ਹੁਣ ਵਧਣ ਲੱਗਾ ਲੋਕਾਂ ''ਚ ਵੱਖਵਾਦੀਆਂ ਵਿਰੁੱਧ ਗੁੱਸਾ

Tuesday, Jun 26, 2018 - 04:22 AM (IST)

1947 ਵਿਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਹਾਕਮਾਂ ਨੇ ਭਾਰਤ ਵਿਰੁੱਧ ਛੇੜੀ ਅਸਿੱਧੀ ਜੰਗ ਦੀ ਕੜੀ 'ਚ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਜ਼ਰੀਏ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ, ਦੰਗੇ ਕਰਵਾਉਣ, ਅੱਤਵਾਦ ਭੜਕਾਉਣ, ਗੈਰ-ਮੁਸਲਮਾਨਾਂ ਨੂੰ ਇਥੋਂ ਭਜਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ ਅਤੇ 'ਆਜ਼ਾਦੀ' ਦੀ ਦੁਹਾਈ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। 
ਇਨ੍ਹਾਂ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਪਾਕਿਸਤਾਨ ਤੋਂ ਮਾਲੀ ਸਹਾਇਤਾ ਮਿਲਦੀ ਹੈ ਅਤੇ ਭਾਰਤ ਸਰਕਾਰ ਵੀ ਇਨ੍ਹਾਂ ਦੀ ਸੁਰੱਖਿਆ 'ਤੇ ਹਰ ਸਾਲ ਕਰੋੜਾਂ ਰੁਪਏ ਖਰਚ ਕਰਦੀ ਹੈ। ਜਿੱਥੇ ਸਰਹੱਦ ਦੇ ਦੋਵੇਂ ਪਾਸੇ ਆਮ ਲੋਕ ਜਲਾਲਤ ਅਤੇ ਦੁੱਖ ਭਰੀ ਜ਼ਿੰਦਗੀ ਜੀਅ ਰਹੇ ਹਨ, ਉਥੇ ਹੀ ਇਹ ਅੱਤਵਾਦੀ, ਵੱਖਵਾਦੀ ਅਤੇ ਇਨ੍ਹਾਂ ਦੇ ਪਾਲ਼ੇ ਹੋਏ ਹੋਰ ਲੋਕ ਮਜ਼ੇ ਕਰ ਰਹੇ ਹਨ। 
ਇਹ ਖ਼ੁਦ ਤਾਂ ਆਲੀਸ਼ਾਨ ਮਕਾਨਾਂ 'ਚ ਠਾਠ ਨਾਲ ਜ਼ਿੰਦਗੀ ਬਿਤਾਉਂਦੇ ਹਨ ਅਤੇ ਇਨ੍ਹਾਂ ਦੇ ਬੱਚੇ ਦੇਸ਼ ਦੇ ਦੂਜੇ ਹਿੱਸਿਆਂ ਤੇ ਵਿਦੇਸ਼ਾਂ ਵਿਚ ਸੁਰੱਖਿਅਤ ਰਹਿ ਰਹੇ ਹਨ। ਇਹ ਦੂਜੇ ਦੇਸ਼ਾਂ ਵਿਚ ਹੀ ਵਿਆਹ ਕਰਵਾਉਂਦੇ ਅਤੇ ਆਪਣੀ ਪੜ੍ਹਾਈ-ਲਿਖਾਈ ਤੇ ਇਲਾਜ ਆਦਿ ਕਰਵਾਉਂਦੇ ਹਨ। 
ਇਹ ਵਾਦੀ 'ਚ ਅਸ਼ਾਂਤੀ ਫੈਲਾਉਣ ਲਈ ਲੋੜਵੰਦ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਂਦੇ ਹਨ ਪਰ ਹੁਣ ਇਨ੍ਹਾਂ ਵੱਖਵਾਦੀਆਂ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਹੈ ਤੇ ਲੋਕ ਇਨ੍ਹਾਂ ਦੀ ਪੋਲ ਖੋਲ੍ਹਣ ਲੱਗ ਪਏ ਹਨ। 
ਇਸ ਦੀ ਪਹਿਲੀ ਮਿਸਾਲ 4 ਜੂਨ ਨੂੰ ਮਿਲੀ, ਜਦੋਂ ਸ਼੍ਰੀਨਗਰ ਦੇ ਨੌਹਟਾ ਮੁਹੱਲੇ ਵਿਚ ਸੀ. ਆਰ. ਪੀ. ਐੱਫ. ਦੀ ਗੱਡੀ ਨਾਲ ਟਕਰਾ ਕੇ ਮਾਰੇ ਗਏ ਪੱਥਰਬਾਜ਼ ਦੇ ਇਕ ਰਿਸ਼ਤੇਦਾਰ ਨੌਜਵਾਨ ਨੇ ਕਸ਼ਮੀਰੀ ਵੱਖਵਾਦੀ ਆਗੂਆਂ ਦੀ ਨੇਕ-ਨੀਅਤ 'ਤੇ ਸਵਾਲ ਉਠਾਏ।
ਹੁਰੀਅਤ ਆਗੂ ਸਈਦ ਅਲੀਸ਼ਾਹ ਗਿਲਾਨੀ 'ਤੇ ਸਵਾਲ ਉਠਾਉਂਦਿਆਂ ਉਕਤ ਨੌਜਵਾਨ ਨੇ ਵੱਖਵਾਦੀਆਂ 'ਤੇ ਕਸ਼ਮੀਰ ਦੇ ਮੁੱਦੇ 'ਤੇ ਪਾਖੰਡ ਕਰਨ ਤੇ ਲੱਖਾਂ ਨੌਜਵਾਨਾਂ ਨੂੰ ਬਹਿਲਾ-ਫੁਸਲਾ ਕੇ ਆਪਣੀ ਸਿਆਸਤ ਕਰਨ ਦਾ ਦੋਸ਼ ਲਾਇਆ। ਸੋਸ਼ਲ ਮੀਡੀਆ 'ਤੇ ਵਾਇਰਲ 58 ਸਕਿੰਟਾਂ ਦੇ ਵੀਡੀਓ ਵਿਚ ਉਹ ਕਹਿ ਰਿਹਾ ਹੈ :
''ਵੱਖਵਾਦੀਆਂ ਦੇ ਰਵੱਈਏ ਵਿਚ ਦੋਗਲਾਪਨ ਹੈ। ਗਿਲਾਨੀ ਸਾਹਿਬ ਨੇ ਸਾਡੇ ਬੱਚਿਆਂ ਨੂੰ ਕ੍ਰਿਸ਼ਚੀਅਨ ਸਕੂਲਾਂ ਵਿਚ ਜਾਣ ਤੋਂ ਮਨ੍ਹਾ ਕੀਤਾ ਹੈ, ਜਦਕਿ ਹੁਣ ਉਹ ਵੱਖਵਾਦੀ ਆਗੂ ਸ਼ੱਬੀਰ ਸ਼ਾਹ ਦੀ ਧੀ ਸਮਾ ਨੂੰ 'ਦਿੱਲੀ ਪਬਲਿਕ ਸਕੂਲ' ਦੀ ਵਿਦਿਆਰਥਣ ਵਜੋਂ ਇਮਤਿਹਾਨ ਵਿਚ ਬੇਹਤਰ ਪ੍ਰਦਰਸ਼ਨ ਕਰਨ 'ਤੇ ਵਧਾਈ ਦੇ ਰਹੇ ਹਨ।''
ਹੁਰੀਅਤ ਆਗੂਆਂ 'ਤੇ ਨਿਜ਼ਾਮ-ਏ-ਮੁਸਤਫਾ' (ਇਸਲਾਮ ਆਧਾਰਿਤ ਸ਼ਾਸਨ ਪ੍ਰਣਾਲੀ) ਤੋਂ ਭਟਕਣ ਦਾ ਦੋਸ਼ ਲਾਉਂਦਿਆਂ ਉਸ ਨੇ ਕਿਹਾ, ''ਤੁਸੀਂ ਨਿਜ਼ਾਮ-ਏ-ਮੁਸਤਫਾ ਲਿਆਓਗੇ? ਪੈਗੰਬਰ (ਹਜ਼ਰਤ ਮੁਹੰਮਦ) ਦੇ ਉਪਦੇਸ਼ ਵਿਰੁੱਧ, ਜਿਸ ਵਿਚ ਉਨ੍ਹਾਂ ਨੇ ਮਰਨ ਵਾਲੇ ਨੂੰ ਛੇਤੀ ਦਫਨਾਉਣ ਲਈ ਕਿਹਾ ਹੈ, ਸਾਡੇ ਚਚੇਰੇ ਭਰਾ ਦੀ ਲਾਸ਼ ਨੂੰ ਸਿਆਸਤ ਦੀ ਨੁਮਾਇਸ਼ ਲਈ 3 ਘੰਟੇ ਸੜਕ 'ਤੇ ਰੱਖਿਆ ਗਿਆ।''
''ਕੀ ਇਹੋ ਪਵਿੱਤਰ ਪੈਗੰਬਰ ਦੀ ਸਿੱਖਿਆ ਹੈ? ਤੁਹਾਡੇ ਕੋਲ ਆਉਣ ਵਾਲੇ ਬੱਚਿਆਂ ਨੂੰ ਸਿਵਾਏ ਨਾਅਰਿਆਂ ਦੇ ਹੋਰ ਕੀ ਮਿਲਦਾ ਹੈ? ਲੀਡਰਸ਼ਿਪ ਕੀ ਕਰ ਰਹੀ ਹੈ? ਲੱਖਾਂ ਲੋਕ ਹੁਣ ਹੁਰੀਅਤ ਤੋਂ ਡਰਨ ਲੱਗੇ ਹਨ।''
ਇਸੇ ਤਰ੍ਹਾਂ ਅਨੰਤਨਾਗ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਆਈ. ਐੱਸ. ਦੇ ਸਰਗਣੇ ਦਾਊਦ ਅਹਿਮਦ ਸੋਫੀ ਦਾ 2 ਮਿੰਟ 46 ਸਕਿੰਟਾਂ ਦਾ ਇਕ ਆਡੀਓ 24 ਜੂਨ ਨੂੰ ਵਾਇਰਲ ਹੋਇਆ ਹੈ, ਜਿਸ ਵਿਚ ਉਸ ਨੇ ਹੁਰੀਅਤ ਤੇ ਹੋਰਨਾਂ ਆਗੂਆਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਉਨ੍ਹਾਂ ਨੂੰ 'ਕੌਮ ਦੇ ਗੱਦਾਰ' ਦੱਸਦਿਆਂ ਕਿਹਾ ਹੈ ਕਿ :
''ਹੁਰੀਅਤ ਵਾਲਿਆਂ ਨੇ 60 ਸਾਲਾਂ ਤੋਂ ਅੱਤਵਾਦੀਆਂ ਤੇ ਪੂਰੀ ਕਸ਼ਮੀਰੀ ਕੌਮ ਨਾਲ ਧੋਖਾ ਕੀਤਾ ਹੈ। ਇਨ੍ਹਾਂ ਨੇ ਅੱਤਵਾਦੀਆਂ ਦਾ ਖੂਨ ਵੇਚਿਆ ਹੈ, ਇਸ ਲਈ ਇਨ੍ਹਾਂ ਨਾਲ ਨਾ ਜੁੜੋ।''
ਜਿੱਥੇ ਹੁਣ ਵੱਖਵਾਦੀਆਂ ਦੇ ਇਸ਼ਾਰਿਆਂ 'ਤੇ ਚੱਲਣ ਵਾਲੇ ਹੀ ਉਨ੍ਹਾਂ ਦੀ ਪੋਲ ਖੋਲ੍ਹਣ ਲੱਗ ਪਏ ਹਨ, ਉਥੇ ਹੀ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਹੱਥੋਂ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਵਿਚ ਵੀ ਅੱਤਵਾਦੀਆਂ ਅਤੇ ਵੱਖਵਾਦੀਆਂ ਵਿਰੁੱਧ ਭਾਰੀ ਰੋਸ ਤੇ ਗੁੱਸਾ ਪੈਦਾ ਹੋ ਰਿਹਾ ਹੈ। 
14 ਜੂਨ ਨੂੰ ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਫੌਜ ਦੇ ਜਵਾਨ ਔਰੰਗਜ਼ੇਬ ਦੇ ਪਿਤਾ ਮੁਹੰਮਦ ਹਨੀਫ ਨੇ ਵਾਦੀ ਵਿਚ ਫੈਲੇ ਅੱਤਵਾਦ ਲਈ ਅੱਤਵਾਦੀਆਂ ਪ੍ਰਤੀ ਸਰਕਾਰ ਦੀ ਕਮਜ਼ੋਰ ਨੀਤੀ ਨੂੰ ਜ਼ਿੰਮੇਵਾਰ ਦੱਸਦਿਆਂ ਸਰਕਾਰ ਤੋਂ ਔਰੰਗਜ਼ੇਬ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕੀਤੀ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ''ਸਰਕਾਰ 2003 ਤੋਂ ਅੱਤਵਾਦੀਆਂ ਦਾ ਸਫਾਇਆ ਕਰਨ ਵਿਚ ਲੱਗੀ ਹੋਈ ਹੈ ਪਰ ਅਜੇ ਤਕ ਇਸ ਨੂੰ ਸਫਲਤਾ ਨਹੀਂ ਮਿਲੀ। ਇਸ ਲਈ ਸਿਆਸਤਦਾਨਾਂ ਤੇ ਵੱਖਵਾਦੀਆਂ ਨੂੰ ਸ਼੍ਰੀਨਗਰ 'ਚੋਂ ਬਾਹਰ ਕੱਢ ਕੇ ਅੱਤਵਾਦੀਆਂ ਦੇ ਸਫਾਏ ਲਈ ਫੌਜ ਨੂੰ ਸਮੁੱਚੀ ਵਾਦੀ ਛਾਣਨ ਲਈ ਖੁੱਲ੍ਹੀ ਛੋਟ ਦੇ ਦੇਣੀ ਚਾਹੀਦੀ ਹੈ।''
ਇਸ ਸਮੇਂ ਜਦੋਂ ਵਾਦੀ ਵਿਚ ਜਨ ਜੀਵਨ ਠੱਪ ਜਿਹਾ ਹੋਇਆ ਪਿਆ ਹੈ, ਵੱਖਵਾਦੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਦਾਲ ਹੁਣ ਬਹੁਤੀ ਦੇਰ ਤਕ ਗਲਣ ਵਾਲੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਵਾਦੀ ਦੇ ਹਾਲਾਤ ਸੁਧਾਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਇਥੇ ਸ਼ਾਂਤੀ ਕਾਇਮ ਹੋਵੇ ਤੇ ਲੋਕਾਂ ਦੀ ਜ਼ਿੰਦਗੀ ਵਿਚ ਸੁੱਖ, ਖੁਸ਼ਹਾਲੀ ਆ ਸਕੇ।                                                     
—ਵਿਜੇ ਕੁਮਾਰ


Vijay Kumar Chopra

Chief Editor

Related News