕੀ।

ਭਾਰਤ ਹਮੇਸ਼ਾ ਤੋਂ ਹੀ ‘ਸਰਬ ਧਰਮ ਸਦਭਾਵਨਾ’ ਦਾ ਝੰਡਾਬਰਦਾਰ ਰਿਹਾ ਹੈ, ਜਿਸ ਦਾ ਸਬੂਤ ਇਥੇ ਵਧਣ-ਫੁੱਲਣ ਵਾਲੇ ਇਸਲਾਮ ਸਮੇਤ ਕਈ ਧਰਮ ਹਨ ਪਰ ਮੁਸਲਿਮ ਭਾਈਚਾਰੇ ਨੂੰ ਲੈ ਕੇ ਭਾਰਤ ’ਚ ਸਮੇਂ-ਸਮੇਂ ’ਤੇ ਵਿਵਾਦ ਉੱਠਦੇ ਰਹੇ ਹਨ।

ਭਾਰਤੀ ਜਨਤਾ ਪਾਰਟੀ ’ਤੇ ਹਿੰਦੂਵਾਦੀ ਪਾਰਟੀ ਹੋਣ ਦਾ ਦੋਸ਼ ਲੱਗਦਾ ਆਇਆ ਹੈ ਪਰ ਇਸ ਦੇ ਗਾਰਡੀਅਨ ਸੰਗਠਨ ‘ਰਾਸ਼ਟਰੀ ਸਵੈਮ ਸੇਵਕ ਸੰਘ’ ਨੇ ‘ਮੁਸਲਿਮ ਰਾਸ਼ਟਰੀ ਮੰਚ’ ਰਾਹੀਂ ਇਸ ਦੂਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਦਸੰਬਰ 2002 ’ਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨੂੰ ਇਕੱਠਿਆਂ ਮਿਲਾਉਣ ਦੀ ਕੋਸ਼ਿਸ਼ ਅਧੀਨ ਸਥਾਪਤ ਅਤੇ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰੇਰਿਤ ‘ਮੁਸਲਿਮ ਰਾਸ਼ਟਰੀ ਮੰਚ’ ਧਰਮ ਨਿਰਪੱਖ ਭਾਰਤ ਦੀ ਹਮਾਇਤ ਕਰਦਾ ਹੈ। ਇਹ ਗਊ ਵੰਸ਼ ਪਾਲਣ ਵਾਲੇ ਮੁਸਲਮਾਨਾਂ ਨੂੰ ਸਨਮਾਨਿਤ ਵੀ ਕਰਦਾ ਹੈ। ਇਸ ਦੀ ਮਾਨਤਾ ਹੈ ‘ਦੇਸ਼ ਪਹਿਲਾਂ ਮਜ਼੍ਹਬ ਬਾਅਦ ਵਿਚ’।

ਇਸੇ ਭਾਵਨਾ ਦਾ ਸੰਦੇਸ਼ ਦਿੰਦੇ ਹੋਏ ‘ਰਾਸ਼ਟਰੀ ਸਵੈਮ ਸੇਵਕ ਸੰਘ’ ਦੇ ‘ਸਰਸੰਘ ਚਾਲਕ’ ਸ਼੍ਰੀ ਮੋਹਨ ਭਾਗਵਤ ਨੇ ਕਿਹਾ ਹੈ ਕਿ ‘‘ਹਿੰਦੂ-ਮੁਸਲਿਮ ਏਕਤਾ ਦੇ ਸ਼ਬਦ ਹੀ ਭੁਲੇਖਾ-ਪਾਊ ਹਨ ਕਿਉਂਕਿ ਹਿੰਦੂ-ਮੁਸਲਿਮ ਦੋ ਵੱਖ-ਵੱਖ ਸਮੂਹ ਨਹੀਂ, ਇਕ ਹੀ ਹਨ। ਉਹ ਪਹਿਲਾਂ ਤੋਂ ਹੀ ਇਕੱਠੇ ਹਨ ਅਤੇ ਸਭ ਭਾਰਤੀਆਂ ਦਾ ਡੀ. ਐੱਨ. ਏ. ਇਕ ਹੈ।’’

4 ਜੁਲਾਈ ਨੂੰ ਗੁੜਗਾਓਂ ਵਿਖੇ ‘ਮੁਸਲਿਮ ਰਾਸ਼ਟਰੀ ਮੰਚ’ ਵਲੋਂ ‘ਹਿੰਦੁਸਤਾਨੀ ਪ੍ਰਥਮ, ਹਿੰਦੁਸਤਾਨ ਪ੍ਰਥਮ’ ਦੇ ਬੈਨਰ ਹੇਠ ਡਾ. ਖਵਾਜਾ ਇਫਤਿਖਾਰ ਅਹਿਮਦ ਦੀ ਪੁਸਤਕ ‘ਵਿਚਾਰਿਕ ਸਮਨਵਯ-ਏਕ ਪਹਿਲ’ ਨੂੰ ਰਿਲੀਜ਼ ਕਰਦਿਆਂ ਸ਼੍ਰੀ ਭਾਗਵਤ ਨੇ ਕਿਹਾ :

‘‘ਮੁਸਲਮਾਨਾਂ ਨੂੰ ਡਰ ਦੇ ਇਸ ਜਾਲ ’ਚ ਨਹੀਂ ਫਸਣਾ ਚਾਹੀਦਾ ਕਿ ਭਾਰਤ ’ਚ ਇਸਲਾਮ ਖਤਰੇ ’ਚ ਹੈ। ਉਨ੍ਹਾਂ ਦੇ ਇਸ ਡਰ ਨੂੰ ਦੂਰ ਕਰਨ ਅਤੇ ਇਹ ਭਾਵਨਾ ਖਤਮ ਕਰਨ ਦੀ ਲੋੜ ਹੈ ਕਿ ਸੰਘ ਘੱਟਗਿਣਤੀਆਂ ਦੇ ਵਿਰੁੱਧ ਹੈ। ਭਾਰਤ ’ਚ ਹਿੰਦੂ-ਮੁਸਲਿਮ ਏਕਤਾ ਨੂੰ ‘ਬਹਿਕਾਇਆ’ ਜਾ ਰਿਹਾ ਹੈ।’’

‘‘ਲੋਕਰਾਜ ’ਚ ਹਿੰਦੂਆਂ ਜਾਂ ਮੁਸਲਮਾਨਾਂ ਦਾ ਨਹੀਂ, ਸਿਰਫ ਭਾਰਤੀਆਂ ਦਾ ਪ੍ਰਭੂਤਵ ਹੋ ਸਕਦਾ ਹੈ। ਦੇਸ਼ ’ਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ। ਏਕਤਾ ਦਾ ਆਧਾਰ ਰਾਸ਼ਟਰਵਾਦ ਅਤੇ ਪੂਰਵਜਾਂ ਦੀ ਮਹਿਮਾ ਹੋਣੀ ਚਾਹੀਦੀ ਹੈ।’’

‘‘ਹਿੰਦੂ-ਮੁਸਲਿਮ ਸੰਘਰਸ਼ ਦਾ ਇਕੋ-ਇਕ ਹੱਲ ਗੱਲਬਾਤ ਹੈ, ਨਾ ਕਿ ਗੈਰ-ਗੱਲਬਾਤ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਭਾਸ਼ਾ, ਸੂਬਾ ਅਤੇ ਹੋਰ ਮਤਭੇਦਾਂ ਨੂੰ ਛੱਡੀਏ ਅਤੇ ਇਕ ਹੋ ਕੇ ਭਾਰਤ ਨੂੰ ਵਿਸ਼ਵ ਗੁਰੂ ਬਣਾਈਏ। ਭਾਰਤ ਵਿਸ਼ਵ ਗੁਰੂ ਬਣੇਗਾ ਤਦ ਹੀ ਦੁਨੀਆ ਸੁਰੱਖਿਅਤ ਰਹੇਗੀ।’’

‘‘ਜੇ ਕੋਈ ਹਿੰਦੂ ਕਹਿੰਦਾ ਹੈ ਕਿ ਭਾਰਤ ’ਚ ਕੋਈ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਵਿਅਕਤੀ ਹਿੰਦੂ ਨਹੀਂ ਹੈ। ਗਊ ਇਕ ਪਵਿੱਤਰ ਪਸ਼ੂ ਹੈ ਪਰ ਗਊ ਰੱਖਿਆ ਦੇ ਨਾਂ ’ਤੇ ਜਿਹੜੇ ਵਿਅਕਤੀ ਹਿੰਸਾ ਕਰ ਰਹੇ ਹਨ, ਉਨ੍ਹਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਕਾਨੂੰਨ ਨੂੰ ਬਿਨਾਂ ਕਿਸੇ ਵਿਤਕਰੇ ਦੇ ਉਨ੍ਹਾਂ ਵਿਰੁੱਧ ਕੰਮ ਕਰਨਾ ਚਾਹੀਦਾ ਹੈ।’’

‘‘ਘੱਟਗਿਣਤੀਆਂ ਦੇ ਮਨ ’ਚ ਬਿਠਾਇਆ ਗਿਆ ਹੈ ਕਿ ਹਿੰਦੂ ਉਨ੍ਹਾਂ ਨੂੰ ਖਾ ਜਾਣਗੇ ਪਰ ਜਦੋਂ ਕਿਸੇ ਘੱਟਗਿਣਤੀ ’ਤੇ ਕੋਈ ਬਹੁਗਿਣਤੀ ਅੱਤਿਆਚਾਰ ਕਰਦਾ ਹੈ ਤਾਂ ਉਸ ਵਿਰੁੱਧ ਆਵਾਜ਼ ਵੀ ਬਹੁਗਿਣਤੀ ਹੀ ਉਠਾਉਂਦੇ ਹਨ।’’

‘‘ਅੱਗ ਲਾਉਣ ਵਾਲੇ ਭਾਸ਼ਣ ਦੇਣ ਨਾਲ ਪ੍ਰਸਿੱਧੀ ਤਾਂ ਮਿਲ ਸਕਦੀ ਹੈ ਪਰ ਇਸ ਨਾਲ ਕੰਮ ਨਹੀਂ ਚੱਲੇਗਾ। ਲਿੰਚਿੰਗ ’ਚ ਸ਼ਾਮਲ ਲੋਕ ਹਿੰਦੂਤਵ ਦੇ ਵਿਰੋਧੀ ਹਨ।’’

ਇਸ ਦੌਰਾਨ ਸ਼੍ਰੀ ਭਾਗਵਤ ਦੇ ਬਿਆਨ ’ਤੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ ਅਤੇ ਸਮਾਜਵਾਦੀ ਪਾਰਟੀ ਦੇ ਘਨਸ਼ਿਆਮ ਤਿਵਾੜੀ, ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ, ਕਾਂਗਰਸ ਦੇ ਦਿੱਗਵਿਜੇ ਸਿੰਘ ਆਦਿ ਨੇ ਸ਼੍ਰੀ ਭਾਗਵਤ ਦੇ ਬਿਆਨ ’ਤੇ ਇਤਰਾਜ਼ ਕੀਤਾ ਹੈ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਭਾਗਵਤ ਦਾ ਬਿਆਨ ਗਲੇ ਨਹੀਂ ਉਤਰ ਰਿਹਾ। ਇਹ ਬਿਆਨ ‘ਮੂੰਹ ’ਚ ਰਾਮ ਅਤੇ ਬਗਲ ’ਚ ਛੁਰੀ’ ਵਾਂਗ ਹੈ।

ਭਾਜਪਾ ਦੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਦਿੱਗਵਿਜੇ ਸਿੰਘ ਅਤੇ ਅਸਦੁਦੀਨ ਓਵੈਸੀ ਨੂੰ ‘ਗੁੰਮਰਾਹੀ ਗੈਂਗ’ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਜੋ ਇਸ ਮਿੱਟੀ ’ਚ ਪੈਦਾ ਹੋਇਆ ਹੈ, ਉਸ ਦਾ ਡੀ. ਐੱਨ. ਏ. ਵੱਖਰਾ ਕਿਥੋਂ ਹੋ ਜਾਵੇਗਾ।

ਸਮੇਂ-ਸਮੇਂ ’ਤੇ ਦੋਵਾਂ ਭਾਈਚਾਰਿਆਂ ’ਚ ਹੋਣ ਵਾਲੇ ਵਿਆਹ ਸੰਬੰਧਾਂ ਅਤੇ ਇਕ ਦੂਜੇ ਦੇ ਤਿਉਹਾਰਾਂ ’ਚ ਸ਼ਾਮਲ ਹੋਣ ਕਾਰਨ ਵੀ ਸ਼੍ਰੀ ਭਾਗਵਤ ਦੇ ਕਥਨ ਦੀ ਪੁਸ਼ਟੀ ਹੁੰਦੀ ਹੈ। ਕੌਣ ਨਹੀਂ ਜਾਣਦਾ ਕਿ ਇਸ ਦੇਸ਼ ’ਚ ਹੋਲੀ, ਦੀਵਾਲੀ, ਰਾਮਨੌਮੀ, ਈਦ, ਕ੍ਰਿਸਮਸ ਅਤੇ ਨਵਾਂ ਸਾਲ ਦੇ ਤਿਉਹਾਰ ਸਭ ਭਾਈਚਾਰੇ ਮਿਲ ਕੇ ਮਨਾਉਂਦੇ ਆ ਰਹੇ ਹਨ।

ਜਿਥੇ ਮੁਸਲਮਾਨ ਭਾਈਚਾਰੇ ਦੇ ਕਈ ਮੈਂਬਰਾਂ ਨੇ ਹਿੰਦੂ ਪਰਿਵਾਰਾਂ ’ਚ ਵਿਆਹ ਕੀਤੇ ਹਨ, ਉਥੇ ਹੀ ਕਈ ਹਿੰਦੂ ਪਰਿਵਾਰਾਂ ’ਚ ਮੁਸਲਿਮ ਭੈਣਾਂ ਨੂੰਹਾਂ ਦੇ ਰੂਪ ’ਚ ਸਤਿਕਾਰ ਪਾ ਰਹੀਆਂ ਹਨ। ਸ਼੍ਰੀ ਭਾਗਵਤ ਦੇ ਇਸ ਬਿਆਨ ਨਾਲ ਦੋਵਾਂ ਭਾਈਚਾਰਿਆਂ ਵਿਚਾਲੇ ਸੰਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ।

–ਵਿਜੇ ਕੁਮਾਰ


Bharat Thapa

Content Editor

Related News