ਨਹੀਂ ਰੁਕ ਰਿਹਾ ਅਮਰੀਕਾ ’ਚ ‘ਗੋਲੀਬਾਰੀ ਅਤੇ ਹਿੰਸਾ’ ਦਾ ਜਾਨਲੇਵਾ ਸਿਲਸਿਲਾ

Thursday, Jan 26, 2023 - 01:49 AM (IST)

ਨਹੀਂ ਰੁਕ ਰਿਹਾ ਅਮਰੀਕਾ ’ਚ ‘ਗੋਲੀਬਾਰੀ ਅਤੇ ਹਿੰਸਾ’ ਦਾ ਜਾਨਲੇਵਾ ਸਿਲਸਿਲਾ

ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਦੇਸ਼ ਦੇ ਲਗਭਗ ਸਾਰੇ ਸੂਬੇ ਇਕਸਾਰ ਤੌਰ ’ਤੇ ਇਸ ਦੀ ਲਪੇਟ ’ਚ ਆਏ ਹੋਏ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2022 ’ਚ 23 ਜਨਵਰੀ ਤਕ ਸਮੂਹਿਕ ਗੋਲੀਬਾਰੀ ਦੀਆਂ 22 ਘਟਨਾਵਾਂ ਹੋਈਆਂ, ਜਦਕਿ ਇਸ ਸਾਲ (2023) ਇਸੇ ਅਰਸੇ ’ਚ ਉਥੇ ਸਮੂਹਿਕ ਗੋਲੀਬਾਰੀ ਦੀਆਂ 37 ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :

* 1 ਜਨਵਰੀ ਨੂੰ ਅਲਬਾਮਾ ਦੇ ‘ਮੋਬਾਈਲ’ ਸ਼ਹਿਰ ’ਚ ਇਕ ਸਮਾਰੋਹ ਦੇ ਦੌਰਾਨ ਗੋਲੀਬਾਰੀ ਕਾਰਨ ਵਿਅਕਤੀ ਦੀ ਮੌਤ ਅਤੇ 9 ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।

* 3 ਜਨਵਰੀ ਨੂੰ ‘ਇੰਡੀਆਨਾ ਪੋਲਿਸ’ ਦੇ ਇਕ ਸ਼ਾਪਿੰਗ ਮਾਲ ਦੇ ਬਾਹਰ ਰਾਤ ਦੇ ਸਮੇਂ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਅਤੇ ਇਕ ਹੋਰ ਜ਼ਖਮੀ ਹੋ ਗਿਆ।

* 4 ਜਨਵਰੀ ਨੂੰ ‘ਉਤਾਹ’ ਸ਼ਹਿਰ ’ਚ ਇਕ ਪਰਿਵਾਰ ਦੇ 5 ਬੱਚਿਆਂ ਸਮੇਤ 8 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 6 ਜਨਵਰੀ ਨੂੰ ‘ਫਲੋਰਿਡਾ’ ਸੂਬੇ ’ਚ ਇਕ ਰੈਸਟੋਰੈਂਟ ’ਚ ਗੋਲੀਬਾਰੀ ਦੇ ਨਤੀਜੇ ਵਜੋਂ 10 ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।

* 7 ਜਨਵਰੀ ਨੂੰ ‘ਲਾਸ ਏਂਜਲਸ’ ’ਚ ‘ਹਾਲੀਵੁੱਡ ਆਫ ਫੇਮ’ ਦੇ ਨੇੜੇ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਅਤੇ 2 ਹੋਰ ਜ਼ਖਮੀ ਹੋ ਗਏ।

* 16 ਜਨਵਰੀ ਨੂੰ ਕੇਂਦਰੀ ਕੈਲੀਫੋਰਨੀਆ ਦੀ ‘ਸੈਨ ਜੋਅਕੁਇਨ ਵੈਲੀ’ ’ਚ ਗੋਸ਼ਾਨ ਨਾਂ ਦੇ ਕਸਬੇ ’ਚ ਸਥਿਤ ਇਕ ਮਕਾਨ ’ਚ 6 ਮਹੀਨੇ ਦੇ ਬੱਚੇ ਅਤੇ 17 ਸਾਲਾ ਨਾਬਾਲਗ ਮਾਂ ਸਮੇਤ 6 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 6 ਜਨਵਰੀ ਨੂੰ ਹੀ ‘ਫਿਲਾਡੇਲਫੀਆ’ ’ਚ ਲੁੱਟ-ਖੋਹ ਦੇ ਬਾਅਦ ਇਕ ਪੈਟਰੋਲ ਪੰਪ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 20 ਜਨਵਰੀ ਨੂੰ ਲੂਈਸਿਆਨਾ ਸੂਬੇ ਦੇ ‘ਬੈਟਨ ਰੂਜ’ ਸਥਿਤ ਇਕ ਨਾਈਟ ਕਲੱਬ ’ਚ ਗੋਲੀਬਾਰੀ ਦੀ ਘਟਨਾ ’ਚ 12 ਵਿਅਕਤੀ ਜ਼ਖਮੀ ਹੋ ਗਏ।

* 21 ਜਨਵਰੀ ਨੂੰ ਦੇਰ ਰਾਤ ‘ਲਾਸ ਏਂਜਲਸ’ ਸ਼ਹਿਰ ਤੋਂ ਲਗਭਗ 11 ਕਿਲੋਮੀਟਰ ਦੂਰ ਇਕ ਡਾਂਸ ਕਲੱਬ ’ਚ ਚੀਨੀ ਨਵਾਂ ਸਾਲ ਮਨਾ ਰਹੇ ਲੋਕਾਂ ਦੀ ਭੀੜ ’ਤੇ ਅੰਨ੍ਹੇਵਾਹ ਫਾਇਰਿੰਗ ਦੇ ਨਤੀਜੇ ਵਜੋਂ 11 ਵਿਅਕਤੀ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ।

* 22 ਜਨਵਰੀ ਨੂੰ ‘ਸ਼ਿਕਾਗੋ’ ’ਚ ਤੇਲੰਗਾਨਾ ਦੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 11 ਦਿਨ ਪਹਿਲਾਂ ਹੀ ਉਥੇ ਆਇਆ ਸੀ।

* 23 ਜਨਵਰੀ ਨੂੰ ਸਾਨ ਫਰਾਂਸਿਸਕੋ ਦੇ ਨੇੜੇ ‘ਹਾਫ ਮੂਨ ਬੇ’ ਸ਼ਹਿਰ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ 7 ਵਿਅਕਤੀਆਂ ਦੀ ਜਾਨ ਚਲੀ ਗਈ। ਇਸੇ ਦਿਨ ਦੂਜੀ ਘਟਨਾ ’ਚ ‘ਆਯੋਵਾ’ ਸੂਬੇ ਦੇ ਡੇਸ ਮੋਈਨੇਸ ਸਕੂਲ ’ਚ 2 ਵਿਦਿਆਰਥੀਆਂ ਅਤੇ 1 ਅਧਿਆਪਕ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ 2 ਵਿਦਿਆਰਥੀਆਂ ਦੀ ਮੌਤ ਹੋ ਗਈ।

* 24 ਜਨਵਰੀ ਨੂੰ ‘ਸ਼ਿਕਾਗੋ’ ਦੇ ਇਕ ਫਲੈਟ ’ਚ 5 ਵਿਅਕਤੀਆਂ ਨੂੰ ਗੋਲੀ ਮਾਰੀ ਗਈ ਜਿਨ੍ਹਾਂ ’ਚੋਂ 2 ਵਿਅਕਤੀਆਂ ਦੀ ਮੌਤ ਹੋ ਗਈ।

* 25 ਜਨਵਰੀ ਨੂੰ ਜਾਰਜੀਆ ’ਚ 3 ਨਕਾਬਪੋਸ਼ਾਂ ਨੇ ਗੋਲੀ ਮਾਰ ਕੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਜਦਕਿ ਉਸਦੀ ਪਤਨੀ ਅਤੇ ਧੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਈਆਂ।

ਅਮਰੀਕਾ ’ਚ ਬੇਕਾਬੂ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜਿਥੇ ਦੇਸ਼ ’ਚ ਚਿੰਤਾ ਦਾ ਮਾਹੌਲ ਹੈ, ਉਥੇ ਹੀ ਵ੍ਹਾਈਟ ਹਾਊਸ ਨੇ 23 ਜਨਵਰੀ ਨੂੰ ਕਿਹਾ ਹੈ ਕਿ ਸਰਕਾਰ ਵਲੋਂ ਵਿਆਪਕ ਬੰਦੂਕ ਕੰਟ੍ਰੋਲ ਸਬੰਧੀ ਮਤਾ ਸੀਨੇਟ ’ਚ ਪੇਸ਼ ਕੀਤਾ ਗਿਆ ਹੈ ਜਿਸਦਾ ਮਕਸਦ 2004 ’ਚ ਖਤਮ ਹੋ ਚੁੱਕੇ ਹਥਿਆਰਾਂ ’ਤੇ ਪਾਬੰਦੀ ਦਾ ਨਵੀਕਰਨ ਕਰਨਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਨ੍ਹਾਂ ਘਟਨਾਵਾਂ ’ਤੇ ਦੁੱਖ ਪ੍ਰਗਟ ਕਰਦੇ ਹੋਏ 24 ਜਨਵਰੀ ਨੂੰ ਅਮਰੀਕੀ ਕਾਂਗਰਸ ਨੂੰ ਸੁਚੇਤ ਕੀਤਾ ਕਿ ਅਸਾਲਟ ਹਥਿਆਰਾਂ ’ਤੇ ਪਾਬੰਦੀ ਲਗਾਉਣ ਦੀ ਦਿਸ਼ਾ ’ਚ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ।

ਵਰਨਣਯੋਗ ਹੈ ਕਿ 1994 ’ਚ ਜਦੋਂ ਜੋਅ ਬਾਈਡੇਨ ਇਕ ਸੀਨੇਟਰ ਸਨ ਉਦੋਂ 19 ਕਿਸਮ ਦੇ ਹਥਿਆਰਾਂ ਦੀ ਵਿਕਰੀ ’ਤੇ ਰੋਕ ਲਗਾਈ ਗਈ ਸੀ ਅਤੇ ਇਸ ਪਾਬੰਦੀ ਦੇ ਅਧੀਨ ਉਨ੍ਹਾਂ ਮੈਗਜ਼ੀਨਾਂ ਨੂੰ ਵੀ ਨਾਜਾਇਜ਼ ਕਰਾਰ ਦੇ ਦਿੱਤਾ ਗਿਆ ਸੀ ਜਿਨ੍ਹਾਂ ’ਚ ਗੋਲਾ-ਬਾਰੂਦ ਦੇ 10 ਤੋਂ ਵੱਧ ਰਾਊਂਡ ਸਮਾ ਸਕਦੇ ਹੋਣ।

ਖੁਦ ਨੂੰ ਸੱਭਿਅਕ ਕਹਿਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਸੱਭਿਆਚਾਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਆਸਾਨੀ ਨਾਲ ਹਥਿਆਰਾਂ ਦੇ ਮੁਹੱਈਆ ਹੋਣ ਦਾ ਭੈੜਾ ਨਤੀਜਾ ਦੁਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ।

ਅਮਰੀਕਾ ਵਰਗੇ ਲੋਕਤੰਤਰਿਕ ਦੇਸ਼ਾਂ ’ਚ ਅਜਿਹਾ ਹੋਣਾ ਬਹੁਤ ਹੀ ਦੁਖਦਾਈ ਹੈ। ਜੇਕਰ ਲੋਕਤੰਤਰਿਕ ਦੇਸ਼ਾਂ ’ਚ ਵੀ ਅਜਿਹਾ ਹੋਵੇਗਾ ਤਾਂ ਫਿਰ ਲੋਕਤੰਤਰਿਕ ਅਤੇ ਤਾਨਾਸ਼ਾਹ ਸ਼ਾਸਨ ਵਾਲੇ ਦੇਸ਼ਾਂ ’ਚ ਫਰਕ ਕੀ ਰਹਿ ਜਾਵੇਗਾ।

ਲਗਭਗ 53 ਫੀਸਦੀ ਅਮਰੀਕੀ ਦੇਸ਼ ’ਚ ਹਥਿਆਰਾਂ ’ਤੇ ਪਾਬੰਦੀ ਦੇ ਸਖਤ ਕਾਨੂੰਨਾਂ ਦੇ ਪੱਖ ’ਚ ਹਨ ਫਿਰ ਵੀ ਕੋਈ ਮਹੱਤਵਪੂਰਨ ਕਾਨੂੰਨ ਪਾਸ ਨਹੀਂ ਕੀਤਾ ਜਾ ਸਕਿਆ। ਇਸ ਲਈ ਜਦ ਤਕ ਅਜਿਹਾ ਨਹੀਂ ਹੋਵੇਗਾ ਉਦੋਂ ਤਕ ਉਥੇ ਗੋਲੀਬਾਰੀ ਹੁੰਦੀ ਹੀ ਰਹੇਗੀ ਅਤੇ ਲੋਕ ਇਸੇ ਤਰ੍ਹਾਂ ਮਰਦੇ ਰਹਿਣਗੇ।

-ਵਿਜੇ ਕੁਮਾਰ


author

Mukesh

Content Editor

Related News