ਰਾਮ ਮੰਦਿਰ ਬਣਾਉਣ ਦੇ ਪੱਖ ''ਚ ਮੁਸਲਮਾਨਾਂ ਵਲੋਂ ਤਬਦੀਲੀ ਦਾ ਸੁਖਾਵਾਂ ਸੰਕੇਤ

11/02/2017 6:29:53 AM

ਹਿੰਦੂਆਂ ਦੀ ਮਾਨਤਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਜਨਮ ਅਯੁੱਧਿਆ 'ਚ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਸਥਾਨ 'ਤੇ ਇਕ ਵਿਸ਼ਾਲ ਮੰਦਿਰ ਸੀ, ਜਿਸ ਨੂੰ ਮੁਗਲ ਹਮਲਾਵਰ ਬਾਬਰ ਨੇ ਤੋੜ ਕੇ ਉਥੇ ਇਕ ਮਸਜਿਦ ਬਣਾ ਦਿੱਤੀ।
ਆਰ. ਐੱਸ. ਐੱਸ. ਤੇ ਭਾਜਪਾ ਦੀ ਅਗਵਾਈ ਹੇਠ ਇਸ ਜਗ੍ਹਾ ਨੂੰ ਮੁਕਤ ਕਰਵਾਉਣ ਅਤੇ ਉਥੇ ਇਕ ਨਵਾਂ ਮੰਦਿਰ ਬਣਾਉਣ ਲਈ ਇਕ ਲੰਬਾ ਅੰਦੋਲਨ ਚੱਲਿਆ। ਇਹ ਵਿਵਾਦਪੂਰਨ ਢਾਂਚਾ 6 ਦਸੰਬਰ 1992 ਨੂੰ ਡੇਗ ਦਿੱਤਾ ਗਿਆ ਅਤੇ ਉਥੇ ਸ਼੍ਰੀ ਰਾਮ ਦਾ ਇਕ ਅਸਥਾਈ ਮੰਦਿਰ ਬਣਾ ਦਿੱਤਾ ਗਿਆ। 
2010 'ਚ ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਬਹੁਮਤ ਨਾਲ ਫੈਸਲਾ ਸੁਣਾਉਂਦਿਆਂ ਵਿਵਾਦ ਵਾਲੀ ਜਗ੍ਹਾ ਨੂੰ ਰਾਮ ਜਨਮ ਭੂਮੀ ਐਲਾਨ ਦਿੱਤਾ ਤੇ ਦੋ ਜੱਜਾਂ ਨੇ ਇਹ ਫੈਸਲਾ ਵੀ ਦਿੱਤਾ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ 'ਤੇ ਮੁਸਲਮਾਨ ਪ੍ਰਾਰਥਨਾ ਕਰਦੇ ਰਹੇ ਹਨ, ਇਸ ਲਈ ਵਿਵਾਦ ਵਾਲੀ ਜ਼ਮੀਨ ਦਾ ਇਕ-ਤਿਹਾਈ ਹਿੱਸਾ ਮੁਸਲਿਮ ਧੜਿਆਂ ਨੂੰ ਦੇ ਦਿੱਤਾ ਜਾਵੇ ਪਰ ਹਿੰਦੂ ਤੇ ਮੁਸਲਿਮ ਦੋਹਾਂ ਹੀ ਧਿਰਾਂ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ। 
ਹੁਣ ਜਦੋਂ ਸੁਪਰੀਮ ਕੋਰਟ 5 ਦਸੰਬਰ 2017 ਤੋਂ ਇਸ ਮਾਮਲੇ ਦੀ ਆਖਰੀ ਸੁਣਵਾਈ ਸ਼ੁਰੂ ਕਰਨ ਜਾ ਰਹੀ ਹੈ, 'ਦਿ ਆਰਟ ਆਫ ਲਿਵਿੰਗ  ਫਾਊਂਡੇਸ਼ਨ' ਦੇ ਬਾਨੀ ਅਤੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਹ ਬਹੁ-ਚਰਚਿਤ ਰਾਮ ਮੰਦਿਰ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਵਿਚੋਲਗੀ ਦੀ ਆਪਣੇ ਵਲੋਂ ਕੋਸ਼ਿਸ਼ ਕਰਨਾ ਚਾਹੁੰਦਾ ਹੈ। 
ਫਾਊਂਡੇਸ਼ਨ ਅਨੁਸਾਰ ਇਸ ਸਬੰਧ 'ਚ ਕੋਈ ਸਿੱਟਾ ਕੱਢਣਾ ਬਹੁਤ ਜਲਦਬਾਜ਼ੀ ਹੋਵੇਗੀ ਅਤੇ ਸਰਕਾਰ ਵਲੋਂ ਅਜਿਹੀ ਕਿਸੇ ਚਰਚਾ ਦੀ ਪਹਿਲ ਨਹੀਂ ਕੀਤੀ ਗਈ ਹੈ ਪਰ ਉਹ ਨਿਰਮੋਹੀ ਅਖਾੜੇ ਦੇ ਬਾਬਾ ਰਾਮਦਾਸ ਤੋਂ ਇਲਾਵਾ ਦੋਹਾਂ ਧਿਰਾਂ ਦੇ ਇਮਾਮਾਂ ਅਤੇ ਸਵਾਮੀਆਂ-ਸੰਤਾਂ ਦੇ ਸੰਪਰਕ 'ਚ ਹੈ। 
ਇਸ ਦਰਮਿਆਨ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ ਨੇ 31 ਅਕਤੂਬਰ ਨੂੰ ਸ਼੍ਰੀ ਸ਼੍ਰੀ ਨਾਲ ਮੁਲਾਕਾਤ ਕਰ ਕੇ ਅਯੁੱਧਿਆ ਦੀ ਵਿਵਾਦ ਵਾਲੀ ਜਗ੍ਹਾ 'ਤੇ ਰਾਮ ਮੰਦਿਰ ਬਣਾਉਣ ਦਾ ਸਮਰਥਨ ਕੀਤਾ ਤੇ ਬੋਰਡ ਦਾ ਰੁਖ਼ ਸਪੱਸ਼ਟ ਕੀਤਾ ਕਿ ਅਯੁੱਧਿਆ 'ਚ ਵਿਵਾਦ ਵਾਲੀ ਜਗ੍ਹਾ 'ਤੇ ਰਾਮ ਮੰਦਿਰ ਬਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ''ਮੈਂ ਮੰਦਿਰ ਬਣਾਉਣ ਲਈ ਅਦਾਲਤੀ ਲੜਾਈ ਲੜ ਰਹੇ ਸਾਰੇ ਸੰਤਾਂ-ਮਹੰਤਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਸਾਰੇ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕੱਢਣ ਲਈ ਤਿਆਰ ਹਨ। ਸ਼ੀਆ ਵਕਫ ਬੋਰਡ ਦੋਹਾਂ ਧਿਰਾਂ ਵਿਚਾਲੇ ਆਪਸੀ ਸਮਝੌਤੇ ਦਾ ਨਕਸ਼ਾ ਤਿਆਰ ਕਰ ਰਿਹਾ ਹੈ ਅਤੇ ਇਹ ਰਾਮ ਜਨਮ ਭੂਮੀ 'ਤੇ ਕਿਸੇ ਵੀ ਮਸਜਿਦ ਦਾ ਨਿਰਮਾਣ ਨਹੀਂ ਚਾਹੁੰਦਾ। ਮਸਜਿਦ ਕਿਸੇ ਮੁਸਲਿਮ ਬਹੁਲਤਾ ਵਾਲੇ ਖੇਤਰ 'ਚ ਬਣਾਈ ਜਾਣੀ ਚਾਹੀਦੀ ਹੈ।''
ਇਸੇ ਦਰਮਿਆਨ ਅਯੁੱਧਿਆ ਦੇ ਪ੍ਰਸਿੱਧ ਦੇਵੋਥਾਨੀ ਪੰਚਕੋਸੀ ਪਰਿਕਰਮਾ 'ਚ ਵੀ 31 ਅਕਤੂਬਰ ਨੂੰ ਫਿਰਕੂ ਸਦਭਾਵਨਾ ਦੀ ਮਿਸਾਲ ਦੇਖਣ ਨੂੰ ਮਿਲੀ, ਜਦੋਂ 'ਮੁਸਲਿਮ ਮਿੱਤਰ ਮੰਚ' ਦੇ ਬੈਨਰ ਹੇਠ ਸੈਂਕੜੇ ਮੁਸਲਮਾਨਾਂ ਨੇ ਪੰਚਕੋਸੀ ਪਰਿਕਰਮਾ ਕਰ ਕੇ ਰਾਮ ਮੰਦਿਰ ਬਣਾਉਣ ਦਾ ਹੁੰਗਾਰਾ ਭਰਿਆ।
ਪਰਿਕਰਮਾ 'ਚ ਪਹਿਲੀ ਵਾਰ ਭਗਵਾ ਤੇ ਤਿਰੰਗੇ ਝੰਡੇ ਦੇ ਨਾਲ-ਨਾਲ ਇਸਲਾਮ ਦੇ ਪ੍ਰਤੀਕ ਹਰੇ ਝੰਡੇ ਨੂੰ ਵੀ ਦੇਖਿਆ ਗਿਆ। ਪਰਿਕਰਮਾ ਦੌਰਾਨ ਮੁਸਲਮਾਨਾਂ ਨੇ 'ਜੈ ਸ਼੍ਰੀ ਰਾਮ' ਦੇ ਜੈਕਾਰੇ ਲਾਉਂਦਿਆਂ ਕਿਹਾ, ''ਭਗਵਾਨ ਰਾਮ ਅਯੁੱਧਿਆ 'ਚ ਪੈਦਾ ਹੋਏ ਤਾਂ ਕੀ ਮੰਦਿਰ ਅਯੁੱਧਿਆ 'ਚ ਨਾ ਬਣ ਕੇ ਪਾਕਿਸਤਾਨ 'ਚ ਬਣੇਗਾ?''
'ਮੁਸਲਿਮ ਮਿੱਤਰ ਮੰਚ' ਦੇ ਸੂਬਾ ਪ੍ਰਧਾਨ ਬਬਲੂ ਖਾਨ ਨੇ ਕਿਹਾ ਕਿ ''ਅਯੁੱਧਿਆ ਅਤੇ ਫੈਜ਼ਾਬਾਦ ਦੇ ਮੁਸਲਮਾਨ ਚਾਹੁੰਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਮ ਮੰਦਿਰ ਬਣ ਜਾਣਾ ਚਾਹੀਦਾ ਹੈ। ਰਾਮ ਮੰਦਿਰ ਦੇ ਮੁੱਦੇ 'ਤੇ ਸਿਆਸੀ ਦੁਕਾਨ ਹੁਣ ਨਹੀਂ ਚੱਲਣ ਦਿਆਂਗੇ।''
ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸ਼੍ਰੀ ਸ਼੍ਰੀ ਰਵੀਸ਼ੰਕਰ ਵਲੋਂ ਵਿਚੋਲਗੀ, ਸ਼ੀਆ ਸੈਂਟਰਲ ਵਕਫ ਬੋਰਡ ਵਲੋਂ ਰਾਮ ਮੰਦਿਰ ਬਣਾਉਣ ਦੇ ਸਮਰਥਨ ਅਤੇ ਮੁਸਲਿਮ ਭਰਾਵਾਂ ਵਲੋਂ ਪੰਚਕੋਸੀ ਪਰਿਕਰਮਾ ਕਰ ਕੇ ਰਾਮ ਮੰਦਿਰ ਬਣਾਉਣ ਦਾ ਹੁੰਗਾਰਾ ਭਰਨ ਤੋਂ ਸਪੱਸ਼ਟ ਹੈ ਕਿ ਮੁਸਲਿਮ ਭਰਾ ਸੱਚਮੁਚ ਇਸ ਸਮੱਸਿਆ ਦਾ ਹੱਲ ਚਾਹੁੰਦੇ ਹਨ।
ਦੇਸ਼ 'ਚ ਕੁਝ ਲੋਕ ਪਾਕਿਸਤਾਨ ਦੀ ਸ਼ਹਿ 'ਤੇ ਅਤੇ ਕੁਝ ਗਰਮ ਵਿਚਾਰਧਾਰਾ ਵਾਲੇ ਲੋਕ ਮਾਹੌਲ ਵਿਗਾੜਨ 'ਚ ਆਪਣਾ ਹਿੱਸਾ ਪਾ ਰਹੇ ਹਨ ਤਾਂ ਕਿ ਮਾਹੌਲ ਗਰਮਾਉਂਦਾ ਰਹੇ, ਜਦਕਿ ਭਾਰਤ ਇਕੋ-ਇਕ ਅਜਿਹਾ ਦੇਸ਼ ਹੈ, ਜਿਥੇ ਸਦੀਆਂ ਤੋਂ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਆ ਰਹੇ ਹਨ ਤੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ 'ਚ ਵੀ ਸਾਰੇ ਲੋਕਾਂ ਨੇ ਮਿਲ ਕੇ ਸੰਘਰਸ਼ ਕੀਤਾ ਸੀ।
ਰਾਮ ਮੰਦਿਰ ਦੇ ਸਬੰਧ 'ਚ ਮੁਸਲਿਮ ਭਰਾਵਾਂ ਦੀ ਸੋਚ 'ਚ ਆਈ ਤਬਦੀਲੀ ਚੰਗੇ ਰੁਝਾਨ ਦਾ ਸੰਕੇਤ ਹੈ, ਜਿਸ ਨਾਲ ਮਾਹੌਲ 'ਚ ਪੈਦਾ ਹੋਈ ਕੁੜੱਤਣ ਦੂਰ ਹੋਵੇਗੀ ਤੇ ਰਾਮ ਮੰਦਿਰ ਦੀ ਉਸਾਰੀ ਦਾ ਰਾਹ ਪੱਧਰਾ ਹੋਵੇਗਾ।                             —ਵਿਜੇ ਕੁਮਾਰ


Related News