ਕੀ ਇਹ ਹੈ! ਭਾਰਤ ਦੇਸ਼ ਸਾਡਾ, ਮਹਾਨ ਸੱਭਿਆਚਾਰ ਦੇ ਵਾਰਿਸ ਕਰ ਰਹੇ ਸ਼ਰਮਨਾਕ ਕਾਰੇ

Sunday, Nov 26, 2023 - 03:18 AM (IST)

ਕੀ ਇਹ ਹੈ! ਭਾਰਤ ਦੇਸ਼ ਸਾਡਾ, ਮਹਾਨ ਸੱਭਿਆਚਾਰ ਦੇ ਵਾਰਿਸ ਕਰ ਰਹੇ ਸ਼ਰਮਨਾਕ ਕਾਰੇ

ਕਦੀ ਆਪਣੇ ਉੱਚ ਆਦਰਸ਼ਾਂ, ਰਵਾਇਤਾਂ ਅਤੇ ਮਾਨਤਾਵਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ, ਜਿਸ ਦੀਆਂ ਪਿਛਲੇ 16 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 8 ਨਵੰਬਰ ਨੂੰ ਹਾਥਰਸ (ਉੱਤਰ ਪ੍ਰਦੇਸ਼) ’ਚ ਭੁੱਖ ਲੱਗਣ ’ਤੇ ਦੁੱਧ ਲਈ ਰੋ ਰਹੀ 25 ਦਿਨਾਂ ਦੀ ਮਾਸੂਮ ਨੂੰ ਉਸ ਦੀ ਮਾਂ ਨੇ ਜ਼ਮੀਨ ’ਤੇ ਪਟਕ ਕੇ ਮਾਰ ਦਿੱਤਾ।

* 9 ਨਵੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ’ਚ ਇਕ ਵਿਆਹ ਦੇ ਮੌਕੇ ’ਤੇ ਨੂੰਹ ਪੱਖ ਵੱਲੋਂ ਦਾਜ ’ਚ ਸੂਟ, ਫਰਿੱਜ ਅਤੇ ਵਾਸ਼ਿੰਗ ਮਸ਼ੀਨ ਦੀ ਮੰਗ ਪੂਰੀ ਨਾ ਕਰਨ ’ਤੇ ਵਰ ਪੱਖ ਨੇ ਨਾ ਸਿਰਫ ਰਿਸ਼ਤਾ ਤੋੜ ਦਿੱਤਾ, ਸਗੋਂ ਨੂੰਹ ਪੱਖ ਦੇ ਲੋਕਾਂ ਨੂੰ ਹਥਿਆਰ ਦਿਖਾ ਕੇ ਧਮਕਾਇਆ ਅਤੇ ਕੁੱਟਿਆ ਅਤੇ ਬਿਨਾਂ ਨੂੰਹ ਦੇ ਬਰਾਤ ਲੈ ਕੇ ਪਰਤ ਗਏ।

* 10 ਨਵੰਬਰ ਨੂੰ ਪਥਨਮਥਿੱਟਾ (ਕੇਰਲ) ਦੇ ਅਡੂਰ ’ਚ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਦੇ ਦੋਸ਼ੀ 63 ਸਾਲਾ ਇਕ ਵਿਅਕਤੀ ਨੂੰ ਫਾਸਟ ਟ੍ਰੈਕ ਕੋਰਟ ਨੇ 109 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਅਤੇ ਪੀੜਤਾ ਨੂੰ 6.25 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ।

* 11 ਨਵੰਬਰ ਨੂੰ ਫਤਿਹਗੜ੍ਹ ਸਾਹਿਬ (ਪੰਜਾਬ) ’ਚ 2 ਭਰਾਵਾਂ ਵਿਚਾਲੇ 7-8 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ’ਚ ਛੋਟੇ ਭਰਾ ਨੇ ਡੰਡਿਆਂ ਨਾਲ ਵਾਰ ਕਰ ਕੇ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ।

* 12 ਨਵੰਬਰ ਦੀ ਰਾਤ ਨੂੰ ਲੁਧਿਆਣਾ (ਪੰਜਾਬ) ’ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਕਰੰਟ ਲਾ ਕੇ ਮਾਰ ਦਿੱਤਾ।

* 14 ਨਵੰਬਰ ਨੂੰ ਪੁਣੇ (ਮਹਾਰਾਸ਼ਟਰ) ’ਚ 50 ਸਾਲਾ ਇਕ ਵਿਅਕਤੀ ਵਿਰੁੱਧ ਆਪਣੀ 16 ਸਾਲਾ ਨਾਬਾਲਿਗ ਧੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 16 ਨਵੰਬਰ ਨੂੰ ਨਵੀਂ ਦਿੱਲੀ ਦੇ ਬਿੰਦਾਪੁਰ ਇਲਾਕੇ ’ਚ ਘਰੇਲੂ ਝਗੜੇ ਪਿੱਛੋਂ ਇਕ ਵਿਅਕਤੀ ਨੇ ਆਪਣੀ ਛੋਟੀ ਭਾਬੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ।

* 17 ਨਵੰਬਰ ਨੂੰ ਹੈਦਰਾਬਾਦ (ਤੇਲੰਗਾਨਾ) ’ਚ ਇਕ ਜੋੜੇ ਨੇ ਆਰਥਿਕ ਤੰਗੀ ਕਾਰਨ ਆਪਣੀ 4 ਸਾਲ ਦੀ ਧੀ ਨੂੰ ਫਾਂਸੀ ’ਤੇ ਲਟਕਾ ਦਿੱਤਾ।

* 17 ਨਵੰਬਰ ਨੂੰ ਹੀ ਭਜਨਪੁਰਾ (ਨਵੀਂ ਦਿੱਲੀ) ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨਾਂ ਨੇ ਆਪਣੇ ਮਾਮਾ ਨੂੰ ਇਕ ਕਮਰੇ ’ਚ ਬੰਧਕ ਬਣਾ ਕੇ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਲੱਕੜੀ ਦਾ ਇਕ ਡੰਡਾ ਉਸ ਦੇ ਗੁਪਤ ਅੰਗ ’ਚ ਪਾ ਦਿੱਤਾ।

* 18 ਨਵੰਬਰ ਨੂੰ ਪਾਲਘਰ (ਮਹਾਰਾਸ਼ਟਰ) ਦੇ ‘ਨਾਲਾ ਸੋਪਾਰਾ’ ’ਚ ਇਕ ਵਿਅਕਤੀ ਵਿਰੁੱਧ ਆਪਣੀ ਧੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਅਤੇ ਵਿਰੋਧ ਕਰਨ ’ਤੇ ਉਸ ਨੂੰ ਕੁੱਟਣ ਦੇ ਨਤੀਜੇ ਵਜੋਂ ਹੋਈ ਮੌਤ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ।

* 19 ਨਵੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਪਰਾਏ ਮਰਦ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ।

* 20 ਨਵੰਬਰ ਨੂੰ ਨਵੀਂ ਦਿੱਲੀ ਦੀ ਵਜ਼ੀਰਪੁਰ ਜੇ. ਜੇ. ਕਾਲੋਨੀ ’ਚ ਪਰਿਵਾਰਕ ਕਲੇਸ਼ ਦਰਮਿਆਨ ਇਕ ਵਿਅਕਤੀ ਨੇ ਆਪਣੇ 2 ਅਤੇ 5 ਸਾਲਾਂ ਦੇ ਬੇਟਿਆਂ ਦੇ ਗਲ਼ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੇ ਜਿਸ ਨਾਲ ਉਸ ਦੇ 2 ਸਾਲਾ ਬੇਟੇ ਦੀ ਮੌਤ ਹੋ ਗਈ।

* 22 ਨਵੰਬਰ ਨੂੰ ਨਿਹਾਲ ਸਿੰਘ ਵਾਲਾ (ਪੰਜਾਬ) ਦੇ ਪਿੰਡ ‘ਖੋਟੇ’ ’ਚ ਅਮਰਜੀਤ ਸਿੰਘ ਨਾਂ ਦੇ 3 ਬੱਚਿਆਂ ਦੇ ਬਾਪ ਨੇ ਮਾਮੂਲੀ ਵਿਵਾਦ ਕਾਰਨ ਦੁਪੱਟੇ ਨਾਲ ਗਲ਼ ਘੁੱਟ ਕੇ ਆਪਣੀ ਪਤਨੀ ਗੁਰਪ੍ਰੀਤ ਨੂੰ ਮਾਰ ਦਿੱਤਾ।

* 24 ਨਵੰਬਰ ਨੂੰ ਮੁੰਬਈ ’ਚ ਨਸ਼ੇ ਦੇ ਆਦੀ ਸ਼ੱਬੀਰ ਅਤੇ ਉਸ ਦੀ ਪਤਨੀ ਸਾਨੀਆ ਨੂੰ ਨਸ਼ਾ ਖਰੀਦਣ ਲਈ ਪੈਸੇ ਜੁਟਾਉਣ ਲਈ ਆਪਣੇ 2 ਸਾਲ ਦੇ ਬੇਟੇ ਨੂੰ 60,000 ਰੁਪਏ ’ਚ ਅਤੇ ਇਕ ਮਹੀਨੇ ਦੀ ਧੀ ਨੂੰ 14,000 ਰੁਪਏ ’ਚ ਵੇਚਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 24 ਨਵੰਬਰ ਰਾਤ ਨੂੰ ਨਵਾਂਸ਼ਹਿਰ (ਪੰਜਾਬ) ਦੇ ਪਿੰਡ ‘ਬਾਹੜੋਵਾਲ’ ’ਚ ਮਦਨ ਲਾਲ ਨਾਂ ਦੇ ਸ਼ਰਾਬੀ ਨੌਜਵਾਨ ਨੇ ਖਾਣਾ ਖਾਂਦੇ ਸਮੇਂ ਆਪਣੇ ਪਿਤਾ ਦਿਲਬਾਗ ਨਾਲ ਹੋਈ ਬਹਿਸ ਪਿੱਛੋਂ ਗੁੱਸੇ ’ਚ ਆ ਕੇ ਇੱਟ ਚੁੱਕ ਕੇ ਉਸ ਦੇ ਸਿਰ ’ਚ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।

* 24 ਨਵੰਬਰ ਨੂੰ ਹੀ ਗੰਜਮ (ਓਡਿਸ਼ਾ) ਦੇ ਅਧੇਗਾਂਵ ਨਾਂ ਦੇ ਪਿੰਡ ’ਚ ਇਕ ਨੌਜਵਾਨ ਨੂੰ ਆਪਣੀ ਪਤਨੀ ਅਤੇ 2 ਸਾਲ ਦੀ ਧੀ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਸ ਨੇ ਕਿਸੇ ਨਾਰਾਜ਼ਗੀ ਕਾਰਨ ਧਾਰਮਿਕ ਰਸਮਾਂ ਦੇ ਬਹਾਨੇ ਇਕ ਸਪੇਰੇ ਤੋਂ ਖਰੀਦ ਕੇ ਲਿਆਂਦਾ ਹੋਇਆ ਸੱਪ ਉਸ ਕਮਰੇ ’ਚ ਛੱਡ ਦਿੱਤਾ ਜਿੱਥੇ ਉਸ ਦੀ ਪਤਨੀ ਅਤੇ ਧੀ ਸੌਂ ਰਹੀਆਂ ਸਨ ਅਤੇ ਅਗਲੇ ਦਿਨ ਉਹ ਦੋਵੇਂ ਮ੍ਰਿਤਕ ਪਾਈਆਂ ਗਈਆਂ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਡੇ ਪ੍ਰਾਚੀਨ ਸੱਭਿਆਚਾਰ ਦੇ ਵਾਰਿਸ ਅੱਜ ਕਿਸ ਤਰ੍ਹਾਂ ਪਤਨ ਦੇ ਸ਼ਿਕਾਰ ਹੋ ਰਹੇ ਹਨ। ਕਾਸ਼! ਫਿਰ ਕੋਈ ਮਸੀਹਾ ਆਵੇ ਜੋ ਅਜਿਹੇ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਦਿਖਾ ਸਕੇ।

- ਵਿਜੇ ਕੁਮਾਰ


author

Anmol Tagra

Content Editor

Related News