ਪ੍ਰਸ਼ਨ-ਪੱਤਰ ਲੀਕ, ਨਕਲ ਅਤੇ ਧੋਖਾਦੇਹੀ ਰਾਹੀਂ ਖੋਹਿਆ ਜਾ ਰਿਹਾ ਅਸਲ ਉਮੀਦਵਾਰਾਂ ਦਾ ਅਧਿਕਾਰ
Monday, Dec 26, 2022 - 03:59 AM (IST)

ਅੱਜ ਦੇਸ਼ ’ਚ ਨਾ ਸਿਰਫ ਸਕੂਲ-ਕਾਲਜਾਂ ਸਗੋਂ ਵੱਖ-ਵੱਖ ਨੌਕਰੀਆਂ ਦੇ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਲੀਕ ਕਰਵਾਉਣ ਅਤੇ ਅਣਉਚਿਤ ਢੰਗਾਂ ਨਾਲ ਉਮੀਦਵਾਰਾਂ ਨੂੰ ਪਾਸ ਕਰਵਾਉਣ ਦਾ ਨਾਜਾਇਜ਼ ਵਪਾਰ ਬੜਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਇਸ ਗੋਰਖਧੰਦੇ ’ਚ ਕਈ ਸੂਬਿਆਂ ਦੇ ਕਈ ਮਾਫੀਆ ਗਿਰੋਹ ਸਰਗਰਮ ਦੱਸੇ ਜਾਂਦੇ ਹਨ :
* 27 ਮਾਰਚ ਨੂੰ ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (ਜੇ. ਕੇ. ਐੱਸ. ਐੱਸ. ਬੀ.) ਵੱਲੋਂ ਲੇਖਾ ਸਹਾਇਕਾਂ ਦੀਆਂ ਵੱਖ-ਵੱਖ ਅਾਸਾਮੀਆਂ ਦੀ ਨਿਯੁਕਤੀ ਦੇ ਲਈ ਲਈ ਜਾਣ ਵਾਲੀ ਪ੍ਰੀਖਿਆ ’ਚ ਬੇਨਿਯਮੀ ਅਤੇ ਪ੍ਰਸ਼ਨ-ਪੱਤਰ ਲੀਕ ਹੋਣ ਦੇ ਮਾਮਲੇ ’ਚ ਦੋਸ਼ੀਆਂ ਦੀ ਭਾਲ ’ਚ ਜੰਮੂ-ਕਸ਼ਮੀਰ ਦੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
* 26 ਅਤੇ 27 ਅਗਸਤ ਨੂੰ ‘ਅਰੁਣਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ’ (ਏ. ਪੀ. ਪੀ. ਐੱਸ. ਸੀ.) ਵੱਲੋਂ ਸਹਾਇਕ ਇੰਜੀਨੀਅਰ ਸਿਵਲ ਪ੍ਰੀਖਿਆ ਦੇ ਪ੍ਰਸ਼ਨ-ਪੱਤਰ ਲੀਕ ਕੀਤੇ ਜਾਣ ਦੇ ਮਾਮਲੇ ’ਚ ਸੀ. ਬੀ. ਆਈ. ਨੇ 9 ਨਵੰਬਰ ਨੂੰ 13 ਦੋਸ਼ੀਆਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ।
* 28 ਨਵੰਬਰ ਨੂੰ ਪੱਛਮੀ ਬੰਗਾਲ ’ਚ ਹੋਣ ਵਾਲੀ ‘ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ’ (ਡੀ. ਈ. ਆਈ. ਐੱਡ.) ਪ੍ਰੀਖਿਆ ਦੇ ਪ੍ਰਸ਼ਨ-ਪੱਤਰ ਲੀਕ ਦੇ ਮਾਮਲਿਆਂ ਦੀ ਜਾਂਚ ਸੀ. ਆਈ. ਡੀ. ਨੂੰ ਕਰਨ ਦਾ ਹੁਕਮ ਦਿੱਤਾ ਗਿਆ।
* 23 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ’ਚ ਜੂਨੀਅਰ ਆਫਿਸਰ ਅਸਿਸਟੈਂਟ (ਜੇ. ਓ. ਏ.-ਆਈ. ਟੀ.) ਦੇ ਲਈ 25 ਦਸੰਬਰ ਨੂੰ ਲਈ ਜਾਣ ਵਲੀ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਲੀਕ ਕਰਨ ਦੇ ਮਾਮਲੇ ’ਚ ਹਮੀਰਪੁਰ ’ਚ ਹਿਮਾਚਲ ਪ੍ਰਦੇਸ਼ ਕਰਮਚਾਰੀ ਚੋਣ ਕਮਿਸ਼ਨ ਦੀ ਕਰਮਚਾਰੀ, ਉਸ ਦੇ ਬੇਟੇ, 2 ਉਮੀਦਵਾਰਾਂ ਤੇ ਦਲਾਲ ਸਮੇਤ 5 ਵਿਅਕਤੀਆਂ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 24 ਦਸੰਬਰ ਨੂੰ ‘ਰਾਜਸਥਾਨ ਲੋਕ ਸੇਵਾ ਕਮਿਸ਼ਨ’ ਵੱਲੋਂ ਸੈਕੰਡ ਗ੍ਰੇਡ ਅਧਿਆਪਕ ਭਰਤੀ ਦੇ ਲਈ ਲਈ ਜਾਣ ਵਾਲੀ ਜਨਰਲ ਨਾਲੇਜ ਦੀ ਪ੍ਰੀਖਿਆ ਪ੍ਰਸ਼ਨ-ਪੱਤਰ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਪ੍ਰਸ਼ਨ-ਪੱਤਰ ਲੀਕ ਕਰ ਕੇ ਅਤੇ ਪ੍ਰੀਖਿਆਵਾਂ ’ਚ ਨਕਲ ਕਰਵਾ ਕੇ ਅਸਲ ਉਮੀਦਵਾਰਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਇਸ ਲਈ ਇਸ ਦੇ ਵਾਸਤੇ ਜ਼ਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹੁਣ ਸਾਨੂੰ ਪ੍ਰੀਖਿਆ ਦੇ ਰਵਾਇਤੀ ਢੰਗਾਂ ਨੂੰ ਛੱਡ ਕੇ ਨਵੇਂ ਤਰੀਕੇ ਲੱਭਣ ਦੇ ਨਾਲ-ਨਾਲ ਸਿੱਖਿਆ ਦੇ ਪੈਟਰਨ ’ਚ ਵੱਡੇ ਪੱਧਰ ’ਤੇ ਵੀ ਬਦਲਾਅ ਕਰਨ ਦੀ ਵੀ ਲੋੜ ਹੈ।