ਅਫਗਾਨਿਸਤਾਨ ਤੋਂ ਅਮਰੀਕਾ ਦੇ ਜਾਣ ਦੇ ਬਾਅਦ ਵੀ ਦੁਨੀਆ ਦੇ ਲਈ ਸਮੱਸਿਆ ਜਿਉਂ ਦੀ ਤਿਉਂ
Monday, Jul 10, 2023 - 04:50 AM (IST)

2 ਸਾਲ ਪਹਿਲਾਂ ਅਗਸਤ 2021 ’ਚ ਜਦ ਅਫਗਾਨਿਸਤਾਨ ਤੋਂ ਜਾਂਦੇ ਸਮੇਂ ਅਮਰੀਕਾ 7.12 ਅਰਬ ਡਾਲਰ ਦੇ ਹਥਿਆਰ ਅਤੇ ਯੰਤਰ ਉੱਥੇ ਛੱਡ ਗਿਆ ਸੀ, ਉਨ੍ਹਾਂ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਇਹ ਹਥਿਆਰ ਹੁਣ ਉਨ੍ਹਾਂ ਦੂਰ-ਦੁਰੇਡੇ ਦੇ ਇਲਾਕਿਆਂ ’ਚ ਮੁਸੀਬਤ ਦਾ ਕਾਰਨ ਬਣਦੇ ਜਾ ਰਹੇ ਹਨ, ਜਿੱਥੇ ਅੱਤਵਾਦੀ ਅਮਰੀਕਾ ਦੇ ਸਾਥੀਆਂ ’ਤੇ ਹਮਲੇ ਕਰ ਰਹੇ ਹਨ।
ਹਥਿਆਰਾਂ ਦੇ ਵੱਡੇ ਪੱਧਰ ’ਤੇ ਖਰੀਦਦਾਰ ਅੱਤਵਾਦੀ ਗਿਰੋਹ ਹਨ। ਦੱਖਣੀ ਅਤੇ ਪੂਰਬੀ ਅਫਗਾਨਿਸਾਤਨ ਦੇ ਵਪਾਰੀ ਹੁਣ ਤਾਲਿਬਾਨੀ ਸਰਕਾਰ ਦੀ ਇਜਾਜ਼ਤ ਨਾਲ ਆਟੋਮੈਟਿਕ ਅਸਾਲਟ ਰਾਈਫਲਾਂ ਅਤੇ ਹੈਂਡਗਨ ਆਦਿ ਵੇਚ ਰਹੇ ਹਨ, ਜਿਨ੍ਹਾਂ ਲਈ ਗੋਲਾ-ਬਾਰੂਦ ਰੂਸ, ਪਾਕਿਸਤਾਨ, ਚੀਨ, ਤੁਰਕੀ ਤੇ ਆਸਟ੍ਰੀਆ ਤੋਂ ਆ ਰਿਹਾ ਹੈ।
ਅੱਤਵਾਦ ਦਾ ਕਾਰੋਬਾਰ ਖੂਬ ਤੇਜ਼ੀ ਨਾਲ ਫੈਲ ਰਿਹਾ ਹੈ। ਅਫਗਾਨਿਸਤਾਨ ਦੇ ਇਨ੍ਹਾਂ ਇਲਾਕਿਆਂ ’ਚ ਰਾਕੇਟ, ਬੰਬ, ਗ੍ਰੇਨੇਡ ਲਾਂਚਰ, ਨਾਈਟ ਵਿਜ਼ਨ ਕੈਮਰੇ, ਨਾਈਟ ਵਿਜ਼ਨ ਐਨਕਾਂ, ਸਨਾਈਪਰ ਰਾਈਫਲ ਅਤੇ ਹੋਰ ਤਰ੍ਹਾਂ ਦੇ ਹਥਿਆਰ ਸੜਕਾਂ ’ਤੇ ਵੇਚੇ ਜਾ ਰਹੇ ਹਨ। ਹਥਿਆਰਾਂ ਦੇ ਵਧ ਰਹੇ ਰੁਝਾਨ ਕਾਰਨ ਇਨ੍ਹਾਂ ਦੀਆਂ ਕੀਮਤਾਂ ਚੜ੍ਹਨ ਨਾਲ ਅਪਰਾਧੀ ਗਿਰੋਹਾਂ ਦੀ ਕਮਾਈ ’ਚ ਵੱਡਾ ਉਛਾਲ ਆਇਆ ਹੈ। ਅਮਰੀਕੀ ਫੌਜਾਂ ਵੱਲੋਂ ਛੱਡੀ ਗਈ ਐੱਮ-4 ਅਸਾਲਟ ਰਾਈਫਲ 2400 ਡਾਲਰ ’ਚ ਵਿਕ ਰਹੀ ਹੈ।
ਹਥਿਆਰਾਂ ਦੇ ਇਸ ਵੱਡੇ ਵਿਸ਼ਵ ਪੱਧਰੀ ਕਾਰੋਬਾਰ ਦੇ ਕੇਂਦਰ ’ਚ ਅਲਕਾਇਦਾ ਦਾ ਸਮਰਥਕ ਤਾਲਿਬਾਨ ਹੀ ਹੈ। ਇਸ ਤੋਂ ਪਹਿਲਾਂ ਤਾਲਿਬਾਨੀ ਹੈਰੋਇਨ ਤੋਂ ਵੱਡੀ ਕਮਾਈ ਕਰਦੇ ਸਨ ਪਰ ਅਫਗਾਨਿਸਤਾਨ ’ਤੇ ਤਾਲਿਬਾਨ ਦੀ ਜਿੱਤ ਨੇ ਅੱਤਵਾਦੀ ਸਮੂਹਾਂ ਨੂੰ ਹਥਿਆਰਾਂ ਵੱਲ ਖਿੱਚਿਆ ਹੈ ਅਤੇ ਤਾਲਿਬਾਨੀ ਹੁਣ ਇਨ੍ਹਾਂ ਅੱਤਵਾਦੀ ਸਮੂਹਾਂ ਨੂੰ ਛੋਟੇ ਹਥਿਆਰ ਵੇਚ ਰਹੇ ਹਨ।
ਪਾਕਿਸਤਾਨ ਦਾ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ਅਤੇ ਬਲੋਚਿਸਤਾਨ ਦੇ ਵੱਖਵਾਦੀ ਸਮੂਹ ਅਮਰੀਕਾ ’ਚ ਬਣੇ ਹਥਿਆਰਾਂ ਦੀ ਵਰਤੋਂ ਪੁਲਸ ਅਤੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਮਾਰਨ ਲਈ ਕਰ ਰਹੇ ਹਨ।
ਹਾਲ ਹੀ ’ਚ ਪਾਕਿਸਤਾਨੀ ਪੁਲਸ ’ਤੇ ਅੱਤਵਾਦੀਆਂ ਨੇ ਅਮਰੀਕੀ ਨਾਈਟ ਵਿਜ਼ਨ ਕੈਮਰੇ ਦੀ ਵਰਤੋਂ ਕਰ ਕੇ ਹਮਲਾ ਕੀਤਾ। ਤਾਲਿਬਾਨ ਦੇ ਨੰਗਰਹਾਰ ਇਲਾਕੇ ਤੋਂ ਇਹ ਨਾਈਟ ਵਿਜ਼ਨ ਕੈਮਰੇ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ 500 ਤੋਂ 1000 ਡਾਲਰ ਤੱਕ ਮੁੱਲ ’ਤੇ ਵੇਚੇ ਜਾ ਰਹੇ ਹਨ।
ਇਨ੍ਹਾਂ ਹਾਈਟੈੱਕ ਅਮਰੀਕੀ ਹਥਿਆਰਾਂ ਨੇ ਪਾਕਿਸਤਾਨ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਅੱਤਵਾਦੀਆਂ ਦੇ ਕੋਲ ਇੰਨੀ ਐਡਵਾਂਸ ਤਕਨੀਕ ਦੇ ਹਥਿਆਰ ਹੋਣ ਕਾਰਨ ਪਾਕਿਸਤਾਨ ਦੀਆਂ ਅੱਤਵਾਦ ਵਿਰੋਧੀ ਸਾਰੀਆਂ ਮੁਹਿੰਮਾਂ ਅਸਫਲ ਹੋ ਰਹੀਆਂ ਹਨ। ਖਾਸ ਕਰ ਕੇ ਅੱਤਵਾਦੀ ਨਾਈਟ ਵਿਜ਼ਨ ਕੈਮਰੇ ਅਤੇ ਹਥਿਆਰ ਪਾਕਿਸਤਾਨ ਦੀ ਫੌਜ ਅਤੇ ਸੁਰੱਖਿਆ ਬਲਾਂ ਵਿਰੁੱਧ ਲਗਾਤਾਰ ਵਰਤ ਰਹੇ ਹਨ।
ਹਾਲ ਹੀ ’ਚ ਕਸ਼ਮੀਰ ’ਚ ਹੋਏ ਕੁਝ ਅੱਤਵਾਦੀ ਹਮਲਿਆਂ ’ਚ ਅਮਰੀਕਾ ’ਚ ਬਣੇ ਹਥਿਆਰਾਂ ਦੀ ਵਰਤੋਂ ਸਾਹਮਣੇ ਆਈ ਹੈ ਜਦਕਿ ਇਜ਼ਰਾਈਲ ਦੀ ਗਾਜ਼ਾ ਪੱਟੀ ’ਚ ਵੀ ਅੱਤਵਾਦੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। ਅਫਗਾਨ ਫੌਜ ਦੇ ਇਕ ਸਾਬਕਾ ਜਨਰਲ ਯਾਸਿਨ ਜ਼ਿਆ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਦੀ ਸਪਲਾਈ ਟੀ. ਟੀ. ਪੀ. ਨੂੰ ਹੋ ਰਹੀ ਹੈ ਤੇ ਇਹ ਹਥਿਆਰ ਉੱਤਰੀ ਅਫਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ’ਚ ਵੀ ਵਰਤੇ ਜਾ ਰਹੇ ਹਨ, ਇਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ।
ਅਮਰੀਕਾ ਅਤੇ ਤਾਲਿਬਾਨ ਕਾਰਨ ਇਹ ਹਥਿਆਰ ਪੂਰੀ ਦੁਨੀਆ ’ਚ ਉਨ੍ਹਾਂ ਹੀ ਰਸਤਿਆਂ ਰਾਹੀਂ ਅੱਤਵਾਦੀ ਗਿਰੋਹਾਂ ਨੂੰ ਜਾ ਰਹੇ ਹਨ ਜਿਹੜੇ ਰਸਤਿਆਂ ਰਾਹੀਂ ਨਸ਼ੇ, ਹੈਰੋਇਨ ਅਤੇ ਹੋਰ ਕਿਸਮ ਦੀ ਨਾਜਾਇਜ਼ ਸਮੱਗਲਿੰਗ ਹੁੰਦੀ ਹੈ। ਅਫਰੀਕਾ ਦੇ ਅਲਸ਼ਬਾਬ ਅੱਤਵਾਦੀ ਗਿਰੋਹ ਅਤੇ ਫਿਲੀਪੀਨਜ਼, ਥਾਈਲੈਂਡ, ਮਲੇਸ਼ੀਆ, ਸ਼੍ਰੀਲੰਕਾ ਅਤੇ ਅਰਬ ਦੇਸ਼ਾਂ ਦੇ ਓਸਾਮਾ ਬਿਨ ਲਾਦੇਨ ਅਤੇ ਅਲਕਾਇਦਾ ਦੇ ਸਮਰਥਕ ਗਿਰੋਹਾਂ ਦੇ ਕੋਲ ਵੀ ਇਹ ਹਥਿਆਰ ਪਹੁੰਚ ਰਹੇ ਹਨ।
ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ਅਨੁਸਾਰ ਅਮਰੀਕਾ ਨੇ 2002 ਤੋਂ ਲੈ ਕੇ ਅਫਗਾਨਿਸਤਾਨ ਛੱਡਣ ਤੱਕ ਅਫਗਾਨ ਫੌਜ ਨੂੰ ਹਥਿਆਰਾਂ ਨਾਲ ਲੈਸ ਕਰਨ ਲਈ 18.6 ਬਿਲੀਅਨ ਡਾਲਰ ਖਰਚ ਕੀਤੇ। ਅਮਰੀਕਾ ਨੇ ਲਗਭਗ 6 ਲੱਖ ਹਥਿਆਰ ਅਫਗਾਨਿਸਤਾਨ ਮੰਗਵਾਏ ਸਨ। ਇਸ ਦੇ ਇਲਾਵਾ 300 ਦੇ ਲਗਭਗ ਜਹਾਜ਼ ਅਤੇ ਵੱਖ-ਵੱਖ ਮਾਡਲਾਂ ਦੇ 80,000 ਦੇ ਲਗਭਗ ਵਾਹਨ ਮੰਗਵਾਏ ਗਏ ਸਨ।
ਇਨ੍ਹਾਂ ’ਚੋਂ ਲਗਭਗ 3 ਲੱਖ ਹਲਕੇ ਹਥਿਆਰਾਂ, 26,000 ਵੱਡੇ ਹਥਿਆਰਾਂ ਅਤੇ 61,000 ਫੌਜੀ ਵਾਹਨਾਂ ’ਤੇ ਤਾਲਿਬਾਨੀ ਸਮੂਹ ਨੇ ਕਬਜ਼ਾ ਕਰ ਲਿਆ। ਅਫਗਾਨਿਸਤਾਨ ’ਚ ਮੌਜੂਦ ਅਮਰੀਕੀ ਹਥਿਆਰਾਂ ਦੀ ਵਰਤੋਂ ਤਾਲਿਬਾਨੀਆਂ ਵੱਲੋਂ ਹੀ ਕੀਤੀ ਜਾਂਦੀ ਰਹੀ ਕਿਉਂਕਿ ਇਹ ਹਥਿਆਰ ਅਫਗਾਨਿਸਤਾਨ ਦੇ ਭ੍ਰਿਸ਼ਟ ਫੌਜੀ ਅਧਿਕਾਰੀਆਂ ਨੇ ਤਾਲਿਬਾਨੀ ਸਮੂਹਾਂ ਨੂੰ ਵੇਚ ਦਿੱਤੇ ਸਨ ਅਤੇ ਅਮਰੀਕਾ ਦੇ ਫੌਜੀ ਹੈੱਡਕੁਆਰਟਰ ਪੈਂਟਾਗਨ ਨੂੰ ਇਸ ਦੀ ਕੰਨੋਂ-ਕੰਨੀਂ ਖਬਰ ਹੀ ਨਹੀਂ ਹੋਈ ਕਿ ਇਹ ਹਥਿਆਰ ਕਿੱਥੇ ਗਏ।
ਇਨ੍ਹਾਂ ਬਾਜ਼ਾਰਾਂ ’ਚ ਅਫਗਾਨਿਸਤਾਨ ਦੀ ਜੰਗ ਵਾਲੇ ਇਲਾਕਿਆਂ ’ਚ ਛੱਡੇ ਗਏ ਹਥਿਆਰਾਂ ਦੀ ਵਿਕਰੀ ਤਾਂ ਹੋ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ’ਚ ਹਥਿਆਰਾਂ ਦੀ ਮੁਰੰਮਤ ਕਰਨ ਵਾਲੀਆਂ ਫੈਕਟਰੀਆਂ ਨੂੰ ਬੜਾ ਲਾਭ ਹੋ ਰਿਹਾ ਹੈ ਜਿਨ੍ਹਾਂ ਦੀ ਅਮਰੀਕਾ ਨੇ ਹੀ ਸ਼ੁਰੂਆਤ ਕੀਤੀ ਸੀ ਅਤੇ ਹਥਿਆਰਾਂ ਦੀ ਮੁਰੰਮਤ ਕਰਨ ਵਾਲੇ ਕਾਰੀਗਰਾਂ ਨੂੰ ਟ੍ਰੇਨਿੰਗ ਦਿੱਤੀ ਸੀ। ਉਨ੍ਹਾਂ ਨੂੰ ਤਾਲਿਬਾਨ ਦੀ ਸਰਕਾਰ ’ਚ ਦੁਬਾਰਾ ਕੰਮ ’ਤੇ ਸੱਦਿਆ ਜਾ ਰਿਹਾ ਹੈ।
ਤਾਲਿਬਾਨੀ ਸਮਰਥਕਾਂ ਅਤੇ ਸਥਾਨਕ ਨਾਗਰਿਕਾਂ ਤੋਂ ਹਥਿਆਰ ਵਾਪਸ ਲੈਣ ਦੇ ਯਤਨ ਅਸਫਲ ਹੋ ਰਹੇ ਹਨ ਕਿਉਂਕਿ ਇਨ੍ਹਾਂ ਹਥਿਆਰਾਂ ਦਾ ਟ੍ਰੈਕ ਰਿਕਾਰਡ ਰੱਖਣਾ ਹੁਣ ਸੌਖਾ ਨਹੀਂ ਹੈ। ਅਜਿਹੇ ’ਚ ਇਹ ਉਨ੍ਹਾਂ ਦੇਸ਼ਾਂ ਲਈ ਵੱਡੀ ਸਮੱਸਿਆ ਖੜ੍ਹੀ ਕਰਦਾ ਰਹੇਗਾ ਜੋ ਅੱਤਵਾਦੀ ਸਮੂਹਾਂ ਦੇ ਵਿਰੁੱਧ ਕਾਰਵਾਈ ਕਰ ਰਹੇ ਹਨ।