''ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ'' ਲਗਾਤਾਰ ''ਵਧ ਰਹੀ ਕੁੜੱਤਣ''

09/20/2017 7:06:15 AM

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ ਗੱਠਜੋੜ ਸਹਿਯੋਗੀਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਸ਼੍ਰੀ ਵਾਜਪਾਈ ਨੇ ਐੱਨ. ਡੀ. ਏ. ਦੀਆਂ ਸਿਰਫ 3 ਪਾਰਟੀਆਂ ਦੇ ਗੱਠਜੋੜ ਨੂੰ ਅੱਗੇ ਵਧਾਉਂਦਿਆਂ 26 ਪਾਰਟੀਆਂ ਤਕ ਪਹੁੰਚਾ ਦਿੱਤਾ। ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਰਗਰਮ ਸਿਆਸਤ ਤੋਂ ਹਟਣ ਤੋਂ ਬਾਅਦ ਹੁਣ ਤਕ ਇਸ ਦੇ ਕਈ ਗੱਠਜੋੜ ਸਹਿਯੋਗੀ ਵੱਖ-ਵੱਖ ਮੁੱਦਿਆਂ 'ਤੇ ਅਸਹਿਮਤੀ ਕਾਰਨ ਇਸ ਨੂੰ ਛੱਡ ਗਏ ਹਨ। ਹੁਣ ਇਹ ਗੱਠਜੋੜ ਅੱਧਾ ਦਰਜਨ ਤੋਂ ਵੀ ਘੱਟ ਪਾਰਟੀਆਂ ਤਕ ਸੀਮਤ ਹੋ ਗਿਆ ਹੈ ਅਤੇ ਇਨ੍ਹੀਂ ਦਿਨੀਂ 25 ਸਾਲਾਂ ਤੋਂ ਇਸ ਦੀ ਅਹਿਮ ਸਹਿਯੋਗੀ ਪਾਰਟੀ ਸ਼ਿਵ ਸੈਨਾ ਵੀ ਨਾਰਾਜ਼ ਹੈ। 
24 ਜੂਨ 2013 ਨੂੰ ਸ਼ਿਵ ਸੈਨਾ ਸੁਪਰੀਮੋ ਸ਼੍ਰੀ ਊਧਵ ਠਾਕਰੇ ਨੇ ਭਾਜਪਾ ਲੀਡਰਸ਼ਿਪ ਨੂੰ ਆਪਣੇ ਸਹਿਯੋਗੀਆਂ ਦਾ ਮਾਣ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਸੀ ਕਿ ''ਮਿੱਤਰ ਰੁੱਖਾਂ ਵਾਂਗ ਨਹੀਂ ਵਧਦੇ, ਉਨ੍ਹਾਂ ਨੂੰ ਪਾਲਣਾ ਪੈਂਦਾ ਹੈ। ਜੇ ਕੋਈ ਆਦਮੀ ਉਸ ਰੁੱਖ ਦੀਆਂ ਟਾਹਣੀਆਂ ਨੂੰ ਹੀ ਵੱਢ ਦੇਵੇਗਾ ਤਾਂ ਉਸ ਨੂੰ ਸਹੀ ਮਿੱਤਰ ਕਿਵੇਂ ਮਿਲ ਸਕੇਗਾ।''
ਵਰ੍ਹਿਆਂ ਤਕ 'ਸ਼ਿਵ ਸੈਨਾ' ਦੇ ਜੂਨੀਅਰ ਭਾਈਵਾਲ ਦੀ ਭੂਮਿਕਾ ਨਿਭਾਉਂਦੀ ਰਹੀ ਭਾਜਪਾ ਦੇ ਤੇਵਰ 2014 ਦੀਆਂ ਚੋਣਾਂ ਤੋਂ ਬਾਅਦ ਬਦਲੇ ਤੇ ਇਸ ਨੇ 'ਸ਼ਿਵ ਸੈਨਾ' ਨੂੰ ਉਸ ਦਾ ਪਸੰਦੀਦਾ ਮੰਤਰਾਲਾ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਵਿਚ ਸ਼ਿਵ ਸੈਨਾ ਦੇ 12 ਮੰਤਰੀ ਹਨ, ਜਿਨ੍ਹਾਂ 'ਚੋਂ 5 ਕੈਬਨਿਟ ਦਰਜੇ ਦੇ ਹਨ ਤੇ ਕੇਂਦਰ ਦੀ ਮੋਦੀ ਸਰਕਾਰ ਵਿਚ ਸ਼ਿਵ ਸੈਨਾ ਦਾ ਸਿਰਫ ਇਕ ਮੰਤਰੀ ਹੈ। ਇਸ 'ਤੇ ਉਹ ਕਈ ਵਾਰ ਨਾਰਾਜ਼ਗੀ ਪ੍ਰਗਟਾਅ ਚੁੱਕੀ ਹੈ। 
ਅਜਿਹੀਆਂ ਹੀ ਗੱਲਾਂ ਕਾਰਨ ਇਸ ਸਮੇਂ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਕੁੜੱਤਣ ਸਿਖਰਾਂ 'ਤੇ ਪਹੁੰਚ ਚੁੱਕੀ ਹੈ ਤੇ 'ਸ਼ਿਵ ਸੈਨਾ' ਮਹਾਰਾਸ਼ਟਰ ਤੋਂ ਇਲਾਵਾ ਕੌਮੀ ਪੱਧਰ 'ਤੇ ਵੀ ਭਾਜਪਾ ਲੀਡਰਸ਼ਿਪ ਦਾ ਧਿਆਨ ਇਸ ਦੀਆਂ ਭੁੱਲਾਂ ਵੱਲ ਲਗਾਤਾਰ ਖਿੱਚਦੀ ਆ ਰਹੀ ਹੈ। 
ਇਸੇ ਕੜੀ ਵਿਚ ਸ਼ਿਵ ਸੈਨਾ ਨੇ ਹੁਣੇ ਜਿਹੇ ਪਿਤਰ-ਪੱਖ ਵਿਚ ਬੁਲੇਟ ਟ੍ਰੇਨ ਦੇ ਨੀਂਹ ਪੱਥਰ ਅਤੇ ਸਰਦਾਰ ਸਰੋਵਰ ਡੈਮ ਦੇ ਉਦਘਾਟਨ ਦੀ ਭਾਰੀ ਆਲੋਚਨਾ ਕੀਤੀ ਹੈ। 
ਪਿਛਲੇ 20 ਸਾਲਾਂ ਤੋਂ ਸ਼ਿਵ ਸੈਨਾ ਤੇ ਭਾਜਪਾ ਮੁੰਬਈ ਮਹਾਨਗਰ ਪਾਲਿਕਾ ਦੀਆਂ ਚੋਣਾਂ ਇਕੱਠੀਆਂ ਲੜਦੀਆਂ ਆ ਰਹੀਆਂ ਸਨ ਪਰ ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਚੋਣਾਂ 'ਚ ਦੋਹਾਂ ਪਾਰਟੀਆਂ ਨੇ ਆਹਮੋ-ਸਾਹਮਣੇ ਆ ਕੇ ਨਾ ਸਿਰਫ ਮੁੰਬਈ, ਸਗੋਂ ਪੂਰੇ ਮਹਾਰਾਸ਼ਟਰ ਵਿਚ ਲੋਕਲ ਬਾਡੀਜ਼ ਚੋਣਾਂ ਅੱਡ-ਅੱਡ ਲੜੀਆਂ, ਜਿਨ੍ਹਾਂ 'ਚ ਸ਼ਿਵ ਸੈਨਾ ਦਾ ਗ਼ਲਬਾ ਰਿਹਾ।
ਦੋਹਾਂ ਪਾਰਟੀਆਂ ਵਿਚਾਲੇ ਤਰੇੜ ਇਥੋਂ ਹੀ ਚੌੜੀ ਹੋਣੀ ਸ਼ੁਰੂ ਹੋਈ ਤੇ ਸਿੱਟੇ ਵਜੋਂ ਭਾਜਪਾ ਨਾਲ ਨਾਰਾਜ਼ਗੀ ਪ੍ਰਗਟਾਉਣ ਲਈ ਸ਼ਿਵ ਸੈਨਾ ਲੀਡਰਸ਼ਿਪ ਭਾਜਪਾ 'ਤੇ ਦੋਸ਼ਾਂ ਦੇ ਗੋਲੇ ਦਾਗ਼ਣ ਲੱਗੀ। ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨੇ ਤਾਂ ਇਥੋਂ ਤਕ ਕਿਹਾ ਕਿ ''ਸ਼ਿਵ ਸੈਨਾ ਦੇ 50 ਵਰ੍ਹਿਆਂ ਵਿਚੋਂ 25 ਵਰ੍ਹੇ ਗੱਠਜੋੜ ਦੀ ਵਜ੍ਹਾ ਕਰਕੇ ਬੇਕਾਰ ਹੋ ਗਏ।''
ਇਹੋ ਨਹੀਂ, ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ 10 ਜੂਨ ਨੂੰ ਕਿਹਾ ਸੀ ਕਿ ''ਭਾਜਪਾ ਸ਼ਿਵ ਸੈਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।'' ਪਿਛਲੇ ਦਿਨੀਂ ਕੇਂਦਰੀ ਮੰਤਰੀ ਮੰਡਲ ਵਿਚ ਫੇਰਬਦਲ ਨੂੰ ਲੈ ਕੇ ਵੀ 3 ਸਤੰਬਰ ਨੂੰ ਸੰਜੇ ਰਾਊਤ ਨੇ ਕਿਹਾ ਕਿ ''ਰਾਜਗ ਮਰਨ ਕੰਢੇ ਹੈ ਅਤੇ ਭਾਜਪਾ ਨੂੰ ਇਸ ਦਾ ਚੇਤਾ ਉਦੋਂ ਆਉਂਦਾ ਹੈ, ਜਦੋਂ ਇਸ ਨੂੰ ਸਮਰਥਨ ਦੀ ਲੋੜ ਪੈਂਦੀ ਹੈ।''
ਆਪਸੀ ਕੁੜੱਤਣ ਅਤੇ ਮਨ-ਮੁਟਾਅ ਦੇ ਕੁਝ ਅਜਿਹੇ ਮਾਹੌਲ 'ਚ ਮਹਾਰਾਸ਼ਟਰ ਵਿਚ ਭਾਜਪਾ ਤੇ ਸ਼ਿਵ ਸੈਨਾ ਦੀ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਹੀ ਦੋਹਾਂ ਪਾਰਟੀਆਂ 'ਚ ਉਥਲ-ਪੁਥਲ ਜਾਰੀ ਹੈ ਤੇ ਇਕ ਤਰ੍ਹਾਂ ਨਾਲ ਉਥੇ ਸ਼ਿਵ ਸੈਨਾ ਵਿਰੋਧੀ ਪਾਰਟੀ ਦੀ ਭੂਮਿਕਾ ਹੀ ਨਿਭਾਅ ਰਹੀ ਹੈ। 
ਤਾਜ਼ਾ ਘਟਨਾ 'ਚ ਸ਼ਿਵ ਸੈਨਾ ਨੇ ਦੇਵੇਂਦਰ ਫੜਨਵੀਸ ਦੀ ਸਰਕਾਰ ਨੂੰ ਇਕ ਹੋਰ ਅਲਟੀਮੇਟਮ ਦਿੰਦਿਆਂ ਹਮਾਇਤ ਵਾਪਿਸ ਲੈਣ ਦੀ ਧਮਕੀ ਦਿੱਤੀ ਹੈ। ਬੀਤੇ ਸੋਮਵਾਰ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨੇ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਨਾਮਜ਼ਦ ਨੁਮਾਇੰਦਿਆਂ ਨੇ ਕਿਹਾ ਕਿ ਪਾਰਟੀ ਵਲੋਂ ਹਮਾਇਤ ਵਾਪਿਸ ਲੈ ਲੈਣ ਦਾ ਇਹੋ ਸਹੀ ਸਮਾਂ ਹੈ। 
ਮੀਟਿੰਗ ਤੋਂ ਬਾਅਦ ਸੰਜੇ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ ਕਿ ''ਅਸੀਂ ਇਸ ਸਰਕਾਰ ਦਾ ਕੀ ਕਰੀਏ? ਸ਼ਿਵ ਸੈਨਾ ਇਕ ਫੈਸਲੇ ਦੇ ਬਹੁਤ ਨੇੜੇ ਹੈ। ਉਡੀਕ ਕਰੋ ਅਤੇ ਦੇਖੋ। ਠਾਕਰੇ ਸਹੀ ਸਮੇਂ 'ਤੇ ਸਹੀ ਫੈਸਲਾ ਲੈਣਗੇ ਅਤੇ ਉਹ ਸਮਾਂ ਬਹੁਤ ਨੇੜੇ ਆ ਗਿਆ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ 'ਪਾਪ' ਵਿਚ ਸ਼ਿਵ ਸੈਨਾ ਭਾਈਵਾਲ ਨਹੀਂ ਬਣ ਸਕਦੀ।''
ਹੁਣ ਇਸ ਦਾ ਅਗਲਾ ਕਦਮ ਕੀ ਹੋਵੇਗਾ, ਇਹ ਭਵਿੱਖ ਦੇ ਗਰਭ ਵਿਚ ਹੈ ਪਰ ਇੰਨਾ ਸਪੱਸ਼ਟ ਹੈ ਕਿ ਦੋਹਾਂ ਪਾਰਟੀਆਂ ਵਿਚਾਲੇ ਕੁੜੱਤਣ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜੋ ਯਕੀਨੀ ਤੌਰ 'ਤੇ ਦੋਹਾਂ ਪਾਰਟੀਆਂ ਦੇ ਹਿੱਤ 'ਚ ਨਹੀਂ। ਇਸ ਲਈ ਜਿੰਨੀ ਛੇਤੀ ਦੋਵੇਂ ਪਾਰਟੀਆਂ ਆਪਸ ਵਿਚ ਮਿਲ-ਬੈਠ ਕੇ ਆਪਣੇ ਮੱਤਭੇਦ ਦੂਰ ਕਰ ਸਕਣ, ਦੋਹਾਂ ਲਈ ਓਨਾ ਹੀ ਚੰਗਾ ਹੋਵੇਗਾ। ਭਾਜਪਾ ਲੀਡਰਸ਼ਿਪ ਨੂੰ ਵੀ ਸੋਚਣਾ ਪਵੇਗਾ ਕਿ ਇਸ ਤਰ੍ਹਾਂ ਪੁਰਾਣੇ ਸਾਥੀ ਗੁਆਉਣਾ ਉਸ ਦੇ ਅਤੇ ਰਾਜਗ ਲਈ ਨੁਕਸਾਨਦੇਹ ਹੀ ਸਿੱਧ ਹੋਵੇਗਾ।                                    
—ਵਿਜੇ ਕੁਮਾਰ


Vijay Kumar Chopra

Chief Editor

Related News