ਹਰਿਆਣਾ ’ਚ ਵਧ ਰਹੇ ‘ਅਪਰਾਧ’, ਆਮ ਆਦਮੀ ਦਾ ‘ਜਿਊਣਾ ਹੋਇਆ ਮੁਹਾਲ’

06/01/2021 3:24:32 AM

ਉਂਝ ਤਾਂ ਸਮੁੱਚੇ ਦੇਸ਼ ’ਚ ਹੀ ਅਪਰਾਧਾਂ ’ਚ ਵਾਧਾ ਹੋ ਰਿਹਾ ਹੈ ਪਰ ਹਰਿਆਣਾ ’ਚ ਦਿਨ-ਦਿਹਾੜੇ, ਸ਼ਰੇਆਮ ਗੋਲੀਬਾਰੀ, ਹੱਤਿਆ, ਜਬਰ-ਜ਼ਨਾਹ ਅਤੇ ਹੋਰਨਾਂ ਅਪਰਾਧਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਸਥਿਤੀ ਦਾ ਅਨੁਮਾਨ ਸਿਰਫ ਦੋ ਹਫਤਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :

* 14 ਮਈ ਨੂੰ ਮਾਨੇਸਰ ਵਿਖੇ ਇਕ ਮੁਟਿਆਰ ਨੂੰ ਅਗਵਾ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ 3 ਨੌਜਵਾਨ ਫੜੇ ਗਏ।

* 16 ਮਈ ਨੂੰ ਜੀਂਦ ਦੇ ‘ਗੜ੍ਹੀ’ ਥਾਣਾ ਇਲਾਕੇ ’ਚ ਇਕ ਵਿਅਕਤੀ ਵਲੋਂ ਸਬਜ਼ੀ ’ਚ ਨਸ਼ੀਲਾ ਪਦਾਰਥ ਖੁਆ ਕੇ ਆਪਣੀ ਨੂੰਹ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਇਸ ਬਾਰੇ ਆਪਣੀ ਸੱਸ ਅਤੇ ਨਨਾਣ ਨੂੰ ਦੱਸਿਆ ਤਾਂ ਦੋਹਾਂ ਨੇ ਲੋਕ-ਲਾਜ ਦਾ ਡਰ ਦਿਖਾਉਂਦੇ ਹੋਏ ਉਸ ਨੂੰ ਚੁੱਪ ਰਹਿਣ ਲਈ ਕਿਹਾ।

* 18 ਮਈ ਨੂੰ ਪਲਵਲ ਜ਼ਿਲੇ ’ਚ ਘਰ ’ਚ ਸੁੱਤੀ ਹੋਈ 15 ਸਾਲ ਦੀ ਨਾਬਾਲਿਗ ਨਾਲ ਦੋ ਨੌਜਵਾਨ ਬੰਦੂਕ ਦੀ ਨੋਕ ’ਤੇ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਏ।

* 18 ਮਈ ਨੂੰ ਮਹਿੰਦਰਗੜ੍ਹ ਦੇ ਪਿੰਡ ‘ਝਾੜਲੀ’ ਵਿਚ ਇਕ ਵਿਅਕਤੀ ਨੇ ਪੁਲਸ ਦੇ ਸਾਹਮਣੇ ਹੀ ਆਪਣੇ ਜੀਜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।

* 23 ਮਈ ਨੂੰ ਫਰੀਦਾਬਾਦ ਵਿਖੇ ਘਰੇਲੂ ਨੌਕਰਾਣੀ ਦਾ ਕੰਮ ਕਰਨ ਵਾਲੀ ਮੁਟਿਆਰ ਨਾਲ ਤਿੰਨ ਵਿਅਕਤੀਆਂ ਨੇ ਜਬਰ-ਜ਼ਨਾਹ ਕੀਤਾ।

* 24 ਮਈ ਨੂੰ ਰੋਹਤਕ ਦੇ ਮਹਾਰਾਜਾ ਅਗਰਸੇਨ ਸਟੇਡੀਅਮ ਸਥਿਤ ਅਖਾੜੇ ’ਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਐੱਲ. ਐੱਲ. ਬੀ. ਦੇ ਇਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ’ਚ ਦੇਵ ਕਾਲੋਨੀ ਸਥਿਤ ਅਖਾੜੇ ’ਚ ਇਕ ਕੋਚ, ਉਸ ਦੀ ਪਤਨੀ ਅਤੇ ਇਕ ਔਰਤ ਸਮੇਤ 5 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।

* 24 ਮਈ ਨੂੰ ਹਿਸਾਰ ’ਚ ਪਤਨੀ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਹੇਠ ਇਕ ਵਿਅਕਤੀ ਨੇ ਉਸ ਦੇ ਪ੍ਰੇਮੀ ਦੇ 9 ਸਾਲ ਦੇ ਬੇਟੇ ਨੂੰ ਨਹਿਰ ’ਚ ਸੁੱਟ ਕੇ ਮਾਰ ਦਿੱਤਾ।

* 24 ਮਈ ਨੂੰ ਹਿਸਾਰ ’ਚ ਜਬਰ-ਜ਼ਨਾਹ ਦੀਆਂ ਤਿੰਨ ਘਟਨਾਵਾਂ ਦਰਜ ਕੀਤੀਆਂ ਗਈਆਂ।

* 24 ਮਈ ਨੂੰ ਯਮੁਨਾਨਗਰ ਵਿਖੇ ਇਕ ਔਰਤ ਨਾਲ 5 ਵਿਅਕਤੀਆਂ ਨੇ ਜਬਰ-ਜ਼ਨਾਹ ਕੀਤਾ।

* 25 ਮਈ ਨੂੰ ਯਮੁਨਾਨਗਰ ਵਿਖੇ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ।

* 26 ਮਈ ਨੂੰ ਪਲਵਲ ਦੇ ਮੁੰਡਕਟੀ ਥਾਣਾ ਖੇਤਰ ਦੇ ਪਿੰਡ ’ਚ ਇਕ ਨੌਜਵਾਨ ਨੇ 6 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਰੇਪ ਕਰਨ ਪਿਛੋਂ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।

* 26 ਮਈ ਨੂੰ ਪਾਨੀਪਤ ’ਚ ਇਕ ਔਰਤ ਵਲੋਂ ਖਰਚ ਲਈ ਆਪਣੇ ਪਤੀ ਕੋਲੋਂ ਪੈਸੇ ਮੰਗਣ ’ਤੇ ਗੁੱਸੇ ’ਚ ਆਏ ਪਤੀ ਅਤੇ ਔਰਤ ਦੀ ਨਨਾਣ ਅਤੇ ਨਨਦੋਈ ਸਮੇਤ 6 ਵਿਅਕੀਤੀਆਂ ਨੇ ਉਸ ਨੂੰ ਤਵੇ ਨਾਲ ਬੁਰੀ ਤਰ੍ਹਾਂ ਕੁੱਟਣ ਪਿਛੋਂ ਕਮਰੇ ’ਚ ਬੰਦ ਕਰ ਦਿੱਤਾ।

* 27 ਮਈ ਨੂੰ ਭਿਵਾਨੀ ਜ਼ਿਲੇ ’ਚ ਇਕ ਨੌਜਵਾਨ ਦੀ ਖੇਤਾਂ ’ਚ ਹੱਤਿਆ ਕਰ ਦਿੱਤੀ ਗਈ।

* 27 ਮਈ ਨੂੰ ਰੋਹਤਕ ਦੇ ਪਿੰਡ ਇੰਦਰਗੜ੍ਹ ਵਿਖੇ ਨਾਜਾਇਜ਼ ਸ਼ਰਾਬ ਫੜਣ ਗਈ ਸੀ. ਐੱਮ. ਫਲਾਇੰਗ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ’ਤੇ ਇਕ ਔਰਤ ਸਮੇਤ ਸਮੱਗਲਰਾਂ ਦੀ ਟੋਲੀ ਨੇ ਹਮਲਾ ਕਰ ਕੇ ਇਕ ਮੁਲਾਜ਼ਮ ਦੇ ਗਲੇ ਦੀ ਚੇਨ ਖੋਹ ਲਈ ਅਤੇ ਸਰਕਾਰੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ।

* 28 ਮਈ ਨੂੰ ਤਹਿਸੀਲ ਕੈਂਪ ਪਾਨੀਪਤ ਵਿਖੇ ਮਾਮੂਲੀ ਬਹਿਸ ਪਿਛੋਂ ਇਕ ਨੌਜਵਾਨ ਨੇ ਆਪਣੇ ਬਚਪਨ ਦੇ ਦੋਸਤ ਦੀ ਛਾਤੀ ’ਚ ਛੁਰਾ ਮਾਰ ਦਿੱਤਾ।

* 29 ਮਈ ਨੂੰ ਕੈਥਲ ਦੇ ‘ਥੇਹ ਨੇਵਲ’ ਵਿਖੇ ਚੌਪਾਲ ਦੀ ਕੰਧ ਤੋੜਣ ਨੂੰ ਲੈ ਕੇ ਦੋ ਗਰੁੱਪਾਂ ਦਾ ਝਗੜਾ ਸੁਲਝਾਉਣ ਲਈ ਪਹੁੰਚੀ ਪੁਲਸ ਟੀਮ ’ਤੇ ਝਗੜ ਰਹੇ ਲੋਕਾਂ ਨੇ ਹੀ ਹਮਲਾ ਕਰ ਕੇ ਪੁਲਸ ’ਤੇ ਇੱਟਾਂ ਵਰ੍ਹਾਈਆਂ ਅਤੇ ਪੀ. ਸੀ.ਆਰ. ਵਾਹਨ ਦਾ ਸ਼ੀਸ਼ਾ ਤੋੜ ਦਿੱਤਾ।

* 29 ਮਈ ਨੂੰ ਯਮੁਨਾਨਗਰ ਦੇ ਪਿੰਡ ‘ਸੁਢੈਲ’ ਵਿਚ ਕਿਸੇ ਵਿਅਕਤੀ ਦੀ ਹੱਤਿਆ ਦੇ ਇਰਾਦੇ ਨਾਲ ਆਏ ਸ਼ਰਾਬ ਦੇ ਦੋ ਠੇਕੇਦਾਰਾਂ ਨੇ ਅੱਧੀ ਰਾਤ ਵੇਲੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪਿੰਡ ਗੁੰਦਿਆਨਾ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੁਲਜ਼ਮਾਂ ਨੇ 50 ਤੋਂ ਵੱਧ ਗੋਲੀਆਂ ਚਲਾਈਆਂ।

* 29 ਮਈ ਨੂੰ ਵੱਖ-ਵੱਖ ਵਿਵਾਦਾਂ ਕਾਰਨ ਰੰਜਿਸ਼ ਦੇ ਸਿੱਟੇ ਵਜੋਂ ਸਿਰਫ 12 ਘੰਟਿਆਂ ਦੇ ਫਰਕ ’ਚ ਰੋਹਤਕ ਦੇ ਪਿੰਡਾਂ ਸਾਂਘੀ, ਮਾਜਰਾ ਅਤੇ ਬਹੂ ਅਕਬਰਪੁਰ ਵਿਖੇ 3 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਦੋ ਘਟਨਾਵਾਂ ’ਚ ਮੁਲਜ਼ਮਾਂ ਨੇ ਕਤਲਾਂ ’ਚ ਚਾਕੂ ਅਤੇ ਇਕ ਘਟਨਾ ’ਚ ਫਰਸੇ ਦੀ ਵਰਤੋਂ ਕੀਤੀ।

* 29 ਮਈ ਨੂੰ ਅੰਬਾਲਾ ’ਚ ਇਕ ਵਿਦਿਆਰਥੀ ਨਾਲ 7 ਨੌਜਵਾਨਾਂ ਨੇ ਕੁਕਰਮ ਕੀਤਾ।

* 30 ਮਈ ਨੂੰ ਰੋਹਤਕ ਜ਼ਿਲੇ ਦੇ ‘ਗੜ੍ਹੀ ਬੋਹਰ’ ਪਿੰਡ ’ਚ ਹੋਈ ਇਕ ਵਿਅਕਤੀ ਦੀ ਹੱਤਿਆ ਸਬੰਧੀ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 31 ਮਈ ਨੂੰ ਰੇਵਾੜੀ ਦੇ ਕੌਸਲੀ ਥਾਣਾ ਦੇ ‘ਨਾਹੜ’ ਪਿੰਡ ’ਚ ਇਕ ਔਰਤ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕਾ ਦੇ ਮਾਤਾ-ਪਿਤਾ ਨੇ ਉਸ ਦੇ ਸਹੁਰੇ ਵਾਲਿਆਂ ’ਤੇ ਕਤਲ ਦਾ ਦੋਸ਼ ਲਾਇਆ ਹੈ।

* 31 ਮਈ ਨੂੰ ਸੋਨੀਪਤ ਦੇ ਪਿੰਡ ਕੁਮਾਸਪੁਰ ਵਿਖੇ ਤਿੰਨ ਬਾਈਕ ਸਵਾਰ ਬਦਮਾਸ਼ ਜ਼ਮਾਨਤ ’ਤੇ ਆਏ ਕਤਲ ਦੇ ਇਕ ਮੁਲਜ਼ਮ ਦੀ ਹੱਤਿਆ ਕਰ ਕੇ ਫਰਾਰ ਹੋ ਗਏ।

* ਹਰਿਆਣਾ ’ਚ ਲਾਅ-ਕਾਨੂੰਨੀ ਕਿੰਨੀ ਵਧ ਚੁੱਕੀ ਹੈ, ਇਹ ਦੋ ਹਫਤਿਆਂ ਦੀਆਂ ਉਕਤ ਘਟਨਾਵਾਂ ਤੋਂ ਹੀ ਸਪੱਸ਼ਟ ਹੈ। ਲੋਕਾਂ ’ਚ ਪਾਈ ਜਾਂਦੀ ਇਸ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਨਹੀਂ ਕੀਤਾ ਗਿਆ ਤਾਂ ਸੂਬਾ ਸਰਕਾਰ ਵਿਰੁੱਧ ਲੋਕਾਂ ਦਾ ਰੋਸ ਵਧਦਾ ਜਾਏਗਾ, ਜੋ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।

–ਵਿਜੇ ਕੁਮਾਰ


Bharat Thapa

Content Editor

Related News