ਕੈਨੇਡਾ ਤੇ ਪਾਕਿਸਤਾਨ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਦੀਆਂ ‘ਖਰੀਆਂ-ਖਰੀਆਂ’

Friday, Jun 30, 2023 - 04:44 AM (IST)

ਕੈਨੇਡਾ ਤੇ ਪਾਕਿਸਤਾਨ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਦੀਆਂ ‘ਖਰੀਆਂ-ਖਰੀਆਂ’

ਕੈਨੇਡਾ ਦੇ ਕੁਝ ਗੁਰਦੁਆਰਿਆਂ ਵਿਚ ਭਾਰਤ ਵਿਰੋਧੀ ਖਾਲਿਸਤਾਨੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉੱਥੇ ਖੁੱਲ੍ਹੇਆਮ ਭਾਰਤ ਵਿਚ ਖਾਲਿਸਤਾਨ ਬਣਾਉਣ ਲਈ ਗੁਰਪਤਵੰਤ ਸਿੰਘ ਪੰਨੂ ਆਪਣੀ ਸੰਸਥਾ ‘ਸਿੱਖਸ ਫਾਰ ਜਸਟਿਸ’ ਦੇ ਨਾਂ ’ਤੇ ਰੈਫਰੈਂਡਮ ਕਰਵਾਉਂਦਾ ਹੈ ਪਰ ਇਸ ਦੇ ਬਾਵਜੂਦ ਕੈਨੇਡਾ ਸਰਕਾਰ ਇਸ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹਵਾਲਾ ਦੇ ਕੇ ਇਸ ਨੂੰ ਉਚਿਤ ਦੱਸਦੀ ਹੈ।

ਇਸੇ ਸੰਦਰਭ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 28 ਜੂਨ ਨੂੰ ‘ਇੰਡੀਆ ਇੰਟਰਨੈਸ਼ਨਲ ਸੈਂਟਰ’ ’ਚ ਬੋਲਦੇ ਹੋਏ ਕੈਨੇਡਾ ਸਰਕਾਰ ਨੂੰ ਕਿਹਾ :

‘‘ਪਿਛਲੇ ਕੁਝ ਸਾਲਾਂ ’ਚ ਇਸ ਮੁੱਦੇ ’ਤੇ ਦੋਵਾਂ ਦੇਸ਼ਾਂ (ਭਾਰਤ ਅਤੇ ਕੈਨੇਡਾ) ਦੇ ਸਬੰਧ ਕਈ ਅਰਥਾਂ ’ਚ ਪ੍ਰਭਾਵਿਤ ਹੋਏ ਹਨ। ਖਾਲਿਸਤਾਨ ਦੇ ਮੁੱਦੇ ਨੂੰ ਉਹ ਕਿਵੇਂ ਨਜਿੱਠਦਾ ਹੈ, ਇਹ ਸਾਡੇ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ ਕਿਉਂਕਿ ਸਪੱਸ਼ਟ ਤੌਰ ’ਤੇ ਇਹ ਵੋਟ ਬੈਂਕ ਦੀਆਂ ਮਜਬੂਰੀਆਂ ਅਤੇ ਸਿਆਸਤ ਤੋਂ ਪ੍ਰੇਰਿਤ ਹੈ।’’

‘‘ਕੈਨੇਡਾ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸਾਡੀ ਰਾਸ਼ਟਰੀ ਸੁਰੱਖਿਆ, ਇਲਾਕਾਈ ਅਖੰਡਤਾ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਰਗਰਮੀਆਂ ਦੀ ਇਜਾਜ਼ਤ ਦੇਣ ’ਤੇ ਉਸ ਦਾ ਜਵਾਬ ਦਿੱਤਾ ਜਾਵੇਗਾ।’’

ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ, ‘‘ਭਾਰਤ ਸਾਰਕ ਦੀ ਬੈਠਕ ਤਦ ਤਕ ਨਹੀਂ ਕਰ ਸਕਦਾ, ਜਦੋਂ ਤਕ ਇਸ ਦਾ ਇਕ ਮੈਂਬਰ ਅੱਤਵਾਦ ਵਰਗੇ ਕੰਮਾਂ ’ਚ ਸ਼ਾਮਲ ਹੋਵੇ। ਭਾਰਤ ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰੇਗਾ ਜਿੱਥੇ ਰਾਤ ਨੂੰ ਅੱਤਵਾਦ ਹੁੰਦਾ ਹੈ ਅਤੇ ਦਿਨ ’ਚ ਕਾਰੋਬਾਰ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਪਾਕਿਸਤਾਨ ਨੂੰ ਕੋਈ ਲਾਭ ਹੋਵੇਗਾ।’’

ਇੰਨਾ ਹੀ ਨਹੀਂ, ਇਸੇ ਸਾਲ 4 ਅਤੇ 5 ਮਈ ਨੂੰ ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਜਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਕਿਹਾ ਕਿ ਸਿਆਸੀ ਲਾਭ ਲਈ ਭਾਰਤ ਨੂੰ ਅੱਤਵਾਦ ਨੂੰ ਹਥਿਆਰ ਬਣਾਉਣ ਦੇ ਚੱਕਰ ’ਚ ਨਹੀਂ ਰਹਿਣਾ ਚਾਹੀਦਾ, ਤਾਂ ਜੈਸ਼ੰਕਰ ਨੇ ਪਾਕਿਸਤਾਨ ਨੂੰ ‘ਅੱਤਵਾਦ ਦੀ ਇੰਡਸਟਰੀ’ ਅਤੇ ਬਿਲਾਵਲ ਭੁੱਟੋ ਨੂੰ ਇਸ ਦਾ ਪ੍ਰਮੋਟਰ ਅਤੇ ਬੁਲਾਰਾ ਕਰਾਰ ਦਿੱਤਾ ਸੀ।

ਜੇ ਹੋਰ ਨੇਤਾ ਵੀ ਕੂਟਨੀਤੀ ਦਾ ਸਹਾਰਾ ਲੈ ਕੇ ਗੋਲ-ਮੋਲ ਗੱਲਾਂ ਕਰਨ ਦੀ ਥਾਂ ਜੈਸ਼ੰਕਰ ਵਾਂਗ ਮੂੰਹ ’ਤੇ ਸਾਫ਼-ਸਾਫ਼ ਗੱਲ ਕਹਿਣ ਤਾਂ ਸਿਆਸਤ ਵਿਚ ਵਰਨਣਯੋਗ ਤਬਦੀਲੀ ਲਿਆਂਦੀ ਜਾ ਸਕਦੀ ਹੈ।

-ਵਿਜੇ ਕੁਮਾਰ


author

Anmol Tagra

Content Editor

Related News