ਦੇਸ਼ ਨੂੰ ਘੁਣ ਵਾਂਗ ਖਾ ਰਿਹੈ ''ਰਿਸ਼ਵਤ ਦਾ ਰੋਗ''

09/24/2016 2:25:04 AM

ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਨਾਸੂਰ ਦੇਸ਼ ''ਚ ਇੰਨੀਆਂ ਡੂੰਘੀਆਂ ਜੜ੍ਹਾਂ ਜਮਾ ਚੁੱਕਾ ਹੈ ਕਿ ਹਰ ਰੋਜ਼ ਉੱਪਰੋਂ ਲੈ ਕੇ ਹੇਠਲੇ ਪੱਧਰ ਤਕ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਵੱਡੇ ਤੋਂ ਲੈ ਕੇ ਛੋਟੇ-ਛੋਟੇ ਕੰਮਾਂ ਤੱਕ ਲਈ ਵੀ ਰਿਸ਼ਵਤ ਲਈ ਜਾ ਰਹੀ ਹੈ ਅਤੇ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਇਹ ਸਿਲਸਿਲਾ ਰੁਕਣ ''ਚ ਨਹੀਂ ਆ ਰਿਹਾ। ਅਜਿਹੀਆਂ ਹੀ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
*  1 ਸਤੰਬਰ  ਨੂੰ ਬਿਹਾਰ ''ਚ ਧਨਬਾਦ ਦੇ ਸਰਾਏਢੇਲਾ ਥਾਣੇ ਦੇ ਇਕ ਥਾਣੇਦਾਰ ਬਲਿਰਾਮ ਭਗਤ ਨੂੰ ਐਂਟੀ ਕੁਰੱਪਸ਼ਨ ਬਿਊਰੋ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਸੰਬੰਧੀ ਮਾਮਲੇ ''ਚ ਰਾਹਤ ਦੇਣ ਬਦਲੇ ਇਕ ਵਿਅਕਤੀ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 1 ਸਤੰਬਰ ਨੂੰ ਹੀ ਮਹਾਰਾਸ਼ਟਰ ਦੇ ਠਾਣੇ ''ਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਡੀ. ਐੱਸ. ਪੀ. ਵਿੱਠਲ ਜਾਲਿੰਦਰ ਚਿੰਤਾਮਣ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
* 1 ਸਤੰਬਰ ਨੂੰ ਹੀ ਅਜਮੇਰ ਜ਼ਿਲੇ ਦੇ ਕਿਸ਼ਨਗੜ੍ਹ ''ਚ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਗਏ ਥਾਣੇਦਾਰ ਸ਼ਿਸ਼ੂਪਾਲ ਮੀਣਾ ਨੂੰ ਜਦੋਂ ਕੋਰਟ ''ਚ ਪੇਸ਼ ਕੀਤਾ ਤਾਂ ਉਹ ਮੂੰਹ ਲੁਕਾਉਣ ਦੀ ਬਜਾਏ ਬੇਸ਼ਰਮੀ ਨਾਲ ਹੱਸਦਾ ਰਿਹਾ।
* 4 ਸਤੰਬਰ ਨੂੰ ਅਬੋਹਰ ''ਚ ਅਫੀਮ ਸਮੱਗਲਿੰਗ ਦੇ ਦੋਸ਼ੀਆਂ ਤੋਂ ਡੇਢ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ੇਹੇਠ ਸੀ. ਆਈ. ਏ. ਸਟਾਫ ਦਾ ਇੰਚਾਰਜ ਬਲਵਿੰਦਰ ਸਿੰਘ ਗ੍ਰਿਫਤਾਰ।
* 7 ਸਤੰਬਰ ਨੂੰ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲੇ ''ਚ ਐਂਟੀ ਕੁਰੱਪਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਸਹਾਇਕ ਖੁਰਾਕ ਅਧਿਕਾਰੀ ਸੰਜੇ ਦੂਬੇ ਨੂੰ ਇਕ ਲੱਖ ਚਾਲੀ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 8 ਸਤੰਬਰ ਨੂੰ ਬਠਿੰਡਾ ਦੀ ਪੁਲਸ ਚੌਕੀ ਵਰਧਮਾਨ ''ਚ ਹੌਲਦਾਰ ਸ਼ਿਵਰਾਜ ਸਿੰਘ ਅਤੇ ਹੋਮਗਾਰਡ ਦੇ ਸਿਪਾਹੀ ਜਤਿੰਦਰ ਸਿੰਘ ਨੂੰ ਇਕ ਔਰਤ ਨੂੰ ਧਮਕਾ ਕੇ ਉਸ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 12 ਸਤੰਬਰ ਨੂੰ ਭਵਾਨੀਗੜ੍ਹ (ਸੰਗਰੂਰ) ਦੇ ਏ. ਐੱਸ. ਆਈ. ਕੌਰ ਸਿੰਘ ਨੂੰ ਇਕ ਵਿਅਕਤੀ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 12 ਸਤੰਬਰ ਨੂੰ ਹੀ ਹਰਿਆਣਾ ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਦੇ ਕਲਰਕ ਰਾਕੇਸ਼ ਕੁਮਾਰ (ਉਕਲਾਨਾ) ਅਤੇ ਪਟਵਾਰੀ ਰੋਸ਼ਨ ਲਾਲ (ਗੋਹਾਨਾ)  ਨੂੰ ਕ੍ਰਮਵਾਰ ਚਾਰ ਹਜ਼ਾਰ ਤੇ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 13 ਸਤੰਬਰ ਨੂੰ ਹਰਿਆਣਾ ਪੁਲਸ ਮਹਿਕਮੇ ਦੇ ਚਾਰ ਅਧਿਕਾਰੀਆਂ ਏ. ਐੱਸ. ਆਈ. ਮਨਦੀਪ ਸਿੰਘ, ਹੌਲਦਾਰ ਧੀਰਜ ਕੁਮਾਰ, ਹੈੱਡ ਕਾਂਸਟੇਬਲ ਕਿਸ਼ਨ ਕੁਮਾਰ ਅਤੇ ਕਾਂਸਟੇਬਲ ਪ੍ਰਵੀਨ ਕੁਮਾਰ ਨੂੰ ਹੈਰੋਇਨ ਦੇ ਇਕ ਕੇਸ ''ਚ ਰਿਸ਼ਵਤ ਲੈ ਕੇ ਇਕ ਵਿਅਕਤੀ ਨੂੰ ਰਿਹਾਅ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕੀਤਾ ਗਿਆ।
* 15 ਸਤੰਬਰ ਨੂੰ ਲੁਧਿਆਣਾ ''ਚ ਸਾਈਕਲ ਚੋਰੀ ਕੀਤੇ ਜਾਣ ਦੇ ਮਾਮਲੇ ''ਚ ਹਿਰਾਸਤ ਵਿਚ ਲਏ ਗਏ ਇਕ ਅਪਾਹਜ ਨੂੰ ਛੱਡਣ ਬਦਲੇ ਉਸ ਦੇ ਪਿਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪੁਲਸ ਕਾਂਸਟੇਬਲ  ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ।
* 15 ਸਤੰਬਰ ਨੂੰ ਹੀ ਲੁਧਿਆਣਾ ''ਚ ਇਕ ਵਪਾਰੀ ਮਨੀਸ਼ ਕੁਮਾਰ ਦੀ ਸ਼ਿਕਾਇਤ ''ਤੇ ਉਸ ਦੀ ਬਿਲਡਿੰਗ ''ਚ ਬਿਜਲੀ ਦਾ ਮੀਟਰ ਲਾਉਣ ਬਦਲੇ ਇਕ ਲੱਖ ਰੁਪਏ  ਰਿਸ਼ਵਤ ਲੈਂਦਿਆਂ ਐਕਸੀਅਨ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
* 16 ਸਤੰਬਰ ਨੂੰ ਬੈਂਗਲੁਰੂ ''ਚ ਮਨਰੇਗਾ ਯੋਜਨਾ ਲਾਗੂ ਕਰਨ ਨਾਲ ਸੰਬੰਧਤ ਤਕਨੀਕੀ ਸਹਾਇਕ ਇੰਜੀਨੀਅਰ ਐੱਚ. ਆਰ. ਸ਼੍ਰੀਨਿਵਾਸ ਸਾਹਮਣੇ ਦੋ ਠੇਕੇਦਾਰਾਂ ਕੇਸ਼ਵ ਅਤੇ ਮੰਜੂਨਾਥ ਵਲੋਂ ਪੇਸ਼ ਕੀਤੇ ਗਏ 69 ਹਜ਼ਾਰ ਰੁਪਏ ਦੇ ਗਲਤ ਬਿੱਲ ਸਵੀਕਾਰ ਨਾ ਕਰਨ ''ਤੇ ਠੇਕੇਦਾਰਾਂ ਨੇ ਉਸ ਦਾ ਇਕ ਹੱਥ ਵੱਢ ਦਿੱਤਾ।
* 19 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲੇ ''ਚ ਨੌਦੀਆ ਪੰਚਾਇਤ ਦੇ ਸਕੱਤਰ ਯੁਵਰਾਜ ਸਿੰਘ ਦੀ ਰਿਹਾਇਸ਼ ''ਤੇ ਛਾਪੇਮਾਰੀ ਦੌਰਾਨ ਤਿੰਨ ਮਕਾਨਾਂ, ਚਾਰ ਗੱਡੀਆਂ, ਸਾਢੇ ਸੱਤ ਏਕੜ ਜ਼ਮੀਨ, 80 ਹਜ਼ਾਰ ਰੁਪਏ ਨਕਦ, 10 ਬੈਂਕਾਂ ਦੀਆਂ ਪਾਸਬੁੱਕਾਂ ਤੇ ਬੀਮੇ ਨਾਲ ਸੰਬੰਧਤ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ  ਬੇਹਿਸਾਬੀ ਜਾਇਦਾਦ ਦਾ ਪਤਾ ਲੱਗਾ।
* 22 ਸਤੰਬਰ ਨੂੰ ਬਰਨਾਲਾ ''ਚ ਵਿਜੀਲੈਂਸ ਵਿਭਾਗ ਨੇ ਇਕ ਥਾਣੇਦਾਰ ਚਰਨਜੀਤ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ''ਚੋਂ 1000-1000 ਰੁਪਏ ਦੇ ਪੰਜ ਨੋਟ  ਬਰਾਮਦ ਕੀਤੇ।
* 22 ਸਤੰਬਰ ਨੂੰ ਹੀ ਇੰਦੌਰ ਲੋਕ-ਆਯੁਕਤ ਪੁਲਸ ਨੇ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲੇ ਦੇ ਪਿੰਡ ਮਾਂਡਲੀ ਦੀ ਆਦਿਮ ਜਾਤੀ ਸੇਵਾ ਸਹਿਕਾਰੀ ਸਮਿਤੀ ਦੇ ਸੇਲਜ਼ਮੈਨ ਫੱਤੇ ਸਿੰਘ ਪੜਵਾਲ ਦੇ ਤਿੰਨ ਟਿਕਾਣਿਆਂ ''ਤੇ ਛਾਪੇ ਮਾਰ ਕੇ ਉਸ ਕੋਲੋਂ ਲੱਗਭਗ ਇਕ ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦਾ ਪਤਾ ਲਗਾਇਆ।
ਸਪੱਸ਼ਟ ਤੌਰ ''ਤੇ ਅੱਜ ਰਿਸ਼ਵਤਖੋਰੀ ਦੇ ਮਾਇਆਜਾਲ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਲਪੇਟ ''ਚ ਲੈ ਲਿਆ ਹੈ, ਜੋ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਦੋਸ਼ੀਆਂ ਵਿਰੁੱਧ ਸਖਤ ਅਤੇ ਸਿੱਖਿਆਦਾਇਕ ਕਾਰਵਾਈ ਨਾਲ ਹੀ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ।                                                        
—ਵਿਜੇ ਕੁਮਾਰ


Vijay Kumar Chopra

Chief Editor

Related News