‘ਪੰਜਾਬ ਕਾਂਗਰਸ ਸਰਕਾਰ ’ਚ ਧਮਾਕਾ’ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫਾ

09/19/2021 3:38:04 AM

ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ 2 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲੋਂ ਮਹੱਤਵਪੂਰਨ ਮੰਤਰਾਲਾ ਖੋਹ ਲੈਣ ’ਤੇ ਸਿੱਧੂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਬਾਅਦ ਉਨ੍ਹਾਂ ਦੇ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਸੀ, ਜਿਸ ’ਚ ਕੁਝ ਹੋਰ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਹੋ ਗਏ ਅਤੇ ਇਸ ਸਾਲ ਮਈ ਦੇ ਬਾਅਦ ਇਹ ਟਕਰਾਅ ਬੇਹੱਦ ਵਧ ਗਿਆ ਸੀ।

ਕਾਂਗਰਸ ਹਾਈਕਮਾਨ ਵੱਲੋਂ ਗਠਿਤ ਮਲਿਕਾਰਜੁਨ ਕਮੇਟੀ ਨੇ ਪੰਜਾਬ ਦੇ ਕਈ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਸਮੇਤ ਕਾਂਗਰਸੀ ਨੇਤਾਵਾਂ ਦੀਆਂ ਦਿੱਲੀ ’ਚ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ 3 ਮੁਲਾਕਾਤਾਂ ਦੇ ਬਾਵਜੂਦ ਇਸ ਨੂੰ ਹੱਲ ਕਰਨ ’ਚ ਅਸਫਲ ਰਹੀ।

ਇਸ ਮਾਹੌਲ ਦੇ ਦਰਮਿਆਨ 18 ਜੁਲਾਈ ਨੂੰ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਅਤੇ ਪੰਜਾਬ ਕਾਂਗਰਸ ਦੇ 4 ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਸੰਭਾਲਣ ਲਈ ਕਿਹਾ ਗਿਆ।

ਹਾਲਾਂਕਿ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਕੋਲੋਂ ਜਨਤਕ ਮੁਆਫੀ ਦੀ ਮੰਗ ਕਰਦੇ ਹੋਏ ਉਸ ਦੀ ਤਾਜਪੋਸ਼ੀ ’ਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਪਰ ਇਕਦਮ 23 ਜੁਲਾਈ ਨੂੰ ਉਨ੍ਹਾਂ ਨੇ ਪੰਜਾਬ ਭਵਨ ’ਚ ਬਰੇਕਫਾਸਟ ਦਾ ਆਯੋਜਨ ਕਰ ਕੇ ਸਿੱਧੂ ਤੇ ਹੋਰਨਾਂ ਨੇਤਾਵਾਂ ਨੂੰ ਸੱਦਿਆ ਅਤੇ ਸਿੱਧੂ ਦੇ ਮੁਆਫੀ ਨਾ ਮੰਗਣ ਦੇ ਬਾਵਜੂਦ ਉਨ੍ਹਾਂ ਦੇ ਤਾਜਪੋਸ਼ੀ ਸਮਾਗਮ ’ਚ ਸ਼ਾਮਲ ਹੋਏ।

ਇਸ ਨਾਲ ਇਸ ਵਿਵਾਦ ਦਾ ਅੰਤ ਹੁੰਦਾ ਦਿਖਾਈ ਦਿੱਤਾ ਪਰ ਇਹ ਅਨੁਮਾਨ ਗਲਤ ਨਿਕਲਿਆ ਅਤੇ ਦੋਵਾਂ ਦੇ ਦਰਮਿਆਨ ਸਮੇਂ-ਸਮੇਂ ’ਤੇ ਨਾਰਾਜ਼ਗੀ ਸਾਹਮਣੇ ਆਉਂਦੀ ਰਹੀ ਅਤੇ ਦੋਵੇਂ ਆਪਣੀਆਂ-ਆਪਣੀਆਂ ਸ਼ਿਕਾਇਤਾਂ ਲੈ ਕੇ ਦਿੱਲੀ ’ਚ ਹਾਈਕਮਾਨ ਨੂੰ ਅਪੀਲ ਲਗਾਉਂਦੇ ਰਹੇ ਅਤੇ ਇਕ-ਦੂਸਰੇ ’ਤੇ ਦੋਸ਼ ਲਗਾਉਣਾ ਜਾਰੀ ਰਿਹਾ।

ਇਸੇ ਕਾਰਨ ਕੁਝ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਕੁਝ ਸਮਰਥਕ ਵਿਧਾਇਕਾਂ ਵੱਲੋਂ ਨਵੇਂ ਮੁੱਖ ਮੰਤਰੀ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਮਹੀਨੇ 4 ਮੰਤਰੀਆਂ ਅਤੇ ਕਈ ਵਿਧਾਇਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ‘‘ਸਾਨੂੰ ਹੁਣ ਇਹ ਯਕੀਨ ਨਹੀਂ ਹੈ ਕਿ ਅਮਰਿੰਦਰ ਸਿੰਘ ’ਚ ਅਧੂਰੇ ਵਾਅਦੇ ਪੂਰੇ ਕਰਨ ਦੀ ਸਮਰੱਥਾ ਹੈ।’’

ਹੁਣ ਜਦਕਿ ਸੂਬਾ ਚੋਣਾਂ ’ਚ 6 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ 17 ਸਤੰਬਰ ਰਾਤ ਪੌਣੇ 12 ਵਜੇ ਟਵੀਟ ਕਰ ਕੇ 18 ਸਤੰਬਰ ਸ਼ਾਮ 5 ਵਜੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦੇ ਜਾਣ ਦੀ ਸੂਚਨਾ ਸਾਂਝੀ ਕਰ ਕੇ ਧਮਾਕਾ ਕਰ ਦਿੱਤਾ।

ਇਸ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਫੋਨ ’ਤੇ ਗੱਲ ਕਰ ਕੇ ਸ਼ਿਕਾਇਤ ਕੀਤੀ ਕਿ ਵਿਧਾਇਕ ਦਲ ਦੀ ਬੈਠਕ ਉਨ੍ਹਾਂ ਨੂੰ ਭਰੋਸੇ ’ਚ ਲਏ ਬਿਨਾਂ ਸੱਦੀ ਗਈ ਹੈ ਅਤੇ ਅਸਤੀਫਾ ਦੇ ਦੇਣ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ, ‘‘ਇਹ ਤੀਸਰੀ ਵਾਰ ਹੋ ਰਿਹਾ ਹੈ ਅਤੇ ਮੈਂ ਇਸ ਤਰ੍ਹਾਂ ਦੇ ਨਿਰਾਦਰ ਦੇ ਨਾਲ ਪਾਰਟੀ ’ਚ ਨਹੀਂ ਰਹਿ ਸਕਦਾ।’’

ਪਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਸੋਨੀਆ ਗਾਂਧੀ ਨੇ ਕਿਹਾ, ‘‘ਆਈ ਐਮ ਸੌਰੀ ਅਮਰਿੰਦਰ’’ ਅਤੇ ਇਸ ਦੇ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਨਾਲ ਹੀ ਅਗਲੇ ਮੁੱਖ ਮੰਤਰੀ ਦੇ ਬਾਰੇ ’ਚ ਕਿਆਸਅਰਾਈਆਂ ਲਗਾਈਆਂ ਜਾਣ ਲੱਗੀਆਂ।

ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਦੁਪਹਿਰ 2 ਵਜੇ ਆਪਣੇ ਸਮਰਥਕ ਵਿਧਾਇਕਾਂ ਦੀ ਬੈਠਕ ਸੱਦਣ ਦਾ ਐਲਾਨ ਕੀਤਾ ਸੀ ਪਰ ਕਾਂਗਰਸ ਹਾਈਕਮਾਨ ਨੇ ਵਿਧਾਇਕਾਂ ਨੂੰ ਅਮਰਿੰਦਰ ਸਿੰਘ ਦੀ ਸੱਦੀ ਬੈਠਕ ’ਚ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕਹਿਣੀ ਹੈ ਉਹ ਸ਼ਾਮ 5 ਵਜੇ ਵਿਧਾਇਕ ਦਲ ਦੀ ਬੈਠਕ ’ਚ ਹੀ ਕਹਿਣ। ਦੱਸਿਆ ਜਾਂਦਾ ਹੈ ਕਿ ਇਸ ਬੈਠਕ ’ਚ ਦਰਜਨ ਭਰ ਦੇ ਲਗਭਗ ਵਿਧਾਇਕਾਂ ਨੇ ਹਿੱਸਾ ਲਿਆ।

ਫਿਲਹਾਲ ਆਪਣੇ ਫੈਸਲੇ ’ਤੇ ਅਡੋਲ ਰਹਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ 5 ਵਜੇ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਸਾਢੇ 4 ਵਜੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਅਤੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ :

‘‘2 ਮਹੀਨਿਆਂ ’ਚ 3 ਵਾਰ ਵਿਧਾਇਕਾਂ ਦੀ ਬੈਠਕ ਸੱਦ ਕੇ ਮੇਰਾ ਨਿਰਾਦਰ ਕੀਤਾ ਗਿਆ ਜਿਸ ਤੋਂ ਮੈਨੂੰ ਜਾਪਦਾ ਹੈ ਕਿ ਪਾਰਟੀ ਲੀਡਰਸ਼ਿਪ ’ਚ ਮੇਰੇ ਪ੍ਰਤੀ ਕੋਈ ਸ਼ੱਕ ਦਾ ਅੰਸ਼ (ਐਲੀਮੈਂਟ ਆਫ ਡਾਊਟ) ਹੈ। ਲਿਹਾਜ਼ਾ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ, ਹਾਈਕਮਾਨ ਜਿਸ ਨੂੰ ਚਾਹੇ ਮੁੱਖ ਮੰਤਰੀ ਬਣਾ ਦੇਵੇ।’’

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਿਆਸਤ ’ਚ 52 ਸਾਲ ਹੋ ਗਏ ਹਨ ਅਤੇ ਇਸ ਅਰਸੇ ਦੇ ਦੌਰਾਨ ਉਹ ਸਾਢੇ 9 ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, ‘‘ਮੈਂ ਕਾਂਗਰਸ ’ਚ ਹਾਂ ਅਤੇ ਆਪਣੇ ਸਾਥੀਆਂ ਨਾਲ ਗੱਲ ਕਰਨ ਦੇ ਬਾਅਦ ਹੀ ਭਵਿੱਖ ਦੀ ਰਣਨੀਤੀ ਤੈਅ ਕਰਾਂਗਾ।’’

ਇਸ ਪਿਛੋਕੜ ’ਚ ਅਮਰਿੰਦਰ ਸਿੰਘ ਦੇ ਸਾਹਮਣੇ ਇਹੀ ਬਦਲ ਬਚੇ ਸਨ ਕਿ ਜਾਂ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣ ਜਾਂ ਆਪਣੇ ਪਸੰਦੀਦਾ ਨੇਤਾ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਵਾ ਦੇਣ ਜਾਂ ਫਿਰ ਪਾਰਟੀ ਦੇ ਵਿਰੁੱਧ ਬਗਾਵਤ ਕਰ ਦੇਣ। ਉਨ੍ਹਾਂ ਨੇ ਆਪਣੀ ਸਮਝ ਦੁਆਰਾ ਪਹਿਲਾ ਬਦਲ ਚੁਣਿਆ।

ਬਾਅਦ ’ਚ ਜਿੱਥੇ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਦੋਸਤੀ ਦਾ ਵਰਨਣ ਕਰਦੇ ਹੋਏ ਕਿਹਾ ਕਿ ਸਿੱਧੂ ਦੇਸ਼ ਦੇ ਲਈ ਤਬਾਹਕੁੰਨ ਸਿੱਧ ਹੋਣਗੇ ਉੱਥੇ ਵਿਧਾਇਕ ਦਲ ਦੀ ਬੈਠਕ ’ਚ ਭਾਵੀ ਮੁੱਖ ਮੰਤਰੀ ਦੀ ਚੋਣ ਦਾ ਫੈਸਲਾ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਗਿਆ।

ਇਸ ਘਟਨਾਕ੍ਰਮ ਦਾ ਨਤੀਜਾ ਜੋ ਵੀ ਹੋਵੇ ਇਕ ਗੱਲ ਤਾਂ ਸਪੱਸ਼ਟ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਇੰਨੀ ਜ਼ਿਆਦਾ ਅੰਦਰੂਨੀ ਲੜਾਈ ਕਾਂਗਰਸ ਦੇ ਲਈ ਬਹੁਤ ਵੱਡਾ ਝਟਕਾ ਸਿੱਧ ਹੋ ਸਕਦੀ ਹੈ ਅਤੇ ਹਾਈਕਮਾਨ ਦੇ ਇਸ ਫੈਸਲੇ ਨੇ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਦੀ ਆਲੋਚਨਾ ਦਾ ਖੁੱਲ੍ਹਾ ਮੌਕਾ ਦੇ ਦਿੱਤਾ ਹੈ ਅਤੇ ਉਨ੍ਹਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਇਹ ਦੇਖਣਾ ਹੁਣ ਦਿਲਚਸਪ ਹੋਵੇਗਾ ਕਿ ਸੋਨੀਆ ਗਾਂਧੀ ਕਿਸ ਨੂੰ ਮੁੱਖ ਮੰਤਰੀ ਦੇ ਰੂਪ ’ਚ ਚੁਣਦੇ ਹਨ ਜਿਸ ’ਚ ਸੁਨੀਲ ਜਾਖੜ ਦਾ ਨਾਂ ਸਭ ਤੋਂ ਉਪਰ ਦੱਸਿਆ ਜਾ ਰਿਹਾ ਹੈ।

ਫਿਲਹਾਲ, ਕੋਈ ਵੀ ਮੁੱਖ ਮੰਤਰੀ ਬਣੇ, ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹੀ ਫੈਸਲਾ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਸਿਆਸਤ ਜਾਂ ਕਾਂਗਰਸ ’ਚ ਰਹਿਣਾ ਹੈ ਜਾਂ ਨਹੀਂ ਜਾਂ ਨਵੀਂ ਪਾਰਟੀ ਬਣਾਉਣੀ ਹੈ ਜਾਂ ਕਿਸੇ ਪਾਰਟੀ ਨਾਲ ਗਠਜੋੜ ਕਰਨਾ ਹੈ, ਜਿਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੈ।

-ਵਿਜੇ ਕੁਮਾਰ


Bharat Thapa

Content Editor

Related News