ਧਰਮ ਦੇ ਨਾਂ ’ਤੇ ਬੱਚੀਆਂ ਦਾ ਸੈਕਸ ਸ਼ੋਸ਼ਣ ਕਰਨ ਵਾਲਾ ਦਰਿੰਦਾ ਅਮਰੀਕਾ ’ਚ ਕਾਬੂ
Wednesday, Dec 07, 2022 - 03:30 AM (IST)
ਅਮਰੀਕਾ ਦੇ ਐਰੀਜ਼ੋਨਾ ’ਚ ਐੱਫ. ਬੀ. ਆਈ. ਨੇ ਬਹੁ-ਵਿਆਹ ਦੀ ਹਮਾਇਤ ਕਰਨ ਵਾਲੇ ਇਕ ਛੋਟੇ ਜਿਹੇ ਧਾਰਮਿਕ ਗਰੁੱਪ ਦੇ ਮੁਖੀ ‘ਸੈਮੁਅਲ ਰੈਪੀਲੇ ਵੇਟਮੈਨ’ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ 9 ਸਾਲ ਦੀ ਉਮਰ ਤੱਕ ਦੀਆਂ ਬੱਚੀਆਂ ਨਾਲ ਸਮੂਹਿਕ ਸੈਕਸ ਕਿਰਿਆਵਾਂ ’ਚ ਸ਼ਾਮਲ ਸੀ ਅਤੇ ਐਰੀਜ਼ੋਨਾ, ਨੇਵਾਦਾ, ਉਟਾਹ ਤੇ ਨੇਬ੍ਰਾਸਕਾ ’ਚ ਬਾਲ ਸੈਕਸ ਸਮੱਗਲਿੰਗ ਵੀ ਕਰਦਾ ਸੀ। ਉਸ ਨੇ ਐਰੀਜ਼ੋਨਾ ’ਚ ਆਪਣੀ ਬੇਟੀ ਸਮੇਤ 15 ਸਾਲ ਤੋਂ ਘੱਟ ਉਮਰ ਦੀਆਂ 20 ਬੱਚੀਆਂ ਨਾਲ ਵਿਆਹ ਕੀਤਾ।
ਸੈਮੁਅਲ ਵੱਲੋਂ ਅਜਿਹੀਆਂ ਹੀ ਬੱਚੀਆਂ ਨੂੰ ਟ੍ਰੇਲਰ ’ਚ ਬੰਦ ਕਰ ਕੇ ਕਿਸੇ ਥਾਂ ਭੇਜਣ ਦੌਰਾਨ ਬੱਚੀਆਂ ਨੇ ਕਿਸੇ ਤਰ੍ਹਾਂ ਆਪਣੀਆਂ ਉਂਗਲਾਂ ਬਾਹਰ ਕੱਢ ਕੇ ਇਸ਼ਾਰਾ ਕੀਤਾ ਜਿਸ ’ਤੇ ਪੁਲਸ ਨੇ ਟ੍ਰੇਲਰ ਰੁਕਵਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਸੈਮੁਅਲ ਦੀ ਕਾਰ ’ਚ ਵੀ 11 ਤੋਂ 14 ਸਾਲ ਦੀ ਉਮਰ ਵਰਗ ਦੀਆਂ 3 ਤੇ 15 ਸਾਲ ਦੀਆਂ 2 ਬੱਚੀਆਂ ਅਤੇ 2 ਔਰਤਾਂ ਦੇ ਮਿਲਣ ਪਿੱਛੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਘਰ ’ਚੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਉਸ ਨੇ ਆਪਣੇ 3 ਮਰਦ ਪੈਰੋਕਾਰਾਂ ਨੂੰ ਵੀ ਆਪਣੀਆਂ ਬੇਟੀਆਂ ਨਾਲ ਸੈਕਸ ਸਬੰਧ ਬਣਾਉਣ ਦਾ ਨਿਰਦੇਸ਼ ਦਿੱਤਾ ਜਿਨ੍ਹਾਂ ’ਚੋਂ ਇਕ ਤਾਂ 12 ਸਾਲ ਦੀ ਸੀ ਅਤੇ ਖੁਦ ਉਹ ਇਹ ਮਾੜਾ ਕਰਮ ਵੇਖਦਾ ਰਿਹਾ। ਉਹ ਇਹ ਸਭ ਕੰਮ ਖੁਦ ਨੂੰ ਮਸੀਹਾ ਦੱਸ ਕੇ ਕਰਦਾ ਸੀ। ਉਸ ਨੇ 2019 ’ਚ ਲਗਭਗ 50 ਪੈਰੋਕਾਰਾਂ ਦੇ ਛੋਟੇ ਜਿਹੇ ਗਰੁੱਪ ਦਾ ਕੰਟਰੋਲ ਸੰਭਾਲਣ ਪਿੱਛੋਂ ਖੁਦ ਨੂੰ ਮਸੀਹਾ ਕਰਾਰ ਦੇਣਾ ਸ਼ੁਰੂ ਕਰ ਦਿੱਤਾ।
ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਸ ਤਰ੍ਹਾਂ ਦੇ ਨੀਚਤਾ ਭਰੇ ਕੰਮਾਂ ਤੋਂ ਸਪੱਸ਼ਟ ਹੈ ਕਿ ਅੱਜ ਵੀ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ’ਚ ਬਰਾਬਰ ਢੰਗ ਨਾਲ ਅਜਿਹੇ ਦੁਸ਼ਟ ਕਿਸਮ ਦੇ ਲੋਕ ਮੌਜੂਦ ਹਨ ਜੋ ਭੋਲੇ-ਭਾਲੇ ਲੋਕਾਂ ਦੀ ਵਰਤੋਂ ਆਪਣੇ ਬੇਲੋੜੇ ਕੰਮਾਂ ਲਈ ਕਰ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ।
ਇਹ ਮਨੁੱਖ ਦੇ ਰੂਪ ’ਚ ਅਜਿਹੇ ਵਹਿਸ਼ੀ ਦਰਿੰਦੇ ਹਨ ਜਿਨ੍ਹਾਂ ਲਈ ਸੱਭਿਅਕ ਸਮਾਜ ’ਚ ਕੋਈ ਥਾਂ ਨਹੀਂ ਹੋਣੀ ਚਾਹੀਦੀ।
-ਵਿਜੇ ਕੁਮਾਰ