ਭਾਰਤ ’ਚ ਵੱਧ ਰਿਹਾ ਨਸ਼ੇ ਦਾ ਕਾਰੋਬਾਰ ਅਤੇ ਵਿਦੇਸ਼ੀ ਸਮੱਗਲਰਾਂ ਦੀ ਸ਼ਮੂਲੀਅਤ

Thursday, Sep 02, 2021 - 03:31 AM (IST)

ਭਾਰਤ ’ਚ ਵੱਧ ਰਿਹਾ ਨਸ਼ੇ ਦਾ ਕਾਰੋਬਾਰ ਅਤੇ ਵਿਦੇਸ਼ੀ ਸਮੱਗਲਰਾਂ ਦੀ ਸ਼ਮੂਲੀਅਤ

ਅੱਜ ਸਮੁੱਚੇ ਵਿਸ਼ਵ ’ਚ ਨਸ਼ੇ ਦਾ ਕਾਰੋਬਾਰ ਬਹੁਤ ਹੀ ਜ਼ਿਆਦਾ ਲਾਭਦਾਇਕ ਬਣ ਜਾਣ ਦੇ ਕਾਰਨ ਇਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ’ਚ ਜਿੱਥੇ ਵੱਖ-ਵੱਖ ਸੂਬਿਆਂ ’ਚ ਸਰਹੱਦ ਪਾਰੋਂ ਭਾਰੀ ਮਾਤਰਾ ’ਚ ਹੈਰੋਇਨ, ਗਾਂਜਾ, ਕੋਕੀਨ, ਅਸ਼ੀਸ਼, ਅਫੀਮ ਆਦਿ ਵਰਗੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਹੋ ਰਹੀ ਹੈ, ਉਥੇ ਇਸ ’ਚ ਵੱਡੀ ਗਿਣਤੀ ’ਚ ਵਿਦੇਸ਼ੀ ਵੀ ਸ਼ਾਮਲ ਪਾਏ ਜਾ ਰਹੇ ਹਨ :

* 6 ਅਗਸਤ ਨੂੰ ਮੁੰਬਈ ’ਚ ਅਧਿਕਾਰੀਆਂ ਨੇ ਇਕ ਨਾਈਜੀਰੀਅਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 50 ਲੱਖ ਰੁਪਏ ਦੀ 102 ਗ੍ਰਾਮ ਕੋਕੀਨ ਬਰਾਮਦ ਕੀਤੀ।

*9 ਅਗਸਤ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਵਿਦੇਸ਼ੀ ਨੂੰ 7 ਕਰੋੜ ਰੁਪਏ ਦੇ ਨਸ਼ੀਲੇ ਕੈਪਸੂਲਾਂ ਦੇ ਨਾਲ ਫੜਿਆ ਗਿਆ।

*12 ਅਗਸਤ ਨੂੰ ਅਹਿਮਦਾਬਾਦ ਸਥਿਤ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ’ਤੇ ਇਕ ਅਫਰੀਕੀ ਨਾਗਰਿਕ ਨੂੰ 4 ਕਿਲੋ ਅਫੀਮ ਦੇ ਨਾਲ ਫੜਿਆ ਗਿਆ।

* 19 ਅਗਸਤ ਨੂੰ ਤਰਨਤਾਰਨ ਪੁਲਸ ਨੇ ਇਕ ਨਾਈਜੀਰੀਅਨ ਅਤੇ ਉਸ ਦੇ ਸਾਥੀ ਨੂੰ 3 ਕਰੋੜ 15 ਲੱਖ ਰੁਪਏ ਮੁੱਲ ਦੀ 630 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।

* 23 ਅਗਸਤ ਨੂੰ ਪਾਕਿਸਤਾਨ ਸਰਹੱਦ ’ਤੇ ਪੰਜਗਰਾਈਂ ਚੌਕੀ ਦੇ ਨੇੜੇ 40 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਸਬੰਧ ’ਚ ਪੁਲਸ ਨੇ ਮਲੇਸ਼ੀਆ ਦੇ ਰਹਿਣ ਵਾਲੇ ਇਕ ਵਿਅਕਤੀ ਸਮੇਤ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ।

* 31 ਅਗਸਤ ਨੂੰ ਸੀ.ਆਈ.ਏ. ਸਟਾਫ ਢਿਲਵਾਂ ਦੀ ਪੁਲਸ ਨੇ ਢਿਲਵਾਂ ਨਾਕੇ ’ਤੇ 100 ਕਰੋੜ ਰੁਪਏ ਦੀ 20 ਕਿਲੋ ਹੈਰੋਇਨ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ।

* 31 ਅਗਸਤ ਨੂੰ ਤਾਮਿਲਨਾਡੂ ਪੁਲਸ ਅਤੇ ਕੇਂਦਰੀ ਖੂਫੀਆ ਏਜੰਸੀਆਂ ਨੇ ਸ਼੍ਰੀਲੰਕਾ ਦੇ ਤਾਮਿਲਾਂ ਵੱਲੋਂ ਤਾਮਿਲਨਾਡੂ ਸਮੁੰਦਰੀ ਕੰਢੇ ਦੇ ਰਸਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕੀਤੇ ਜਾਣ ਦਾ ਅਲਰਟ ਜਾਰੀ ਕੀਤਾ।

* 31 ਅਗਸਤ ਨੂੰ ਸ਼ਿਮਲਾ ਪੁਲਸ ਨੇ ਨਵੀਂ ਦਿੱਲੀ ਤੋਂ ਇਕ ਨਾਈਜੀਰੀਅਨ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 27.23 ਗ੍ਰਾਮ ਚਿੱਟਾ ਫੜਿਆ।

* 31 ਅਗਸਤ ਨੂੰ ਮੁੰਬਈ ’ਚ ਅਭਿਨੇਤਾ ਅਰਮਾਨ ਕੋਹਲੀ ਦੇ ਡਰੱਗ ਕੇਸ ਨਾਲ ਜੁੜੇ 2 ਵਿਦੇਸ਼ੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਭਾਰਤ ’ਚ ਨਸ਼ਾ ਸਮੱਗਲਿੰਗ ’ਚ ਵਿਦੇਸ਼ੀਆਂ ਦੇ ਸ਼ਾਮਲ ਹੋਣ ਦੀਆਂ ਇਹ ਤਾਂ ਅਗਸਤ ਮਹੀਨੇ ਦੀਆਂ ਕੁਝ ਕੁ ਉਦਾਹਰਣਾਂ ਮਾਤਰ ਹਨ। ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਵਿਦੇਸ਼ੀਆਂ ਦੀ ਭਾਈਵਾਲੀ ਕਿੰਨੀ ਵੱਧ ਚੁੱਕੀ ਹੈ, ਇਹ ਇਸੇ ਤੋਂ ਸਪੱਸ਼ਟ ਹੈ ਕਿ ਹਿਮਾਚਲ ਪ੍ਰਦੇਸ਼ ਦੀ ਕੁਲੂ ਪੁਲਸ ਨੇ ਜੁਲਾਈ 2019 ਤੋਂ ਜੁਲਾਈ 2021 ਦੇ ਦਰਮਿਆਨ 24 ਵਿਦੇਸ਼ੀ ਨਾਗਰਿਕਾਂ ਨੂੰ ਡਰੱਗਸ ਦੇ ਨਾਜਾਇਜ਼ ਵਪਾਰ ਦੇ ਦੋਸ਼ ’ਚ ਫੜਿਆ, ਜਿਨ੍ਹਾਂ ’ਚੋਂ 17 ਅਫਰੀਕੀ ਮੂਲ ਦੇ ਚਿੱਟਾ ਸਪਲਾਇਰ ਸਨ।

ਅਸਲ ’ਚ ਨਸ਼ਾ ਅੱਜ ਸੋਨੇ ਨਾਲੋਂ ਵੀ ਮਹਿੰਗਾ ਵਿਕ ਰਿਹਾ ਹੈ, ਜਿਸ ਦੇ ਸਮੱਗਲਰਾਂ ਨੇ ‘ਕੋਡ’ ਨਾਂ ਰੱਖੇ ਹੋਏ ਹਨ। ਕੁਝ ਥਾਵਾਂ ’ਤੇ ਚਿੱਟੇ ਨੂੰ ‘ਇਲਾਇਚੀ’, ਨਸ਼ੀਲੇ ਕੈਪਸੂਲਾਂ ਨੂੰ ‘ਬਾਦਾਮ’ ਅਤੇ ਨਸ਼ੀਲੀਆਂ ਗੋਲੀਆਂ ਨੂੰ ‘ਚੀਨੀ’ ਦੇ ਨਾਂ ਨਾਲ ਵੇਚਿਆ ਜਾ ਰਿਹਾ ਹੈ।

ਜਿੱਥੋਂ ਤੱਕ ਨਸ਼ਿਆਂ ਦਾ ਸਰੀਰ ’ਤੇ ਪੈਣ ਵਾਲੇ ਹਾਨੀਕਾਰਕ ਅਸਰ ਦਾ ਸਬੰਧ ਹੈ ‘ਚਿੱਟਾ’ ਇਕ ਅਜਿਹਾ ਸਿੰਥੈਟਿਕ ਨਸ਼ਾ ਹੈ, ਜਿਸ ਦੀ ਇਕ-ਦੋ ਵਾਰ ਵਰਤੋਂ ਨਾਲ ਹੀ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ ।

ਮਿਆਂਮਾਰ ਦੇ ਹੈਰੋਇਨ ਸਮੱਗਲਰ ਉੱਤਰ ਪੂਰਬੀ ਸੂਬਿਆਂ ਦੇ ਰਸਤੇ ਭਾਰਤ ’ਚ ਹੈਰੋਇਨ ਭੇਜਦੇ ਹਨ, ਜਦਕਿ ਪਾਕਿਸਤਾਨ ਵੱਲੋਂ ਪੰਜਾਬ ਦੇ ਰਸਤੇ ਭਾਰਤ ’ਚ ਨਸ਼ੇ ਦੀ ਸਮੱਗਲਿੰਗ ਕਰਵਾਈ ਜਾਂਦੀ ਹੈ। ਅਫਗਾਨਿਸਤਾਨ ਦੇ ਸਮੱਗਲਰ ਆਪਣੇ ਇੱਥੋਂ ਹੈਰੋਇਨ ਅਤੇ ਅਫੀਮ ਦੀ ਸਮੱਗਲਿੰਗ ਲਈ ਹਵਾਈ ਰੂਟ ਦੀ ਵਰਤੋਂ ਕਰਦੇ ਰਹੇ ਹਨ।

ਹੁਣ ਜਦਕਿ ਤਖਤਾ ਪਲਟਣ ਦੇ ਬਾਅਦ ਅਫਗਾਨਿਸਤਾਨ ’ਤੇ ਇਕ ਵਾਰ ਫਿਰ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ, ਉੱਥੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਭਾਰੀ ਉਛਾਲ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਨਵੀਂ ਸਰਕਾਰ ਨੂੰ ਧਨ ਦੀ ਲੋੜ ਹੋਰ ਵੀ ਵੱਧ ਜਾਵੇਗੀ। ਇਸ ਲਈ ਅਫਗਾਨਿਸਤਾਨ ਦੇ ਨਵੇਂ ਹਾਕਮਾਂ ਵੱਲੋਂ ਨਸ਼ੇ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ।

ਹਾਲਾਂਕਿ ਦਿਖਾਵੇ ਦੇ ਲਈ ਤਾਂ ਤਾਲਿਬਾਨ ਨੇ ਡਰੱਗ ਟ੍ਰੇਡ ਤੋਂ ਦੂਰੀ ਬਣਾਉਣ ਅਤੇ ਅਫੀਮ ਦੀ ਖੇਤੀ ’ਤੇ ਰੋਕ ਲਗਾਉਣ ਦਾ ਵੀ ਐਲਾਨ ਕੀਤਾ ਹੈ ਪਰ ਆਮਦਨ ਦਾ ਇਕ ਵੱਡਾ ਸਰੋਤ ਹੋਣ ਦੇ ਕਾਰਨ ਤਾਲਿਬਾਨ ਵੱਲੋਂ ਇਸ ਐਲਾਨ ’ਤੇ ਟਿਕੇ ਰਹਿਣਾ ਮੁਸ਼ਕਲ ਹੀ ਜਾਪਦਾ ਹੈ।

ਕਿਉਂਕਿ ਸਮੱਗਲਰ ਦੇਸ਼ ’ਚ ਨਸ਼ੇ ਪਹੁੰਚਾਉਣ ਦੇ ਲਈ ਜ਼ਮੀਨੀ, ਸਮੁੰਦਰੀ ਅਤੇ ਹਵਾਈ ਸਭ ਰੂਟਾਂ ਦੀ ਵਰਤੋਂ ਕਰਦੇ ਹਨ, ਇਸ ਲਈ ਇਸ ਨੂੰ ਰੋਕਣ ਦੇ ਲਈ ਸਰਹੱਦਾਂ ’ਤੇ ਤਾਰ-ਵਾੜ ਨੂੰ ਹੋਰ ਮਜ਼ਬੂਤ ਕਰਨ ਅਤੇ ਉਸ ’ਚ 24 ਘੰਟੇ ਕਰੰਟ ਛੱਡਣ ਦੇ ਨਾਲ ਹੀ ਸਮੁੰਦਰੀ ਅਤੇ ਹਵਾਈ ਮਾਰਗਾਂ ਉਤੇ ਸੁਰੱਖਿਆ ਅਤੇ ਚੈਕਿੰਗ ਮਜ਼ਬੂਤ ਕਰਨ ਅਤੇ ਜਰਮਨੀ, ਅਮਰੀਕਾ, ਇਜ਼ਰਾਈਲ ਅਤੇ ਜਾਪਾਨ ਅਾਦਿ ਦੇਸ਼ਾਂ ਦੇ ਵਾਂਗ ਨਸ਼ਾ ਤੇ ਹੋਰ ਨਾਜਾਇਜ਼ ਵਸਤੂਆਂ ਦੀ ਸਮੱਗਲਿੰਗ ਰੋਕਣ ਦੇ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ।

- ਵਿਜੇ ਕੁਮਾਰ


author

Bharat Thapa

Content Editor

Related News