ਨਿਆਪਾਲਿਕਾ ਵੱਲੋਂ ਸਮਾਜ-ਦੁਸ਼ਮਣਾਂ ਵਿਰੁੱਧ ਲਏ ਗਏ ਲੋਕ-ਹਿੱਤੂ ਫੈਸਲੇ

07/15/2021 3:15:56 AM

ਅੱਜ ਜਦਕਿ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਲਗਭਗ ਬੇਅਸਰ ਹੋ ਰਹੀਆਂ ਹਨ, ਸਿਰਫ ਨਿਆਪਾਲਿਕਾ ਅਤੇ ਮੀਡੀਆ ਹੀ ਲੋਕ-ਹਿੱਤ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਉਠਾ ਰਹੇ ਹਨ ਅਤੇ ਨਿਆਪਾਲਿਕਾ ਆਪਣੇ ਲੋਕ-ਹਿੱਤੂ ਫੈਸਲਿਆਂ ਦੇ ਨਾਲ ਸਮਾਜ ’ਚ ਪੈਦਾ ਹੋਈਆਂ ਕਈ ਬੁਰਾਈਆਂ ਦੂਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਹਾਲ ਹੀ ’ਚ ਵੱਖ-ਵੱਖ ਅਦਾਲਤਾਂ ਨੇ ਗੰਭੀਰ ਅਪਰਾਧਾਂ ’ਚ ਸ਼ਾਮਲ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਕੇ ਸਮਾਜ ਦੇ ਪ੍ਰਤੀ ਆਪਣੇ ਸਰੋਕਾਰ ਦੀ ਇਕ ਵਾਰ ਫਿਰ ਪੁਸ਼ਟੀ ਕੀਤੀ ਹੈ, ਜਿਸ ਦੀਆਂ ਸਿਰਫ ਲਗਭਗ 2 ਹਫਤਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 28 ਜੂਨ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ 2300 ਨਸ਼ੀਲੀਆਂ ਗੋਲੀਆਂ ਦੇ ਨਾਲ ਫੜੇ ਗਏ ਇਕ ਵਿਅਕਤੀ ਦੀ ਜ਼ਮਾਨਤ ਰਿਟ ਰੱਦ ਕਰਦੇ ਹੋਏ ਕਿਹਾ,‘‘ਨਸ਼ਿਆਂ ਦੇ ਵਪਾਰੀ ਆਪਣੇ ਲਾਭ ਦੇ ਲਈ ਨੌਜਵਾਨਾਂ ਨੂੰ ਨਸ਼ੇ ’ਚ ਫਸਾ ਰਹੇ ਹਨ।’’

* 03 ਜੁਲਾਈ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਹਰਨਰੇਸ਼ ਸਿੰਘ ਗਿੱਲ ਜ਼ਹਿਰੀਲੀ ਸ਼ਰਾਬ ਦੇ ਇਕ ਮੁਲਜ਼ਮ ਦੀ ਜ਼ਮਾਨਤ ਰਿੱਟ ਰੱਦ ਕਰਦੇ ਹੋਏ ਬੋਲੇ, ‘‘ ਜੇਕਰ ਅਜਿਹੇ ਲੋਕਾਂ ਨੂੰ ਜ਼ਮ਼ਾਨਤ ਦਿੱਤੀ ਗਈ ਤਾਂ ਇਹ ਸਮਾਜ ਦੇ ਤਾਣੇ-ਬਾਣੇ ਨੂੰ ਹੀ ਤਬਾਹ ਕਰ ਦੇਣਗੇ ਅਤੇ ਇਨ੍ਹਾਂ ਦੀਆਂ ਕਰਤੂਤਾਂ ਨਾਲ ਸਮਾਜ ਵਿਧਵਾਵਾਂ, ਅਨਾਥ ਬੱਚਿਆਂ ਤੇ ਲਾਚਾਰ ਤੇ ਬੇਸਹਾਰਾ ਬਜ਼ੁਰਗਾਂ ਨਾਲ ਭਰ ਜਾਵੇਗਾ।’’

* 5 ਜੁਲਾਈ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਐੱਚ.ਐੱਸ. ਮਦਾਨ ਨੇ ਇਕ ਨਸ਼ਾ ਸਮੱਗਲਰ ਦੇ ਵਿਰੁੱਧ ਦਰਜ ਕੇਸ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਨਸ਼ਾ ਸਮੱਗਲਰ ਖੁਦ ਫੜੇ ਜਾਣ ਤੋਂ ਬਚਣ ਦੇ ਲਈ ਗਰੀਬ, ਬੇਰੁਜ਼ਗਾਰ ਲੋਕਾਂ ਕੋਲੋਂ ਸਮਗਲਿੰਗ ਕਰਵਾਉਂਦੇ ਹਨ, ਇਸ ਲਈ ਇਹ ਜਾਨਣ ਦੇ ਲਈ ਰਿੱਟਕਰਤਾ ਮੁਲਜ਼ਮ ਨੂੰ ਹਿਰਾਸਤ ’ਚ ਰੱਖਣਾ ਜ਼ਰੂਰੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਨਸ਼ਾ ਕਿੱਥੋਂ ਪ੍ਰਾਪਤ ਕਰਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ’’

* 10 ਜੁਲਾਈ ਨੂੰ ਦਿੱਲੀ ਦੀ ਇਕ ਅਦਾਲਤ ਨੇ ਕੋਰੋਨਾ ਤੋਂ ਬਚਾਅ ’ਚ ਵਰਤੀ ਜਾਣ ਵਾਲੀ ਵੈਕਸੀਨ ਰੇਮਡੇਸਿਵਿਰ ਦੇ ਨਕਲੀ ਟੀਚੇ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਮੁਲਜ਼ਮ ਨੂੰ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਕਿ,‘‘ਮੁਲਜ਼ਮ ਨੇ ਕੋਵਿਡ-19 ਦੀ ਗੰਭੀਰ ਸਥਿਤੀ ਦੇ ਦੌਰਾਨ ਉਨ੍ਹਾਂ ਰੋਗੀਆਂ ਦੀ ਜ਼ਿੰਦਗੀ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਇਸ ਦਵਾਈ ਦੀ ਤੁਰੰਤ ਲੋੜ ਸੀ।’’

* 12 ਜੁਲਾਈ ਨੂੰ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਐੱਨ.ਵੀ. ਰਮਣ ਨੇ ਅਣਖ ਲਈ ਕਤਲ ਦੇ ਇਕ ਮਾਮਲੇ ’ਚ ਮੁਲਜ਼ਮ ਦੀ ਜ਼ਮਾਨਤ ਰੱਦ ਕਰਦੇ ਹੋਏ ਕਿਹਾ,‘‘ਇਹ ਗੰਭੀਰ ਅਪਰਾਧ ਹੈ, ਇਸ ’ਚ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਮੁਲਜ਼ਮ ਨੂੰ ਜ਼ਮਾਨਤ ਦੇਣ ਨਾਲ ਮ੍ਰਿਤਕ ਦੀ ਪਤਨੀ ਤੇ ਉਸ ਦੇ ਬੱਚੇ ਨੂੰ ਜਾਨ ਦਾ ਖਤਰਾ ਹੋ ਸਕਦਾ ਹੈ। ’’

* 12 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਦੇ ਪਿੰਡ ਭਦਰੋਹਾ ਦੀ ਰਹਿਣ ਵਾਲੀ ਨਸ਼ਾ ਸਮੱਗਲਰ ਬਚਨੀ ਦੇਵੀ ਅਤੇ ਉਸ ਦੇ ਲੜਕੇ ਲਵਜੀਤ ਦੀ 1 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ, ਜੋ ਇਨ੍ਹਾਂ ਲੋਕਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਸੀ।

ਨਸ਼ਾ ਸਮੱਗਲਰਾਂ, ਅਣਖ ਲਈ ਕਤਲ ਅਤੇ ਨਕਲੀ ਰੇਮਡੇਸਿਵਿਰ ਦਵਾਈ ਦੇ ਧੰਦੇ ਨਾਲ ਜੁੜੇ ਸਮਾਜ ਦੇ ਦੁਸ਼ਮਣਾਂ ਵਿਰੁੱਧ ਨਿਆਪਾਲਿਕਾ ਵੱਲੋਂ ਸਿਰਫ ਲਗਭਗ 2 ਹਫਤਿਆਂ ’ਚ ਸੁਣਾਏ ਗਏ ਉਕਤ ਲੋਕ-ਹਿੱਤੂ ਹੁਕਮਾਂ ਦੇ ਲਈ ਸਾਰੇ ਮਾਣਯੋਗ ਜੱਜ ਧੰਨਵਾਦ ਦੇ ਪਾਤਰ ਹਨ। ਕਾਸ਼! ਸਾਰੇ ਜੱਜ ਇਸੇ ਤਰ੍ਹਾਂ ਦੇ ਫੈਸਲੇ ਲੈਣ ਤਾਂ ਦੇਸ਼ ਨੂੰ ਕਈ ਬੁਰਾਈਆਂ ਤੋਂ ਮੁਕਤ ਹੋਣ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।

- ਵਿਜੇ ਕੁਮਾਰ


Bharat Thapa

Content Editor

Related News