ਅਮਰੀਕਾ ਤੋਂ ਆਇਆ ‘ਰਾਹਤ ਸਮੱਗਰੀ ਦਾ ਟਰੱਕ’ ਸਰਹੱਦੀ ਅੱਤਵਾਦ ਪੀੜਤਾਂ ਦੇ ਲਈ

Wednesday, Oct 12, 2022 - 03:05 AM (IST)

ਅਮਰੀਕਾ ਤੋਂ ਆਇਆ ‘ਰਾਹਤ ਸਮੱਗਰੀ ਦਾ ਟਰੱਕ’ ਸਰਹੱਦੀ ਅੱਤਵਾਦ ਪੀੜਤਾਂ ਦੇ ਲਈ

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਲਈ ‘ਪੰਜਾਬ ਕੇਸਰੀ ਪੱਤਰ ਸਮੂਹ’ ਵੱਲੋਂ ਆਪਣੇ ਪਾਠਕਾਂ ਦੇ ਸਹਿਯੋਗ ਨਾਲ ਇਕੱਤਰਿਤ ਰਾਹਤ ਸਮੱਗਰੀ ਦੇ ਟਰੱਕ ਭਿਜਵਾਉਣ ਦਾ ਸਿਲਸਿਲਾ 2 ਅਕਤੂਬਰ, 1999 ਨੂੰ ਸ਼ੁਰੂ ਹੋਇਆ ਸੀ। ਤਤਕਾਲੀਨ ਭਾਜਪਾ ਸੂਬਾ ਪ੍ਰਧਾਨ ਸਵ. ਚਮਨ ਲਾਲ ਗੁਪਤਾ (ਡੋਡਾ) J&K ਨੇ ਉੱਥੋਂ ਦੇ ਲੋਕਾਂ ਦੀ ਤਰਸਯੋਗ ਹਾਲਤ ਦੱਸਦੇ ਹੋਏ ਸਾਨੂੰ ਉੱਥੋਂ ਦੇ ਅੱਤਵਾਦ ਪੀੜਤ ਲੋਕਾਂ ਦੇ ਲਈ ਰਾਹਤ ਸਮੱਗਰੀ ਦੇ ਟਰੱਕ ਭਿਜਵਾਉਣ ਦੀ ਵਿਵਸਥਾ ਕਰਨ ਦੇ ਲਈ ਕਿਹਾ ਸੀ। ਉਨ੍ਹਾਂ ਦੀ ਪ੍ਰੇਰਨਾ ਅਤੇ ‘ਪੰਜਾਬ ਕੇਸਰੀ ਪੱਤਰ ਸਮੂਹ’ ਦੇ ਪਾਠਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਉਦੋਂ ਤੋਂ ਲਗਾਤਾਰ ਜਾਰੀ ਹੈ ਕਿਉਂਕਿ 23 ਸਾਲ ਬੀਤ ਜਾਣ ਦੇ ਬਾਅਦ ਵੀ ਸਰਹੱਦੀ ਇਲਾਕਿਆਂ ਦੇ ਹਾਲਾਤ ਅਜੇ ਵੀ ਸੁਧਰੇ ਨਹੀਂ ਹਨ।

ਸਰਹੱਦ ਦੇ ਨਾਲ ਲੱਗਦੇ ਪਿੰਡਾਂ ’ਚ ਰਹਿਣ ਵਾਲੇ ਲੋਕ ਪਾਕਿਸਤਾਨ ਦੀ ਗੋਲੀਬਾਰੀ ਦੇ ਨਾਲ-ਨਾਲ ਅੱਤਵਾਦ, ਗਰੀਬੀ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਹਰ ਦੂਜੇ ਘਰ ਦੀਆਂ ਕੰਧਾਂ ਪਾਕਿਸਤਾਨੀ ਹਮਲਾਵਰਾਂ ਦੀਆਂ ਗੋਲੀਆਂ ਨਾਲ ਛਲਣੀ ਹਨ। ਲਗਭਗ ਹਰ ਪਿੰਡ ’ਚ ਘੱਟ ਤੋਂ ਘੱਟ 4-5 ਜਾਂ ਇਸ ਤੋਂ ਵੀ ਵੱਧ ਵਿਧਵਾਵਾਂ ਅਜਿਹੀਆਂ ਹਨ ਜਿਨ੍ਹਾਂ ਦੇ ਸੁਹਾਗ ਪਾਕਿਸਤਾਨ ਦੀ ਫੌਜ ਜਾਂ ਅੱਤਵਾਦੀਆਂ ਨੇ ਉਜਾੜ ਦਿੱਤੇ ਹਨ। ਦਿਵਿਆਂਗ ਕਿੰਨੇ ਹਨ ਇਸ ਦੀ ਤਾਂ ਗਿਣਤੀ ਕਰਨੀ ਵੀ ਔਖੀ ਹੈ। ਪਾਕਿਸਤਾਨ ਦੀ ਗੋਲੀਬਾਰੀ ਦੇ ਕਾਰਨ ਜਿਥੇ ਪਿੰਡਾਂ ਵਾਲਿਆਂ ਦੀ ਆਪਣੀ ਜ਼ਿੰਦਗੀ ਖਤਰੇ ’ਚ ਰਹਿੰਦੀ ਹੈ, ਉਥੇ ਹੀ ਉਨ੍ਹਾਂ ਦੀਆਂ ਫਸਲਾਂ ਵੀ ਤਬਾਹ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਦੁਧਾਰੂ ਪਸ਼ੂ ਵੀ ਮਾਰੇ ਜਾਂਦੇ ਹਨ, ਜਿਨ੍ਹਾਂ ਦਾ ਦੁੱਧ ਵੇਚ ਕੇ ਉਹ ਆਪਣਾ ਜੀਵਨ-ਗੁਜ਼ਾਰਾ ਕਰਦੇ ਹਨ। 

ਸਰਕਾਰ ਵੱਲੋਂ ਵੀ ਕੋਈ ਖਾਸ ਸਹੂਲਤ ਜਾਂ ਸਹਾਇਤਾ ਉਨ੍ਹਾਂ ਨੂੰ ਮੁਹੱਈਆ ਨਹੀਂ ਕੀਤੀ ਜਾ ਰਹੀ। ਸਰਹੱਦ ਨਾਲ ਲੱਗਦੇ ਪਿੰਡਾਂ ’ਚ ਸਕੂਲ ਤਾਂ ਹਨ ਪਰ ਡਰ ਅਤੇ ਖੌਫ ਦੇ ਮਾਹੌਲ ਦੇ ਕਾਰਨ ਅਧਿਆਪਕ ਉੱਥੇ ਪੜ੍ਹਾਉਣ ਨਹੀਂ ਜਾਂਦੇ ਅਤੇ ਤਬਾਦਲਾ ਕਰਵਾ ਕੇ ਕਿਤੇ ਹੋਰ ਚਲੇ ਜਾਂਦੇ ਹਨ। ਕੁਝ ਅਜਿਹੇ ਹੀ ਹਾਲਾਤ ਡਿਸਪੈਂਸਰੀਆਂ ਦੇ ਵੀ ਹਨ ਜਿੱਥੇ ਕੋਈ ਵੀ ਡਾਕਟਰ ਨਹੀਂ ਹੈ ਅਤੇ ਹੇਠਲਾ ਸਟਾਫ ਹੀ ਰੋਗੀਆਂ ਨੂੰ ਦੇਖਦਾ ਹੈ, ਜਿਨ੍ਹਾਂ ਨੂੰ ਡਾਕਟਰੀ ਦੀ ਕੋਈ ਸਮਝ ਨਹੀਂ ਹੈ। ਨੇਤਾ ਵੀ ਇਨ੍ਹਾਂ ਪਿੰਡਾਂ ’ਚ ਸਿਰਫ ਚੋਣਾਂ ਦੇ ਦਿਨਾਂ ’ਚ ਹੀ ਵੋਟਾਂ ਮੰਗਣ ਲਈ ਜਾਂਦੇ ਹਨ ਅਤੇ ਬਾਅਦ ’ਚ ਉੱਥੋਂ ਦੀ ਕੋਈ ਸਾਰ ਨਹੀਂ ਲੈਂਦਾ। ਫਿਲਹਾਲ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਆਪਣੇ ਪਾਠਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ’ਚ ਰਾਹਤ ਸਮੱਗਰੀ ਦੇ 690 ਟਰੱਕ ਵੰਡੇ ਜਾ ਚੁੱਕੇ ਹਨ। 

ਇਸੇ ਲੜੀ ’ਚ ਬੀਤੇ ਦਿਨ ‘ਪੰਜਾਬ ਕੇਸਰੀ ਪੱਤਰ ਸਮੂਹ’ ਵੱਲੋਂ ਅਮਰੀਕਾ ’ਚ ਮੈਰੀਲੈਂਡ ਦੇ ਫ੍ਰੈਡਰਿਕ ਸ਼ਹਿਰ ’ਚ ਰਹਿਣ ਵਾਲੇ ਸ਼੍ਰੀ ਸੁਦੇਸ਼ ਗੁਪਤਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਦਰਸ਼ਨ ਗੁਪਤਾ (ਐੱਨ. ਆਰ. ਆਈ.) ਵੱਲੋਂ ਭੇਟ ਕੀਤਾ ਗਿਆ ਰਾਹਤ ਸਮੱਗਰੀ ਦਾ 689ਵਾਂ ਟਰੱਕ ਭੇਜਿਆ ਗਿਆ। ਇਸ ਟਰੱਕ ’ਚ 200 ਲੋੜਵੰਦ ਪਰਿਵਾਰਾਂ ਦੇ ਲਈ ਰਾਸ਼ਨ ਸੀ। ਮੂਲ ਤੌਰ ’ਤੇ ਕਪੂਰਥਲਾ ਦੇ ਰਹਿਣ ਵਾਲੇ ਸੁਦੇਸ਼ ਗੁਪਤਾ ਲਗਭਗ 33 ਸਾਲ ਪਹਿਲਾਂ 1989 ’ਚ ਆਪਣੇ ਬੇਟੇ ਕੋਲ ਚਲੇ ਗਏ ਸਨ, ਜਿੱਥੇ ਉਨ੍ਹਾਂ ਦਾ ਬੜਾ ਵੱਡਾ ਸਟੋਰ ਹੈ।

ਸ਼੍ਰੀ ਗੁਪਤਾ ਜੋ ਇਸ ਸਮੇਂ 90 ਸਾਲ ਦੇ ਹੋ ਚੁੱਕੇ ਹਨ, ਪੰਜਾਬ ਕੇਸਰੀ ਪੱਤਰ ਸਮੂਹ ਦੇ ਸਰਪ੍ਰਸਤ ਅਖਬਾਰ ‘ਹਿੰਦ ਸਮਾਚਾਰ’ (ਉਰਦੂ) ਦਾ ਪ੍ਰਕਾਸ਼ਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਉਸ ਨੂੰ ਪੜ੍ਹਦੇ ਆ ਰਹੇ ਹਨ ਅਤੇ 28 ਸਾਲ ਤੱਕ ਲਗਾਤਾਰ ਹਵਾਈ ਡਾਕ ਰਾਹੀਂ ‘ਹਿੰਦ ਸਮਾਚਾਰ’ ਮੰਗਵਾਉਂਦੇ ਰਹੇ ਅਤੇ ਹੁਣ ਆਨਲਾਈਨ ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਦੋਵੇਂ ਅਖਬਾਰ ਪੜ੍ਹਦੇ ਹਨ। ਉਨ੍ਹਾਂ ਨੇ ‘ਪੰਜਾਬ ਕੇਸਰੀ ਪੱਤਰ ਸਮੂਹ’ ਵੱਲੋਂ ਅੱਤਵਾਦ ਪੀੜਤ ਇਲਾਕਿਆਂ ਦੇ ਲੋਕਾਂ ਦੇ ਲਈ ਰਾਹਤ ਸਮੱਗਰੀ ਦੇ ਟਰੱਕ ਵੰਡਣ ਸਬੰਧੀ ਖਬਰਾਂ ਪੜ੍ਹੀਆਂ ਤਾਂ ਉਨ੍ਹਾਂ ਦੇ ਮਨ ’ਚ ਵੀ ਇਸ ਮਹਾਯੱਗ ’ਚ ਆਪਣਾ ਯੋਗਦਾਨ ਦੇਣ ਦੀ ਇੱਛਾ ਪੈਦਾ ਹੋਈ। ਲਿਹਾਜ਼ਾ ਉਨ੍ਹਾਂ ਨੇ ਅਮਰੀਕਾ ਤੋਂ ਮੈਨੂੰ ਫੋਨ ’ਤੇ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਇਸ ਸਬੰਧ ’ਚ ਵਿਸਥਾਰਪੂਰਵਕ ਦੱਸਿਆ ਕਿ ਪਾਠਕਾਂ ਦੇ ਸਹਿਯੋਗ ਨਾਲ ਇਕੱਠੇ ਕੀਤੇ ਜਾਣ ਵਾਲੇ ਰਾਹਤ  ਸਮੱਗਰੀ ਦੇ ਟਰੱਕ ਅਸੀਂ ਦਾਨੀ ਸੱਜਣਾਂ ਨੂੰ ਨਾਲ ਲਿਜਾ ਕੇ ਉਗਰਵਾਦ ਅਤੇ ਅੱਤਵਾਦ ਪ੍ਰਭਾਵਿਤ ਇਲਾਕਿਆਂ ’ਚ ਉਨ੍ਹਾਂ ਦੀ ਮੌਜੂਦਗੀ ’ਚ ਵੰਡਵਾਉਂਦੇ ਹਾਂ।

ਇਸੇ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਰਕਮ ਭੇਜ ਕੇ ਰਾਹਤ ਸਮੱਗਰੀ ਦਾ ਟਰੱਕ ਤਿਆਰ ਕਰਵਾ ਦਿੱਤਾ, ਜੋ ਬੀਤੇ ਦਿਨ ਬੀ. ਐੱਸ. ਐੱਫ. ਦੀ ਰਖਵਾਲੀ ’ਚ ਇਸ ਦੀ ਨਾਰਾਇਣਾ ਚੌਕੀ ਦੇ ਨੇੜੇ ਸਰਹੱਦੀ ਇਲਾਕੇ ’ਚ ਰਾਮਗੜ੍ਹ ਸੈਕਟਰ ਦੇ ਪਿੰਡ ’ਚ ਵੰਡਵਾਇਆ ਗਿਆ। ਟਰੱਕ ਵੰਡਵਾਏ ਜਾਣ ਦੀ ਖਬਰ ਪੜ੍ਹਨ ਦੇ ਬਾਅਦ ਸ਼੍ਰੀ ਗੁਪਤਾ ਦਾ ਧੰਨਵਾਦ ਦਾ ਫੋਨ ਆਇਆ ਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਪੁੱਛਿਆ ਕਿ ਜਿਹੜੇ ਲੋਕਾਂ ’ਚ ਇਹ ਟਰੱਕ ਵੰਡਿਆ ਗਿਆ, ਕੀ ਉਹ ਲੋੜਵੰਦ ਸਨ? ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਦੱਸਿਆ ਤਾਂ ਸ਼੍ਰੀ ਗੁਪਤਾ ਨੂੰ ਬੜੀ ਖੁਸ਼ੀ ਹੋਈ। ਕਿਸੇ ਐੱਨ. ਆਰ. ਆਈ. ਵੱਲੋਂ ਦਿੱਤਾ ਗਿਆ ਰਾਹਤ ਸਮੱਗਰੀ ਦਾ ਇਹ ਪਹਿਲਾ ਟਰੱਕ ਸੀ ਅਤੇ ਉਨ੍ਹਾਂ ਨੇ ਇਕ ਹੋਰ ਟਰੱਕ ਦੇਣ ਦੀ ਗੱਲ ਹੁਣ ਕਹਿ ਦਿੱਤੀ ਹੈ, ਜਿਸ ਨੂੰ ਵੰਡਣ ਉਨ੍ਹਾਂ ਦੇ ਰਿਸ਼ਤੇਦਾਰ ਨਾਲ ਜਾਣਗੇ। 

ਅਸੀਂ ਸ਼੍ਰੀ ਸੁਦੇਸ਼ ਗੁਪਤਾ ਦੇ ਨਾਲ-ਨਾਲ ਸਾਰੇ ਦਾਨੀਆਂ ਦਾ ਵੀ ਧੰਨਵਾਦ ਪ੍ਰਗਟ ਕਰਦੇ ਹਾਂ, ਜੋ 1999 ਤੋਂ ਲਗਾਤਾਰ ਇਸ ਯੱਗ ’ਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ। ਅਸੀਂ ਉਨ੍ਹਾਂ ਸਾਰੇ ਲੋਕਾਂ ਦੇ ਵੀ ਧੰਨਵਾਦੀ ਹਾਂ, ਜੋ ਆਪਣੀ ਜਾਨ ਨੂੰ ਖਤਰੇ ਦੀ ਪ੍ਰਵਾਹ ਨਾ ਕਰ ਕੇ ਸਰਹੱਦੀ ਇਲਾਕਿਆਂ ’ਤੇ ਡਟੇ ਰਹਿ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ। ਇਸ ਦੇ ਨਾਲ ਹੀ ਅਸੀਂ ਲੋਕ ਸੇਵਕਾਂ ਨੂੰ ਵੀ ਕਹਾਂਗੇ ਕਿ ਇਹ ਕੰਮ ਤਾਂ ਸਰਕਾਰ ਦਾ ਹੈ, ਇਸ ਲਈ ਸਿਆਸਤਦਾਨਾਂ ਨੂੰ ਸਿਰਫ ਚੋਣਾਂ ਦੇ ਮੌਕੇ ’ਤੇ ਵੋਟ ਮੰਗਣ ਲਈ ਹੀ ਨਹੀਂ ਸਗੋਂ ਸਮੇਂ-ਸਮੇਂ ’ਤੇ ਇਨ੍ਹਾਂ ਇਲਾਕਿਆਂ ’ਚ ਜਾ ਕੇ ਉੱਥੋਂ ਦੇ ਲੋਕਾਂ ਦੀ ਹਾਲਤ ਦੇਖ ਕੇ ਉਸ ਨੂੰ ਸੁਧਾਰਨ ’ਚ ਆਪਣਾ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ।

-ਵਿਜੇ ਕੁਮਾਰ


author

Mukesh

Content Editor

Related News