ਮਿਆਂਮਾਰ ਦੀ ਸਰਹੱਦ ’ਤੇ ‘ਤਾਰ ਵਾੜ’ ਲਾਉਣ ਨਾਲ ਹੋ ਸਕਦਾ ਹੈ ‘ਮਣੀਪੁਰ ਹਿੰਸਾ ਦਾ ਹੱਲ’
Tuesday, Sep 26, 2023 - 02:51 AM (IST)
ਅਸ਼ਾਂਤ ਗੁਆਂਢੀ ਦੇਸ਼ ਮਿਆਂਮਾਰ ਤੋਂ ਉੱਤਰੀ-ਪੁਰਬੀ ਭਾਰਤ ਦੇ ਮਣੀਪੁਰ ਅਤੇ ਹੋਰਨਾਂ ਸੂਬਿਆਂ ’ਚ ਘੁਸਪੈਠ ਅਤੇ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ’ਚ ਵਾਧੇ ਨੂੰ ਦੇਖਦੇ ਹੋਏ ਤੁਰੰਤ ਖੁੱਲ੍ਹੀਆਂ ਸਰਹੱਦਾਂ ਦੀ ਸੁਰੱਖਿਆ ਇਕ ਜ਼ਰੂਰੀ ਲੋੜ ਬਣ ਗਈ ਹੈ।
ਮਣੀਪੁਰ ਦੀ ਮਿਆਂਮਾਰ ਨਾਲ 398 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਹੈ, ਜਿਸ ਵਿਚੋਂ ਸਿਰਫ 6 ਕਿਲੋਮੀਟਰ ਦੇ ਲਗਭਗ ਸਰਹੱਦ ’ਤੇ ਹੀ ਵਾੜ ਲਾਈ ਗਈ ਹੈ ਅਤੇ ਵਾੜ ਰਹਿਤ ਖੇਤਰਾਂ ਤੋਂ ਗੈਰ-ਕਾਨੂੰਨੀ ਘੁਸਪੈਠ ਹੁੰਦੀ ਰਹਿੰਦੀ ਹੈ। ਹੁਣੇ ਜਿਹੇ ਹੀ ਉੱਥੇ 718 ਵਿਅਕਤੀਆਂ ਵੱਲੋਂ ਗੈਰ-ਕਾਨੂੰਨੀ ਘੁਸਪੈਠ ਕੀਤੀ ਗਈ।
ਦੋਸ਼ ਹੈ ਕਿ ਮਣੀਪੁਰ ’ਚ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਪਿੱਛੇ ਮਿਆਂਮਾਰ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੱਥ ਹੈ। ਮਿਆਂਮਾਰ ਤੋਂ ਮਣੀਪੁਰ ’ਚ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਵੀ ਦੋਸ਼ ਹਨ।
ਮਣੀਪੁਰ ਦੇ ਮੇਈਤੀ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਇਸ ਸਾਲ 3 ਮਈ ਤੋਂ ਜਾਰੀ ਹਿੰਸਾ ਮਿਆਂਮਾਰ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵੱਲੋਂ ਸੂਬੇ ਦੇ ਕੁਝ ਖੇਤਰਾਂ ’ਚ ਜੰਗਲਾਂ ਨੂੰ ਵੱਢਣ, ਅਫੀਮ ਅਤੇ ਪੋਸਤ ਦੀ ਗੈਰ-ਕਾਨੂੰਨੀ ਖੇਤੀ ਅਤੇ ਸੂਬੇ ਦੇ ਕੁਝ ਖੇਤਰਾਂ ’ਚ ਮੁੱਖ ਰੂਪ ਨਾਲ ਮਿਆਂਮਾਰ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀਆਂ ਕਾਰਨ ਆਬਾਦੀ ਦੇ ਸੰਤੁਲਨ ’ਚ ਹੋਈ ਤਬਦੀਲੀ ਦਾ ਸਿੱਟਾ ਹੈ।
ਇਸੇ ਨੂੰ ਦੇਖਦੇ ਹੋਏ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਭਾਰਤ-ਮਿਆਂਮਾਰ ਸਰਹੱਦ ’ਤੇ ਮੁਕਤ ਆਵਾਜਾਈ ਵਿਵਸਥਾ ਨੂੰ ਰੱਦ ਕਰਨ ਅਤੇ ‘ਤਾਰ-ਵਾੜ’ ਲਾਉਣ ਦਾ ਕੰਮ ਪੂਰਾ ਕਰਨ ਦੀ ਬੇਨਤੀ ਕੀਤੀ ਸੀ।
ਅਤੇ ਹੁਣ 24 ਸਤੰਬਰ ਨੂੰ ਉਨ੍ਹਾਂ ਭਾਰਤ-ਮਿਆਂਮਾਰ ਸਰਹੱਦ ਦੇ 70 ਕਿਲੋਮੀਟਰ ਦੇ ਵਾਧੂ ਹਿੱਸੇ ’ਤੇ ‘ਤਾਰ-ਵਾੜ’ ਲਾਉਣ ਦੀ ਯੋਜਨਾ ’ਤੇ ਚਰਚਾ ਕਰਨ ਲਈ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਮਿਆਂਮਾਰ ਤੋਂ ਭਾਰਤ ਵਿਚ ਘੁਸਪੈਠ ਅਤੇ ਸਮੱਗਲਿੰਗ ਰੋਕਣ ਲਈ ਇਹ ‘ਤਾਰ-ਵਾੜ’ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ, ਇਸ ਲਈ ਇਹ ਕੰਮ ਜਿੰਨੀ ਜਲਦੀ ਪੂਰਾ ਕੀਤਾ ਜਾਏ, ਇਸ ਖੇਤਰ ’ਚ ਸ਼ਾਂਤੀ ਅਤੇ ਸੁਰੱਖਿਆ ਲਈ ਓਨਾ ਹੀ ਚੰਗਾ ਹੋਵੇਗਾ।
-ਵਿਜੇ ਕੁਮਾਰ