‘ਜਹਾਜ਼ ’ਚ ਬੁਰੇ ਵਤੀਰੇ’ ਦੀ ਹੱਦ ਪਾਰ, ਹੁਣ ‘ਮਹਿਲਾ ਡਾਕਟਰ ਦਾ ਸੈਕਸ ਸ਼ੋਸ਼ਣ’

07/30/2023 4:44:48 AM

ਕੁਝ ਸਮਾਂ ਪਹਿਲਾਂ ਤੱਕ ਸਹੂਲਤ ਤੇ ਸਨਮਾਨ ਦੀ ਨਜ਼ਰ ਤੋਂ ਬੱਸਾਂ-ਰੇਲਗੱਡੀਆਂ ਦੀ ਤੁਲਨਾ ’ਚ ਜਹਾਜ਼ ਯਾਤਰਾ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ। ਇਨ੍ਹਾਂ ’ਚ ਸਿੱਖਿਅਤ ਅਤੇ ਸੱਭਿਅਕ ਸਮਝੇ ਜਾਣ ਵਾਲੇ ਲੋਕਾਂ ਦੇ ਯਾਤਰਾ ਕਰਨ ਦੇ ਕਾਰਨ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਸੀ, ਪਰ ਹੁਣ ਹਾਲਾਤ ਬਦਲ ਰਹੇ ਹਨ। ਹੋਰ ਅਪਰਾਧਾਂ ਦੇ ਇਲਾਵਾ ਹੁਣ ਤਾਂ ਜਹਾਜ਼ਾਂ ’ਚ ਮਹਿਲਾ ਯਾਤਰੀਆਂ ਦੇ ਸੈਕਸ ਸ਼ੋਸ਼ਣ ਵਰਗੀਆਂ ਘਟਨਾਵਾਂ ਵੀ ਹੋਣ ਲੱਗੀਆਂ ਹਨ।

ਇਸ ਦੀ ਤਾਜ਼ਾ ਮਿਸਾਲ 26 ਜੁਲਾਈ ਨੂੰ ਦੇਖਣ ਨੂੰ ਮਿਲੀ, ਜਦ ਦਿੱਲੀ ਤੋਂ ਮੁੰਬਈ ਜਾ ਰਹੇ ਜਹਾਜ਼ ’ਚ 24 ਸਾਲਾ ਇਕ ਮਹਿਲਾ ਡਾਕਟਰ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਉਸ ਦੀ ਨਾਲ ਵਾਲੀ ਸੀਟ ’ਤੇ ਬੈਠੇ ਇਕ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਗਿਆ।

ਮਹਿਲਾ ਡਾਕਟਰ ਅਨੁਸਾਰ ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਕੁਝ ਸਮਾਂ ਪਹਿਲਾਂ ਦੋਸ਼ੀ ਪ੍ਰੋਫੈਸਰ ਨੇ ਉਨ੍ਹਾਂ ਨੂੰ ਗਲਤ ਢੰਗ ਨਾਲ ਛੂਹਿਆ। ਇਸ ਪਿੱਛੋਂ ਦੋਵਾਂ ’ਚ ਬਹਿਸ ਹੋਣ ’ਤੇ ਮਹਿਲਾ ਡਾਕਟਰ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਆ ਕੇ ਦੋਵਾਂ ਨੂੰ ਸ਼ਾਂਤ ਕੀਤਾ। ਜਹਾਜ਼ ’ਚੋਂ ਉਤਰ ਕੇ ਪੀੜਤਾ ਵੱਲੋਂ ਸਹਾਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਪਿੱਛੋਂ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜੇ ਪੜ੍ਹੇ-ਲਿਖੇ ਲੋਕ ਹੀ ਅਜਿਹਾ ਕਰਨ ਲੱਗਣਗੇ ਤਾਂ ਕੀ ਹੁਣ ਜਹਾਜ਼ਾਂ ’ਚ ਵੀ ਰੇਲਗੱਡੀਆਂ ਅਤੇ ਬੱਸਾਂ ਵਾਂਗ ਮਹਿਲਾਵਾਂ ਲਈ ਵੱਖਰੀਆਂ ਸੀਟਾਂ ਦੀ ਵਿਵਸਥਾ ਕਰਨੀ ਪਵੇਗੀ, ਜੋ ਸੰਭਵ ਨਹੀਂ। ਹੁਣ ਤਾਂ ਰੇਲਗੱਡੀਆਂ ’ਚ ਵੀ ਮਹਿੰਗੇ ਦਰਜੇ ਦੀਆਂ ਟਿਕਟਾਂ ਵਾਲੇ ਡੱਬੇ ’ਚ ਮਹਿਲਾਵਾਂ ਅਤੇ ਮਰਦਾਂ ਦੀਆਂ ਸੀਟਾਂ ਵੱਖ ਨਹੀਂ ਹੁੰਦੀਆਂ ਅਤੇ ਸਭ ਇਕੱਠੇ ਹੀ ਬੈਠਦੇ ਹਨ।

ਜਹਾਜ਼ ਕੰਪਨੀਆਂ ਜਹਾਜ਼ਾਂ ਤੋਂ ਬਾਹਰ ਸੁਰੱਖਿਆ ਦੇ ਨਾਂ ’ਤੇ ਸਖਤ ਕਦਮ ਉਠਾਉਂਦੀਆਂ ਹਨ। ਜਿਵੇਂ ਕਿ 27 ਜੁਲਾਈ ਨੂੰ ਬੈਂਗਲੁਰੂ ਹਵਾਈ ਅੱਡੇ ’ਤੇ ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਨੂੰ ਇਕ ਮਿੰਟ ਦੇਰ ਨਾਲ ਪਹੁੰਚਣ ਕਾਰਨ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਹਾਲਾਂਕਿ ਬਾਅਦ ’ਚ ਕੰਪਨੀ ਨੂੰ ਮੁਆਫੀ ਮੰਗਣੀ ਪਈ ਪਰ ਜਹਾਜ਼ਾਂ ਦੇ ਅੰਦਰ ਸੁਰੱਖਿਆ ਪ੍ਰਬੰਧ ਹੁਣ ਨਾਮਾਤਰ ਹੀ ਰਹਿ ਗਏ ਹਨ ਜੋ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 10 ਅਪ੍ਰੈਲ, 2023 ਨੂੰ ਦਿੱਲੀ ਤੋਂ ਲੰਡਨ ਜਾ ਰਹੀ ‘ਏਅਰ ਇੰਡੀਆ’ ਦੀ ਉਡਾਣ ’ਚ ਇਕ ਯਾਤਰੀ ਨੇ ਜਹਾਜ਼ ਦੇ ਉਡਾਣ ਭਰਦਿਆਂ ਹੀ 2 ਕੈਬਿਨ ਕਰੂ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਕੁੱਟਿਆ।

* 7 ਅਪ੍ਰੈਲ, 2023 ਨੂੰ ਦਿੱਲੀ ਤੋਂ ਬੈਂਗਲੁਰੂ ਜਾ ਰਹੇ ‘ਇੰਡੀਗੋ’ ਦੇ ਇਕ ਜਹਾਜ਼ ’ਚ ਨਸ਼ੇ ’ਚ ਧੁੱਤ ਯਾਤਰੀ ਨੇ ਜਹਾਜ਼ ਦੇ ਐਮਰਜੈਂਸੀ ਗੇਟ ਦੀ ਕੁੰਡੀ ਖੋਲ੍ਹਣ ਦੀ ਕੋਸ਼ਿਸ਼ ਕੀਤੀ।

* 23 ਮਾਰਚ, 2023 ਨੂੰ ‘ਇੰਡੀਗੋ’ ਦੀ ਦੁਬਈ-ਮੁੰਬਈ ਉਡਾਣ ’ਚ 2 ਯਾਤਰੀਆਂ ਨੇ ਜਹਾਜ਼ ’ਚ ਸਹਿ-ਯਾਤਰੀਆਂ ਨਾਲ ਬਦਸਲੂਕੀ ਕੀਤੀ ਅਤੇ ਕਰੂ ਮੈਂਬਰਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਸ਼ਰਾਬ ਪੀਂਦੇ ਰਹੇ।

* 16 ਦਸੰਬਰ, 2022 ਨੂੰ ਇਸਤਾਂਬੁਲ ਤੋਂ ਦਿੱਲੀ ਆ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਇਕ ਯਾਤਰੀ ਦਾ ਏਅਰ ਹੋਸਟੈੱਸ ਵੱਲੋਂ ਪਰੋਸੇ ਜਾਣ ਵਾਲੇ ਭੋਜਨ ਨੂੰ ਲੈ ਕੇ ਵਿਵਾਦ ਹੋ ਗਿਆ। ਯਾਤਰੀ ਦੇ ਤੇਜ਼ ਆਵਾਜ਼ ’ਚ ਚੀਕਣ ’ਤੇ ਏਅਰ ਹੋਸਟੈੱਸ ਨੇ ਉਸ ਨੂੰ ਚੁੱਪ ਰਹਿਣ ਅਤੇ ਗੱਲ ਕਰਨ ਦੇ ਲਹਿਜ਼ੇ ’ਤੇ ਧਿਆਨ ਦੇਣ ਨੂੰ ਕਿਹਾ ਤਾਂ ਬਹਿਸ ਹੋ ਗਈ।

ਯਾਤਰੀ ਦੇ ਇਹ ਕਹਿਣ ’ਤੇ ਕਿ ‘‘ਤੂੰ ਨੌਕਰ ਹੈਂ’’, ਏਅਰ ਹੋਸਟੈੱਸ ਵੀ ਭੜਕ ਗਈ ਅਤੇ ਬੋਲੀ, ‘‘ਹਾਂ, ਮੈਂ ਇਕ ਮੁਲਾਜ਼ਮ ਹਾਂ ਪਰ ਤੁਹਾਡੀ ਨੌਕਰ ਨਹੀਂ ਹਾਂ। ਤੁਸੀਂ ਚਾਲਕ ਦਲ ਦੇ ਮੈਂਬਰ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ।’’

* 26 ਨਵੰਬਰ, 2022 ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ’ਚ 70 ਸਾਲਾ ਬਜ਼ੁਰਗ ਮਹਿਲਾ ਯਾਤਰੀ ’ਤੇ ਨਸ਼ੇ ’ਚ ਧੁੱਤ ਇਕ ਯਾਤਰੀ ਨੇ ਪਿਸ਼ਾਬ ਕਰ ਦਿੱਤਾ ਜਿਸ ਨਾਲ ਮਹਿਲਾ ਦੇ ਕੱਪੜੇ, ਜੁੱਤੀ ਅਤੇ ਬੈਗ ਵੀ ਭਿੱਜ ਗਏ।

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਹਾਜ਼ ਕੰਪਨੀਆਂ ਨੂੰ ਜਹਾਜ਼ਾਂ ਦੇ ਅੰਦਰ ਸੁਰੱਖਿਆ ਵਿਵਸਥਾ ਪ੍ਰਭਾਵਸ਼ਾਲੀ ਬਣਾਉਣ ਦੀ ਤੁਰੰਤ ਲੋੜ ਹੈ। ਇਸ ਲਈ ਜਿੱਥੇ ਜਹਾਜ਼ ਦੇ ਹਵਾਈ ਅੱਡੇ ’ਤੇ ਉਤਰਦੇ ਹੀ ਦੰਗਾਕਾਰੀ ਯਾਤਰੀਆਂ ਨੂੰ ਪੁਲਸ ਦੇ ਹਵਾਲੇ ਕਰਨ ਦੀ ਲੋੜ ਹੈ, ਉੱਥੇ ਹੀ ਅਜਿਹੇ ਯਾਤਰੀਆਂ ਨੂੰ ‘ਨੋ ਫਲਾਇਰ’ ਸੂਚੀ ’ਚ ਪਾ ਕੇ ਲੰਬੀ ਮਿਆਦ ਲਈ ਉਨ੍ਹਾਂ ਦੇ ਜਹਾਜ਼ ਯਾਤਰਾ ਕਰਨ ’ਤੇ ਰੋਕ ਲਾਉਣੀ ਚਾਹੀਦੀ ਹੈ।

ਅਜੇ ਜਹਾਜ਼ ਕੰਪਨੀਆਂ ਥੋੜ੍ਹੀ ਜਿਹੀ ਮਿਆਦ ਲਈ ਹੀ ਆਪਣੇ ਜਹਾਜ਼ਾਂ ’ਚ ਅਜਿਹੇ ਯਾਤਰੀਆਂ ਦੇ ਯਾਤਰਾ ਕਰਨ ’ਤੇ ਰੋਕ ਲਾਉਂਦੀਆਂ ਹਨ ਪਰ ਇਹ ਰੋਕ ਸਾਰੀਆਂ ਕੰਪਨੀਆਂ ਦੇ ਜਹਾਜ਼ਾਂ ’ਚ ਕੀਤੀ ਜਾਣ ਵਾਲੀ ਯਾਤਰਾ ’ਤੇ ਲਾਈ ਜਾਣੀ ਚਾਹੀਦੀ ਹੈ।

-ਵਿਜੇ ਕੁਮਾਰ


Mukesh

Content Editor

Related News