''ਵਿਸ਼ਵ ਭਰ ’ਚ ਵਧ ਰਹੀ ਗੋਲੀਬਾਰੀ, ਬੇਲਗਾਮ ਹਿੰਸਾ, ਖੂਨ-ਖਰਾਬਾ ਅਤੇ ਅਸੰਤੋਸ਼ ਦੀ ਅੱਗ''

07/12/2022 1:26:27 AM

ਅੱਜ ਲਗਾਤਾਰ ਵਧ ਰਹੀ ਗੋਲੀਬਾਰੀ, ਬੇਲਗਾਮ ਹਿੰਸਾ ਅਤੇ ਖੂਨ-ਖਰਾਬੇ ਦਾ ਸ਼ਿਕਾਰ ਹੋ ਕੇ ਵਧੇਰੇ ਦੁਨੀਆ ਕਿਸ ਹੱਦ ਤਕ ਤਬਾਹੀ ਦੇ ਨੇੜੇ ਪਹੁੰਚਦੀ ਜਾ ਰਹੀ ਹੈ, ਇਸ ਦੀਆਂ ਜੁਲਾਈ ਮਹੀਨੇ ਦੀਆਂ ਹੀ ਉਦਾਹਰਣਾਂ ਹੇਠਾਂ ਦਰਜ ਹਨ :
* 1 ਜੁਲਾਈ ਨੂੰ ਅਮਰੀਕਾ ਦੇ ‘ਨੇਵਾਰਕ’ ਸ਼ਹਿਰ ’ਚ ਕਰਿਆਨੇ ਦੀ ਇਕ ਦੁਕਾਨ ਦੇ ਬਾਹਰ ਗੋਲੀਬਾਰੀ ’ਚ 9 ਵਿਅਕਤੀ ਜ਼ਖਮੀ ਹੋ ਗਏ।
* 2 ਜੁਲਾਈ ਨੂੰ ਅਫਗਾਨਿਸਤਾਨ ਦੇ ਪੂਰਬੀ ‘ਨੰਗਰਹਾਰ’ ਸੂਬੇ ਵਿਚ ਅਗਿਆਤ ਹਮਲਾਵਰਾਂ ਵਲੋਂ ਇਕ ਧਾਰਮਿਕ ਸਕੂਲ ’ਤੇ ਬੰਬ ਹਮਲੇ ’ਚ 8 ਵਿਅਕਤੀ ਜ਼ਖਮੀ ਹੋ ਗਏ।
* 3 ਜੁਲਾਈ ਨੂੰ ‘ਡੈਨਮਾਰਕ’ ਦੀ ਰਾਜਧਾਨੀ ‘ਕੋਪੇਨਹੇਗਨ’ ਦੇ ਸ਼ਾਪਿੰਗ ਮਾਲ ’ਚ ਹੋਈ ਅੰਨ੍ਹੇਵਾਹ ਗੋਲੀਬਾਰੀ ’ਚ 3 ਵਿਅਕਤੀਆਂ ਦੀ ਮੌਤ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
* 4 ਜੁਲਾਈ ਨੂੰ ਅਮਰੀਕਾ ਦੇ ਸ਼ਿਕਾਗੋ ’ਚ ‘ਆਜ਼ਾਦੀ ਦਿਵਸ ਪਰੇਡ’ ਦੌਰਾਨ ਗੋਲੀਬਾਰੀ ’ਚ 6 ਵਿਅਕਤੀਆਂ ਦੀ ਮੌਤ ਅਤੇ 24 ਹੋਰ ਜ਼ਖਮੀ ਹੋ ਗਏ। ਇਹੀ ਨਹੀਂ, ਇਸ ਸਾਲ ਹੁਣ ਤਕ ਅਮਰੀਕਾ ’ਚ ਸਮੂਹਿਕ ਗੋਲੀਬਾਰੀ ਦੀਆਂ 200 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ, ਜਦੋਂ ਕਿ ਸਕੂਲਾਂ ’ਚ ਹੀ ਗੋਲੀਬਾਰੀ ਦੀਆਂ 27 ਘਟਨਾਵਾਂ ਹੋਈਆਂ ਹਨ।
* 5 ਜੁਲਾਈ ਨੂੰ ਪੱਛਮੀ-ਉੱਤਰੀ ‘ਬੁਰਕਿਨਾਫਾਸੋ’ ਦੇ ਕਮਿਊਨ ’ਚ ਅਗਿਆਤ ਹਮਲਾਵਰਾਂ ਦੇ ਹਮਲਿਆਂ ’ਚ ਘੱਟੋ-ਘੱਟ 22 ਵਿਅਕਤੀਆਂ ਦੀ ਮੌਤ ਅਤੇ ਕਈ ਹੋਰ ਜ਼ਖਮੀ ਹੋ ਗਏ।
* 5 ਜੁਲਾਈ ਨੂੰ ਹੀ ‘ਉੱਤਰ-ਪੱਛਮ ਹੋਡੂਰਾਸ’ ਦੀ ਇਕ ਜੇਲ ’ਚ ਬੰਦ 2 ਸ਼ਕਤੀਸ਼ਾਲੀ ਗਿਰੋਹਾਂ ’ਚੋਂ ਇਕ ਗਿਰੋਹ ਨੇ ਆਪਣੇ ਹੀ ਗਿਰੋਹ ਦੇ 6 ਮੈਂਬਰਾਂ ਨੂੰ ਮਾਰ ਸੁੱਟਿਆ।
* 5 ਜੁਲਾਈ ਵਾਲੇ ਦਿਨ ਹੀ ਅਮਰੀਕਾ ਦੇ ਇੰਡਿਆਨਾ ਅਤੇ  ਫਿਲਾਡੇਲਫੀਆ ਵਿਖੇ ਹੋਈ ਗੋਲੀਬਾਰੀ ’ਚ 2 ਪੁਲਸ ਮੁਲਾਜ਼ਮਾਂ ਸਮੇਤ 5 ਵਿਅਕਤੀਆਂ ਦੀ ਜਾਨ ਚਲੀ ਗਈ।
* 5 ਜੁਲਾਈ ਨੂੰ ਹੀ ਮਿਆਂਮਾਰ ਦੇ ‘ਤਾਮੂ’ ਕਸਬੇ ’ਚ ਆਪਣੇ ਦੋਸਤਾਂ ਨੂੰ ਮਿਲਣ ਜਾ ਰਹੇ ਮਣੀਪੁਰ ਦੇ ‘ਮੋਰੇਹ’ ਕਸਬੇ ਦੇ 2 ਨੌਜਵਾਨਾਂ ਦੀ ਮਿਆਂਮਾਰ ਦੀ ਫੌਜ ਵਲੋਂ ਗਠਿਤ ਮਿਲਿਸ਼ੀਆ ਦੇ ਮੈਂਬਰਾਂ ਨੇ ਹੱਤਿਆ ਕਰ ਦਿੱਤੀ। ਇਸ ਦੇ ਵਿਰੁੱਧ ਰੋਸ ਵਜੋਂ ਭੜਕੇ ਲੋਕਾਂ ਦੀ ਭੀੜ ਨੇ ਮੋਰੇਹ ਦੀ ਸਰਹੱਦ ਨਾਲ ਲੱਗਦੀ ਮਿਆਂਮਾਰ ਦੀ ਇਕ ਚੌਕੀ ਸਾੜ ਦਿੱਤੀ।
* 7 ਜੁਲਾਈ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਇਕ ਪੁਲਸ ਚੌਕੀ ’ਤੇ ਬੰਬ ਹਮਲੇ ’ਚ ਇਕ ਪੁਲਸ ਅਧਿਕਾਰੀ ਦੀ ਮੌਤ ਅਤੇ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸੇ ਦਿਨ ਉੱਤਰੀ ਵਜ਼ੀਰਿਸਤਾਨ ’ਚ  ਫੌਜ ਦੇ ਕਾਫਲੇ ’ਤੇ ਆਤਮਘਾਤੀ ਹਮਲੇ ’ਚ 8 ਫੌਜੀ ਜ਼ਖਮੀ ਹੋ ਗਏ।
* 7 ਜੁਲਾਈ ਨੂੰ ਹੀ ਪੱਛਮੀ ਬੰਗਾਲ ਦੇ ‘ਦੱਖਣੀ 24 ਪਰਗਨਾ’ ਜ਼ਿਲੇ ’ਚ ਅਗਿਆਤ ਹਮਲਾਵਰਾਂ ਨੇ ਮੋਟਰਸਾਈਕਲ ’ਤੇ ਜਾ ਰਹੇ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਅਤੇ ਪਾਰਟੀ ਦੇ 2 ਹੋਰਨਾਂ ਵਰਕਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 8 ਜੁਲਾਈ ਨੂੰ ਮਣੀਪੁਰ ਦੇ ਇੰਫਾਲ ਜ਼ਿਲੇ ਦੇ ‘ਆਂਦਰੋ’ ਥਾਣੇ ਦੇ ‘ਉਕੋਲ’ ਪਿੰਡ ’ਚ ਅਗਿਆਤ ਅੱਤਵਾਦੀਆਂ ਨੇ ਇਕ ਗੈਰ-ਮਣੀਪੁਰੀ ਵਪਾਰੀ ਨੂੰ ਮਾਰ ਦਿੱਤਾ।
* 8 ਜੁਲਾਈ ਨੂੰ ਹੀ ਜਾਪਾਨ ਦੇ ਨਾਰਾ ਸ਼ਹਿਰ ’ਚ ਦਿਨ-ਦਿਹਾੜੇ ਇਕ ਨੌਜਵਾਨ ਨੇ ਚੋਣ ਜਲਸੇ ’ਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
* 10 ਜੁਲਾਈ ਨੂੰ ਜੋਹਾਨਸਬਰਗ ਦੇ ‘ਸੋਵੇਟੋ’ ਇਲਾਕੇ ’ਚ ਅਗਿਆਤ ਹਮਲਾਵਰਾਂ ਨੇ ਪਾਰਟੀ ਕਰ ਰਹੇ ਲੋਕਾਂ ’ਤੇ ਫਾਇਰਿੰਗ ਕਰਕੇ 15 ਲੋਕਾਂ ਦੀ ਜਾਨ ਲੈ ਲਈ। ਇਸੇ ਦਿਨ ‘ਪੀਟਰਮਾਰਿਤਜਬਰਗ’ ਵਿਚ 4 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ।
* 10 ਜੁਲਾਈ ਨੂੰ ਹੀ ਗੁਆਂਢੀ ਦੇਸ਼ ਸ਼੍ਰੀਲੰਕਾ ’ਚ ਸਰਕਾਰ ਵਿਰੋਧੀ ਵਿਖਾਵਾਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਘਰ ਸਾੜ ਕੇ ਰਾਸ਼ਟਰਪਤੀ ਦੇ ਨਿਵਾਸ ’ਤੇ ਕਬਜ਼ਾ ਕਰ ਲਿਆ, ਜਦੋਂਕਿ ਰਾਸ਼ਟਰਪਤੀ ਗੋਟਬਾਯਾ  ਰਾਜਪਕਸ਼ੇ ਇਕ ਦਿਨ ਪਹਿਲਾਂ ਹੀ ਉਥੋਂ ਖਿਸਕ ਗਏ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਦੇ ਵੀ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਉਥੇ ਵਿਰੋਧੀ ਪਾਰਟੀਆਂ ’ਚ ਅੰਤਰਿਮ ਸਰਕਾਰ ਬਣਾਉਣ ਬਾਰੇ ਸਹਿਮਤੀ ਹੋ ਗਈ ਹੈ, ਜਿਸ ਦੇ ਗਠਨ ਪਿੱਛੋਂ ਵਿਕ੍ਰਮਸਿੰਘੇ ਦਾ ਸਮੁੱਚਾ ਮੰਤਰੀ ਮੰਡਲ ਅਸਤੀਫਾ ਦੇ ਦੇਵੇਗਾ।
ਭਾਰਤ ’ਚ ਬਿਨਾਂ ਸੋਚੇ-ਵਿਚਾਰੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਕਾਰਨ ਪੈਦਾ ਹੋਣ ਵਾਲੇ ਫਿਰਕੂ ਤਣਾਅ ਦੀ ਲਪੇਟ ’ਚ ਦੇਸ਼ ਦੇ ਕਈ ਸੂਬੇ ਆਏ ਹੋਏ ਹਨ। ਹਾਲਾਂਕਿ ਫਜ਼ੂਲ ਬਿਆਨਬਾਜ਼ੀ ਰਾਹੀਂ ਪਹਿਲਾਂ ਤਣਾਅ ਪੈਦਾ ਕਰਨ ਵਾਲੇ ਨੇਤਾ ਬਾਅਦ ’ਚ ਮਾਫੀ ਮੰਗ ਕੇ ਆਪਣੀ ਜਾਨ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਇਹ ਤਰੀਕਾ ਵੀ ਕਾਰਗਰ ਸਾਬਿਤ ਨਹੀਂ  ਹੋ ਰਿਹਾ ਹੈ।
ਅਸਲ ’ਚ ਕੁਝ ਤਾਂ ਹੈ ਜਿਸ ਨੇ ਅੱਜ ਦੁਨੀਆ ਦੀ ਇਹ ਹਾਲਤ ਕਰ ਦਿੱਤੀ ਹੈ, ਜਿਸ ਲਈ ਕੋਰੋਨਾ ਮਹਾਮਾਰੀ ਦਾ ਲੋਕਾਂ ’ਤੇ ਪੈਣ ਵਾਲਾ ਪ੍ਰਭਾਵ ਵੀ ਕਿਸੇ ਹੱਦ ਤਕ ਜ਼ਿੰਮੇਵਾਰ ਹੋ ਸਕਦਾ ਹੈ। ਮਹਾਮਾਰੀ ਦੌਰਾਨ ਲਾਗੂ ਸੁਰੱਖਿਆਤਮਕ ਨਿਯਮਾਂ, ਸਮਾਜਿਕ ਦੂਰੀ, ਮਹਿੰਗਾਈ ਅਤੇ ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਨੇ ਵੱਡੀ ਗਿਣਤੀ ’ਚ ਲੋਕਾਂ ਅੰਦਰ ਅਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨ ਤੋਂ ਇਲਾਵਾ ਉਨ੍ਹਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਲੋਕਾਂ ’ਚ ਹਮਲਾਵਰਤਾ ਵਧ ਰਹੀ ਹੈ।
ਦੁਨੀਆ ਭਰ ’ਚ ਕੱਟੜਵਾਦੀ ਵਿਚਾਰਧਾਰਾ ਵਧਣ ਦੇ ਕਾਰਨ ਨਿਰਾਸ਼ਾ ਅਤੇ ਅਸ਼ਾਂਤੀ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਜਿਸ ਦੇ ਸਿੱਟੇ ਵਜੋਂ ਲੋਕਾਂ ’ਚ ਉਦਾਰਵਾਦੀ ਵਿਚਾਰਧਾਰਾ ’ਚ ਕਮੀ ਆਉਂਦੀ ਜਾ ਰਹੀ ਹੈ ਅਤੇ ਅਸਹਿਣਸ਼ੀਲਤਾ ਵਧਣ ਕਾਰਨ ਉਨ੍ਹਾਂ ਦੇ ਆਚਰਣ ਤੇ ਕੰਮ ਕਰਨ ਦੇ ਢੰਗ ’ਚ ਹਮਲਾਵਰਤਾ ਵਧ ਰਹੀ ਹੈ।
ਦੁਨੀਆ ’ਚ ਲਗਾਤਾਰ ਵਧ ਰਹੀ ਬੰਦੂਕ ਸੰਸਕ੍ਰਿਤੀ ਦੇ ਸਿੱਟੇ ਵਜੋਂ ਵੀ ਲੋਕਾਂ ’ਚ ਹਿੰਸਕ ਰੁਝਾਨ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਜਿਸ ਦਾ ਨਤੀਜਾ ਸਾਰੀ ਦੁਨੀਆ ’ਚ ਤਬਾਹੀ ਵਜੋਂ ਨਿਕਲ ਰਿਹਾ ਹੈ।

–ਵਿਜੇ ਕੁਮਾਰ


Mukesh

Content Editor

Related News