ਹੋਟਲ ’ਚ ਬਾਗੀਆਂ ਦੀ ਦਾਅਵਤ ਸੋਕੇ ਅਤੇ ਹੜ੍ਹ ਨਾਲ ਸਥਾਨਕ ਲੋਕਾਂ ਦੀ ਆਫਤ

06/27/2022 12:41:09 AM

ਜਿੱਥੇ ਮਹਾਰਾਸ਼ਟਰ ਦੇ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਦੀ ਊਧਵ ਠਾਕਰੇ ਦੀ ਸਰਕਾਰ ਦੇ ਵਿਰੁੱਧ ਬਗਾਵਤ ਦੇ ਕਾਰਨ ਸੂਬੇ ’ਚ ਸਿਆਸੀ ਸੰਕਟ ਜਾਰੀ ਹੈ, ਉਥੇ ਹੀ ਮੀਂਹ ਨਾ ਪੈਣ ਦੇ ਕਾਰਨ ਸੋਕੇ ਨਾਲ ਜੂਝ ਰਹੇ ਮਹਾਰਾਸ਼ਟਰ ਦੇ ਕਿਸਾਨਾਂ ’ਚ ਹਾਹਾਕਾਰ ਮਚੀ ਹੋਈ ਹੈ। ਉਧਰ ਕਿਸਾਨਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਸੂਬੇ ਦੇ ਖੇਤੀਬਾੜੀ ਮੰਤਰੀ ਦਾਦਾ ਜੀ ਭੁਸੇ ਨੇ ਵੀ ਸ਼ਿੰਦੇ ਧੜੇ ਦੇ ਵਿਧਾਇਕਾਂ ਦੇ ਨਾਲ ਮੁੰਬਈ ਤੋਂ 2700 ਕਿਲੋਮੀਟਰ ਦੂਰ ਅਸਾਮ ’ਚ ਗੁਹਾਟੀ ਦੇ ‘ਰੈਡੀਸਨ ਬਲੂ’ ਹੋਟਲ ’ਚ ਡੇਰਾ ਲਾਇਆ ਹੋਇਆ ਹੈ। ਤ੍ਰਾਸਦੀ ਇਹ ਵੀ ਹੈ ਕਿ ਅਸਾਮ ਦੇ 32 ਜ਼ਿਲੇ ਇਸ ਸਮੇਂ ਭਿਆਨਕ ਹੜ੍ਹ ਦੀ ਲਪੇਟ ’ਚ ਆਏ ਹੋਏ ਹਨ। ਹੁਣ ਤੱਕ  ਉੱਥੇ ਘੱਟੋ-ਘੱਟ  108 ਵਿਅਕਤੀਆਂ ਦੀ ਮੌਤ ਅਤੇ ਹਜ਼ਾਰਾਂ ਲੋਕਾਂ ਦੇ ਬੇਘਰ ਹੋਣ ਦੇ ਇਲਾਵਾ ਜਾਇਦਾਦ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਲੋਕਾਂ ਨੂੰ ਖਾਣ-ਪੀਣ ਦੇ ਲਾਲੇ ਪਏ ਹੋਏ ਹਨ ਪਰ ਸੂਬੇ ਦੇ ਹੜ੍ਹਗ੍ਰਸਤ ਲੋਕਾਂ ਵੱਲ ਧਿਆਨ ਦੇਣ ਦੀ ਬਜਾਏ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਬਾਗੀ ਵਿਧਾਇਕਾਂ ਦੀ ਆਓਭਗਤ ’ਚ ਲੱਗੇ  ਦਿਖਾਈ ਦੇ ਰਹੇ ਹਨ। 

ਇਸ ਸਬੰਧ ’ਚ ‘ਭੋਲੇ ਭਾਰਤ’ ਨਾਂ ਦੇ ਇਕ ਟਵਿਟਰ ਯੂਜ਼ਰ ਦੇ ਅਨੁਸਾਰ, ‘‘ਰੈਡੀਸਨ ਬਲੂ ਹੋਟਲ ’ਚ ਰੁਕਣ ਵਾਲੇ ਵਿਧਾਇਕ ਰੋਜ਼ਾਨਾ 8 ਲੱਖ ਰੁਪਏ ਦਾ ਖਾਣਾ ਖਾ ਰਹੇ ਹਨ ਜਦਕਿ ਅਸਾਮ ਦੇ ਲੋਕਾਂ ਨੂੰ ਹੜ੍ਹ ਰਾਹਤ ਫੰਡ ਦੇ ਨਾਂ ’ਤੇ ਸਿਰਫ 2  ਕੱਪ ਚੌਲ ਅਤੇ ਇਕ ਕੱਪ ਦਾਲ ਹੀ ਵੰਡੀ ਜਾਂਦੀ ਹੈ।’’ਇਕ ਹੋਰ ਯੂਜ਼ਰ ਦੇ ਅਨੁਸਾਰ, ‘‘ਇਸ ਸਮੇਂ ਅਸਾਮ ’ਚ ਪੂਰਾ ਫੋਕਸ ਹੜ੍ਹ ’ਤੇ ਹੋਣਾ ਚਾਹੀਦਾ ਸੀ ਪਰ ਬਦਕਿਸਮਤੀ ਨਾਲ ‘ਰੈਡੀਸਨ ਬਲੂ’ ਹੋਟਲ ਵੱਧ ਚਰਚਿਤ ਹੈ।’’ਇਹ ਤਾਂ ਪਤਾ ਨਹੀਂ ਕਿ ਇਨ੍ਹਾਂ ਬਾਗੀਆਂ ਦੇ ਪੰਜ ਸਿਤਾਰਾ ਹੋਟਲ ’ਚ ਠਹਿਰਨ ਦਾ ਖਰਚ ਕੌਣ ਉਠਾ ਰਿਹਾ ਹੈ ਪਰ ਇਸ ਰਿਜ਼ਾਰਟ ਪਾਲੀਟਿਕਸ ’ਚ ਧਨ ਪਾਣੀ ਵਾਂਗ ਰੋੜ੍ਹਿਆ ਜਾ ਰਿਹਾ ਹੈ। ਰੈਡੀਸਨ ਬਲੂ ਹੋਟਲ ’ਚ ਹੋਰਨਾਂ ਭਾਜਪਾ ਨੇਤਾਵਾਂ ਦਾ ਆਉਣਾ-ਜਾਣਾ ਵੀ ਦੇਖਿਆ ਗਿਆ। ਇੱਥੇ ਲਗਭਗ 90 ਵਿਅਕਤੀ ਠਹਿਰੇ ਹੋਏ ਹਨ ਅਤੇ ਵਿਧਾਇਕਾਂ ਦੀ ਗਿਣਤੀ ’ਚ ਸੰਭਾਵਿਤ ਵਾਧੇ ਨੂੰ ਦੇਖਦੇ ਹੋਏ ਕੁਝ ਹੋਰ ਕਮਰੇ ਵੀ ਖਾਲੀ ਰੱਖਣ ਲਈ ਕਿਹਾ ਗਿਆ ਹੈ। ਇਸ ਵੱਡੇ ਹੋਟਲ ’ਚ ਵਿਧਾਇਕਾਂ ਦੇ ਰੁਕਣ ’ਤੇ ਪਤਾ ਲੱਗਾ ਹੈ ਕਿ ਕਮਰੇ ਫਿਲਹਾਲ 7 ਦਿਨ  ਲਈ ਬੁੱਕ ਕੀਤੇ ਗਏ  ਹਨ, ਜਿਨ੍ਹਾਂ ’ਤੇ ਕੁਲ ਖਰਚ 1.12 ਕਰੋੜ ਰੁਪਏ ਦੇ ਲਗਭਗ ਦੱਸਿਆ ਗਿਆ ਹੈ। ਵਿਧਾਇਕਾਂ ਅਤੇ ਉਨ੍ਹਾਂ ਦੀਆਂ ਟੀਮਾਂ ਲਈ ਬੁੱਕ ਕੀਤੇ ਗਏ ਕਮਰਿਆਂ ਦੇ ਇਲਾਵਾ ਹੋਟਲ ਦੀ ਮੈਨੇਜਮੈਂਟ  ਨਵੀਂ ਬੁਕਿੰਗ ਪ੍ਰਵਾਨ ਨਹੀਂ ਕਰ ਰਹੀ ਅਤੇ ਇੱਥੇ ਸਭ ਬਾਗੀ ਨੇਤਾ ਸੂਬੇ ਦੀਆਂ ਅਸਲ ਸਮੱਸਿਆਵਾਂ ਨੂੰ ਭੁੱਲ ਕੇ ਸਿਆਸੀ ਜੋੜ-ਤੋੜ ਦੇ ਨਾਲ-ਨਾਲ ਖੂਬ ਮੌਜ-ਮਸਤੀ ਕਰ ਰਹੇ ਹਨ। 

ਅਜਿਹੇ ਹਾਲਾਤ ਵਿਚ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ, ‘‘ਸਾਰੇ ਸੈਲਾਨੀਆਂ ਦਾ ਅਸਾਮ ਆਉਣ ’ਤੇ ਸਵਾਗਤ ਹੈ ਅਤੇ ਇੱਥੋਂ ਤੱਕ ਕਿ ਊਧਵ ਠਾਕਰੇ ਨੂੰ ਵੀ ਮੈਂ ਕਹਿੰਦਾ ਹਾਂ ਕਿ ਉਨ੍ਹਾਂ ਨੂੰ ਇੱਥੇ ਆਉਣਾ ਚਾਹੀਦਾ ਹੈ। ਸੈਲਾਨੀਆਂ ਦੇ ਅਸਾਮ ’ਚ ਆਉਣ ਨਾਲ ਸੂਬੇ ਦੀ ਅਰਥਵਿਵਸਥਾ ’ਚ ਸੁਧਾਰ ਹੋਵੇਗਾ।’’ਸੂਬੇ ਦੇ ਹੜ੍ਹ ਨਾਲ ਘਿਰੇ ਹੋਣ ਦੇ ਜਵਾਬ ’ਚ ਉਨ੍ਹਾਂ ਦਾ ਕਹਿਣਾ ਹੈ, ‘‘ਮੈਂ ਕੀ ਕਰਾਂ? ਕੀ ਮੈਂ ਗੁਹਾਟੀ ਦੇ ਹੋਟਲ ਇਸ ਲਈ ਬੰਦ ਕਰ ਦੇਵਾਂ ਕਿ  ਅਸਾਮ ਦੇ ਕੁਝ ਹਿੱਸਿਆਂ ’ਚ ਹੜ੍ਹ ਆਇਆ ਹੋਇਆ ਹੈ! ਹੜ੍ਹ ਪੀੜਤਾਂ ਨੂੰ ਰਾਹਤ ਮੁਹੱਈਆ ਕੀਤੀ ਜਾ ਰਹੀ ਹੈ।’’ ਅਸਾਮ ਦੇ ਮੁੱਖ ਮੰਤਰੀ ਵੱਲੋਂ ਸੂਬੇ ’ਚ ਹੜ੍ਹ ਦੀ ਗੰਭੀਰ ਸਥਿਤੀ ਦੌਰਾਨ ਇਸ ਤਰ੍ਹਾਂ ਦਾ ਨਜ਼ਰੀਆ ਅਪਣਾਉਣਾ ਵੀ ਸਹੀ ਪ੍ਰਤੀਤ ਨਹੀਂ ਹੁੰਦਾ। ਅਜਿਹੇ ’ਚ ਸ਼ਾਇਦ ਬਾਗੀ ਵਿਧਾਇਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ’ਚ ਆਉਣ ਤੋਂ ਵੱਧ ਮਹੱਤਵਪੂਰਨ ਸੂਬਿਆਂ ’ਚ ਸੋਕੇ, ਹੜ੍ਹ ਦੀ ਗੰਭੀਰ ਸਥਿਤੀ ਦਰਮਿਆਨ ਅਜਿਹੇ ਲੋਕਾਂ ਦੀ ਮਦਦ ਕਰਨਾ ਹੈ ਜੋ ਉਨ੍ਹਾਂ ਨੂੰ ਚੁਣ ਕੇ ਸੱਤਾ ’ਚ ਲਿਆਏ ਸਨ। 


Karan Kumar

Content Editor

Related News