ਹੰਗਾਮਾ ਕਰ ਕੇ ਸੁਰੱਖਿਅਤ ਹਵਾਈ ਯਾਤਰਾ ਨੂੰ ਖਤਰੇ ’ਚ ਪਾ ਰਹੇ ਕੁਝ ਮੁਸਾਫਰ

Monday, Jul 17, 2023 - 03:49 AM (IST)

ਹੰਗਾਮਾ ਕਰ ਕੇ ਸੁਰੱਖਿਅਤ ਹਵਾਈ ਯਾਤਰਾ ਨੂੰ ਖਤਰੇ ’ਚ ਪਾ ਰਹੇ ਕੁਝ ਮੁਸਾਫਰ

ਪਿਛਲੇ ਕੁਝ ਸਮੇਂ ਦੌਰਾਨ ਮੁਸਾਫਰਾਂ ਵੱਲੋਂ ਹਵਾਈ ਜਹਾਜ਼ਾਂ ਵਿਚ ਹੰਗਾਮਾ ਕਰਨ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਅਜਿਹੀਆਂ ਹੀ ਦੋ ਘਟਨਾਵਾਂ 8 ਜੁਲਾਈ ਨੂੰ ਸਾਹਮਣੇ ਆਈਆਂ। ਪਹਿਲੀ ਘਟਨਾ ’ਚ ‘ਏਅਰ ਇੰਡੀਆ’ ਦੀ ਟੋਰਾਂਟੋ-ਦਿੱਲੀ ਉਡਾਣ ’ਤੇ ਇਕ ਮੁਸਾਫਰ ਨੂੰ ਟਾਇਲਟ ’ਚ ਸਿਗਰਟ ਪੀਣ ਅਤੇ ਗਾਲੀ-ਗਲੋਚ ਕਰਨ, ਬਿਨਾਂ ਆਗਿਆ ਸੀਟ ਬਦਲਣ ਅਤੇ ਅਮਲੇ ਦੇ ਮੈਂਬਰਾਂ ਅਤੇ ਸਾਥੀ ਮੁਸਾਫਰਾਂ ਨਾਲ ਕੁੱਟਮਾਰ ਕਰਨ ਅਤੇ ਟਾਇਲਟ ਦੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਹਵਾਈ ਜਹਾਜ਼ ਦੇ ਦਿੱਲੀ ਉਤਰਨ ’ਤੇ ਪੁਲਸ ਦੇ ਹਵਾਲੇ ਕੀਤਾ ਗਿਆ।

ਇਸੇ ਦਿਨ ਹੈਦਰਾਬਾਦ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ’ਚ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਇਕ ਮੁਸਾਫਰ ਨੂੰ ਇਸ ਦੇ ਐਗਜ਼ਿਟ ਡੋਰ ਦਾ ਕਵਰ ਖੋਲ੍ਹਣ ਦਾ ਯਤਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਮੁਸਾਫਰ ਦੇ ਇਸ ਰਵੱਈਏ ਕਾਰਨ ਹੋਰਨਾਂ ਮੁਸਾਫਰਾਂ ਅਤੇ ਅਮਲੇ ਦੇ ਮੈਂਬਰਾਂ ’ਚ ਘਬਰਾਹਟ ਫੈਲ ਗਈ।

ਹਵਾਈ ਜਹਾਜ਼ਾਂ ਵਿਚ ਸਾਲ 2021 ਦੇ ਮੁਕਾਬਲੇ ਸਾਲ 2022 ’ਚ ਮੁਸਾਫਰਾਂ ਵੱਲੋਂ ਗਾਲੀ-ਗਲੋਚ ਅਤੇ ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰਨ, ਸਾਥੀ ਮੁਸਾਫਰਾਂ ਅਤੇ ਅਮਲੇ ਦੇ ਮੈਂਬਰਾਂ ਨਾਲ ਕੁੱਟਮਾਰ ਕਰਨ ਅਤੇ ਸੀਟ-ਬੈਲਟ ਬੰਨ੍ਹਣ ਵਰਗੇ ਅਮਲੇ ਦੇ ਮੈਂਬਰਾਂ ਦਾ ਹੁਕਮ ਨਾ ਮੰਨਣ ਦੀਆਂ ਘਟਨਾਵਾਂ ’ਚ 37 ਫੀਸਦੀ ਦਾ ਵਾਧਾ ਹੋਇਆ ਹੈ।

ਉਡਾਣ ਭਰਨ ਤੋਂ ਪਹਿਲਾਂ ਹੀ ਸ਼ਰਾਬ ਪੀ ਕੇ ਹਵਾਈ ਜਹਾਜ਼ ਵਿਚ ਸਵਾਰ ਹੋਣ, ਹਵਾਈ ਜਹਾਜ਼ ਅੰਦਰ ਹੀ ਸ਼ਰਾਬ ਪੀਣ, ਸਿਗਰਟਨੋਸ਼ੀ ਕਰਨ, ਨਿਰਧਾਰਤ ਹੱਦ ਤੋਂ ਵੱਧ ਭਾਰ ਦਾ ਸਾਮਾਨ ਲਿਜਾਣ ’ਤੇ ਇਤਰਾਜ਼ ਕਰਨ ਕਾਰਨ ਵੀ ਮੁਸਾਫਰ ਹੰਗਾਮਾ ਕਰ ਰਹੇ ਹਨ।

ਅਜਿਹੀ ਹਾਲਤ ਵਿਚ ਹੁਣ ਸਵਾਲ ਉੱਠਣ ਲੱਗਾ ਹੈ ਕਿ ਕੀ ਹਵਾਈ ਸੇਵਾਵਾਂ ਨੂੰ ਖੁਦ ਨਿੱਜੀ ਤੌਰ ’ਤੇ ਜਾਂ ਸਭ ਹਵਾਈ ਸੇਵਾਵਾਂ ਵੱਲੋਂ ਇਸ ਲਈ ਇਕ ਸਾਂਝਾ ਕਾਨੂੰਨ ਬਣਾਉਣ ਦੀ ਲੋੜ ਹੈ ਕਿ ਕਿਸ ਮੁਸਾਫਰ ਨੂੰ ਹਵਾਈ ਜਹਾਜ਼ ’ਚ ਸਵਾਰ ਹੋਣ ਦੇਣਾ ਹੈ ਜਾਂ ਨਹੀਂ ਅਤੇ ਕੀ ਹਵਾਈ ਮੁਸਾਫਰਾਂ ਲਈ ਮੌਜੂਦਾ ਨਿਯਮਾਂ ’ਚ ਤਬਦੀਲੀ ਕਰਨ ਦੀ ਲੋੜ ਹੈ।

ਇਸ ’ਤੇ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਜਿਸ ਤਰ੍ਹਾਂ ਹਵਾਈ ਜਹਾਜ਼ਾਂ ’ਚ ਸਿਗਰਟ ਪੀਣ ’ਤੇ ਪਾਬੰਦੀ ਹੈ, ਕੀ ਉਸੇ ਤਰ੍ਹਾਂ ਸ਼ਰਾਬ ਪੀ ਕੇ ਹਵਾਈ ਜਹਾਜ਼ ’ਚ ਸਵਾਰ ਹੋਣ ਅਤੇ ਹਵਾਈ ਜਹਾਜ਼ਾਂ ਵਿਚ ਸ਼ਰਾਬ ਪਰੋਸਣ ’ਤੇ ਪਾਬੰਦੀ ਨਹੀਂ ਲਾ ਦੇਣੀ ਚਾਹੀਦੀ ਕਿਉਂਕਿ ਇਸ ਨਾਲ ਮੁਸਾਫਰਾਂ ਦੀ ਸੁਰੱਖਿਆ ਲਈ ਵੀ ਖਤਰਾ ਪੈਦਾ ਹੋ ਰਿਹਾ ਹੈ।


author

Mukesh

Content Editor

Related News