ਰੱਖੜੀ ’ਤੇ ਭਰਾਵਾਂ ਨੂੰ ਨਵੀਂ ਜ਼ਿੰਦਗੀ ਦਾ ਤੋਹਫਾ ਦੇਣ ਵਾਲੀਆਂ ਕੁਝ ਪਿਆਰੀਆਂ ਭੈਣਾਂ

08/31/2023 6:23:18 AM

ਰੱਖੜੀ ’ਤੇ ਜਿੱਥੇ ਹਰ ਭੈਣ ਆਪਣੇ ਭਰਾ ਨੂੰ ਰੱਖਿਆ ਸੂਤਰ ਬੰਨ੍ਹ ਕੇ ਉਸ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਪ੍ਰਾਰਥਨਾ ਕਰਦੀ ਹੈ, ਉੱਥੇ ਹੀ ਭਰਾ ਆਪਣੀ ਭੈਣ ਦੀ ਹਰ ਸੰਕਟ ਤੋਂ ਰੱਖਿਆ ਕਰਨ ਦਾ ਵਚਨ ਦਿੰਦਾ ਹੈ।

ਇਸ ਵਾਰ ਰੱਖੜੀ ਦਾ ਪੁਰਬ 30 ਅਤੇ 31 ਅਗਸਤ ਨੂੰ ਦੋਵੇਂ ਦਿਨ ਮਨਾਇਆ ਜਾ ਰਿਹਾ ਹੈ। ਅਸੀਂ ਆਪਣੇ ਪਾਠਕਾਂ ਨੂੰ ਕੁਝ ਅਜਿਹੇ ਪ੍ਰੇਰਕ ਪ੍ਰਸੰਗਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ’ਚ ਭੈਣਾਂ ਨੇ ਆਪਣੇ ਭਰਾਵਾਂ ਦੀ ਜਾਨ ਬਚਾਉਣ ਲਈ ਆਪਣੇ ਲਿਵਰ ਅਤੇ ਕਿਡਨੀ ਆਦਿ ਦੇ ਕੇ ਇਸ ਪੁਰਬ ਨੂੰ ਅਸਲ ਰੂਪ ਦੇ ਦਿੱਤਾ।

* ਗੰਭੀਰ ਕਿਡਨੀ ਰੋਗ ਤੋਂ ਪੀੜਤ ਵਿਦੇਸ਼ ’ਚ ਰਹਿਣ ਵਾਲਾ ਇਕ ਵਿਅਕਤੀ (40) ਰੱਖੜੀ ਦਾ ਪੁਰਬ ਮਨਾਉਣ ਲਈ ਜੈਪੁਰ ਆਇਆ ਸੀ। ਜਾਂਚ ਪਿੱਛੋਂ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਕਿਡਨੀ ਬਦਲਣੀ ਜ਼ਰੂਰੀ ਦੱਸਿਆ ਤਾਂ ਉਸ ਦੀਆਂ ਤਿੰਨ ਭੈਣਾਂ ’ਚੋਂ ਇਕ ਦੀ ਕਿਡਨੀ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ। ਇਹ ਆਪ੍ਰੇਸ਼ਨ 29 ਅਗਸਤ ਨੂੰ ਜੈਪੁਰ ਦੇ ਇਕ ਹਸਪਤਾਲ ’ਚ ਕੀਤਾ ਗਿਆ।

ਬੂੰਦੀ ਦਾ ਇਹ ਕਿਸਾਨ ਪਰਿਵਾਰ ਆਪਣੀ ਪਛਾਣ ਨਹੀਂ ਦੱਸਣੀ ਚਾਹੁੰਦਾ, ਇਸ ਲਈ ਉਸ ਬਾਰੇ ਸਾਰਾ ਵੇਰਵਾ ਗੁਪਤ ਰੱਖਿਆ ਗਿਆ ਹੈ ਪਰ ਇਸ ਰੋਗੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਆਪਣੇ ਭਰਾ ਨਾਲ ਬੇਹੱਦ ਪਿਆਰ ਕਰਨ ਕਾਰਨ ਤਿੰਨੋਂ ਵਿਆਹੁਤਾ ਭੈਣਾਂ ’ਚ ਉਸ ਦੀ ਜਾਨ ਬਚਾਉਣ ਲਈ ਕਿਡਨੀ ਦੇਣ ਦੀ ਹੋੜ ਜਿਹੀ ਲੱਗੀ ਹੋਈ ਸੀ।

* ਨਵੀਂ ਦਿੱਲੀ ਦੇ ਰਹਿਣ ਵਾਲੇ ਹਰਿੰਦਰ (45) ਕਿਡਨੀ ਫੇਲ ਹੋਣ ਕਾਰਨ ਦਸੰਬਰ, 2022 ਤੋਂ ਲਗਾਤਾਰ ਡਾਇਲਸਿਸ ’ਤੇ ਸਨ ਅਤੇ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਕਿਡਨੀ ਬਦਲਣੀ ਹੀ ਇਕੋ ਇਕ ਉਪਾਅ ਦੱਸਿਆ।

ਕੋਈ ਕਿਡਨੀ ਡੋਨਰ ਨਾ ਮਿਲਣ ’ਤੇ ਹਰਿੰਦਰ ਦੀ ਛੋਟੀ ਭੈਣ ਪ੍ਰਿਅੰਕਾ (23) ਨੇ ਆਪਣੀ ਇਕ ਕਿਡਨੀ ਦੇ ਕੇ ਭਰਾ ਦੀ ਜਾਨ ਬਚਾ ਲਈ ਜਿਸ ਪਿੱਛੋਂ ਹਰਿੰਦਰ ਦੀ ਤਬੀਅਤ ’ਚ ਕਾਫੀ ਸੁਧਾਰ ਆਇਆ ਹੈ।

* ਇਸੇ ਤਰ੍ਹਾਂ ਮੁੰਬਈ ’ਚ ‘ਆਟੋ ਇਮਿਊਨ ਲਿਵਰ ਸਿਰੋਸਿਸ’ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਰਾਹੁਲ ਨੂੰ ਲਿਵਰ ਟ੍ਰਾਂਸਪਲਾਂਟ ਦੀ ਸਖਤ ਲੋੜ ਸੀ ਅਤੇ ਅਜਿਹਾ ਨਾ ਹੋਣ ’ਤੇ ਉਸ ਦੀ ਜਾਨ ਵੀ ਜਾ ਸਕਦੀ ਸੀ। ਅਜਿਹੇ ’ਚ ਉਸ ਦੀ ਭੈਣ ਨੰਦਿਨੀ (21) ਨੇ ਲਿਵਰ ਦਾ ਇਕ ਹਿੱਸਾ ਦੇ ਕੇ ਰੱਖੜੀ ਤੋਂ ਪਹਿਲਾਂ ਭਰਾ ਨੂੰ ਜੀਵਨ ਦਾ ਤੋਹਫਾ ਦਿੱਤਾ।

ਨਵੀ ਮੁੰਬਈ ਸਥਿਤ ਇਕ ਹਸਪਤਾਲ ’ਚ ਡਾਕਟਰਾਂ ਦੀ ਟੀਮ ਨੇ ਰਾਹੁਲ ਦੇ ਸਰੀਰ ’ਚ ਉਸ ਦੀ ਭੈਣ ਦਾ ਲਿਵਰ ਟ੍ਰਾਂਸਪਲਾਂਟ ਕੀਤਾ। ਟ੍ਰਾਂਸਪਲਾਂਟ ਪਿੱਛੋਂ ਨੰਦਿਨੀ ਨੇ ਕਿਹਾ, ‘‘ਮੇਰਾ ਭਰਾ ਮੇਰੇ ਲਈ ਮਾਅਨੇ ਰੱਖਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਰੱਖੜੀ ਪੁਰਬ ’ਤੇ ਮੈਂ ਭਰਾ ਨੂੰ ਜੀਵਨ ਰੂਪੀ ਤੋਹਫਾ ਦਿੱਤਾ।’’

* ਹਰਿਆਣਾ ’ਚ ਨੂਹ ਦੀ ਸ਼ਰਨਜੀਤ ਕੌਰ ਨੇ ਅੰਤਿਮ ਸਟੇਜ ’ਤੇ ਲਿਵਰ ਸਿਰੋਸਿਸ ਦੇ ਇਲਾਵਾ ਪੀਲੀਆ, ਪੇਟ ’ਚ ਪਾਣੀ, ਕਿਡਨੀ ਨਾਲ ਜੁੜੀਆਂ ਸਮੱਸਿਆਵਾਂ, ਲੋਅ ਬਲੱਡ ਪ੍ਰੈੱਸ਼ਰ ਅਤੇ ਪਿਸ਼ਾਬ ਨਾ ਆਉਣ ਵਰਗੀਆਂ ਤਕਲੀਫਾਂ ਨਾਲ ਗੰਭੀਰ ਤੌਰ ’ਤੇ ਗ੍ਰਸਤ ਆਪਣੇ ਛੋਟੇ ਭਰਾ ਬੂਟਾ ਸਿੰਘ (40) ਦੀ ਜਾਨ ਬਚਾਉਣ ਲਈ ਆਪਣਾ ਲਿਵਰ ਦਿੱਤਾ।

ਹਾਲ ਹੀ ’ਚ ਫਰੀਦਾਬਾਦ ਦੇ ਇਕ ਹਸਪਤਾਲ ’ਚ ਲਿਵਰ ਟ੍ਰਾਂਸਪਲਾਂਟ ਪਿੱਛੋਂ ਨਵਾਂ ਜੀਵਨ ਪਾਉਣ ਵਾਲੇ ਬੂਟਾ ਸਿੰਘ ਨੇ ਇਸ ਲਈ ਆਪਣੀ ਭੈਣ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, ‘‘ਅਜਿਹੀ ਭੈਣ ਪਾ ਕੇ ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦਾ ਹਾਂ। ਉਸ ਨੇ ਮੈਨੂੰ ਿਜਊਣ ਦਾ ਦੂਜਾ ਮੌਕਾ ਦਿੱਤਾ ਹੈ।’’

* ਬਾਂਸਵਾੜਾ (ਰਾਜਸਥਾਨ) ਦੇ ਨਿਮੇਸ਼ (40) ਦਾ ਲਿਵਰ ਹੌਲੀ-ਹੌਲੀ ਖਰਾਬ ਹੁੰਦਾ ਜਾ ਰਿਹਾ ਸੀ। ਦਵਾਈਆਂ ਦਾ ਕੋਈ ਅਸਰ ਨਾ ਹੋਣ ’ਤੇ ਡਾਕਟਰਾਂ ਨੇ ਕਿਹਾ ਕਿ ਹੁਣ ਲਿਵਰ ਟ੍ਰਾਂਸਪਲਾਂਟ ਨਾਲ ਹੀ ਉਸ ਦੇ ਪ੍ਰਾਣ ਬਚਾਏ ਜਾ ਸਕਦੇ ਹਨ।

ਪੂਰੇ ਪਰਿਵਾਰ ਦੀ ਜਾਂਚ ਪਿੱਛੋਂ ਨਿਮੇਸ਼ ਦੀ ਭੈਣ ਪ੍ਰਵੀਨ (49) ਨੂੰ ਲਿਵਰ ਦੇਣ ਦੇ ਯੋਗ ਪਾਇਆ ਗਿਆ ਪਰ ਉਸ ਦਾ ਭਾਰ ਬਹੁਤ ਵੱਧ ਹੋਣ ਕਾਰਨ ਡਾਕਟਰਾਂ ਨੇ ਕਿਹਾ ਕਿ ਜੇ ਪ੍ਰਵੀਨ ਡੇਢ ਮਹੀਨੇ ’ਚ ਆਪਣਾ ਭਾਰ 15 ਕਿਲੋ ਘਟਾ ਲਵੇ ਤਾਂ ਲਿਵਰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਭੈਣ ਪ੍ਰਵੀਨ ਨੇ ਸੰਕਲਪ ਕਰ ਕੇ ਆਪਣਾ 15 ਕਿਲੋ ਭਾਰ ਘਟਾਇਆ ਅਤੇ ਲਿਵਰ ਦੇ ਕੇ ਭਰਾ ਦੇ ਪ੍ਰਾਣ ਬਚਾ ਲਏ।

ਭਰਾ-ਭੈਣ ਦੇ ਪਿਆਰ ਅਤੇ ਸਨੇਹ ਦੀਆਂ ਇਹ ਸੱਚੀਆਂ ਕਹਾਣੀਆਂ ਸਿੱਧ ਕਰਦੀਆਂ ਹਨ ਕਿ ਅੱਜ ਜਿੱਥੇ ਭੈਣਾਂ ਦੀ ਹਰ ਆਫਤ ’ਚ ਰੱਖਿਆ ਕਰਨ ਵਾਲੇ ਭਰਾ ਮੌਜੂਦ ਹਨ ਤਾਂ ਅਜਿਹੀਆਂ ਭੈਣਾਂ ਦੀ ਵੀ ਕਮੀ ਨਹੀਂ ਜੋ ਮੌਤ ਦੇ ਮੂੰਹ ’ਚ ਫਸੇ ਆਪਣੇ ਭਰਾਵਾਂ ਨੂੰ ਛੁਡਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੀਆਂ ਹਨ।

- ਵਿਜੇ ਕੁਮਾਰ


Anmol Tagra

Content Editor

Related News