ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫਲ ਰਹੀ ਰੂਸ ਯਾਤਰਾ

Saturday, Dec 26, 2015 - 07:33 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫਲ ਰਹੀ ਰੂਸ ਯਾਤਰਾ

ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਸਾਰੇ ਖੇਤਰਾਂ ''ਚ ਭਾਰਤ ਅਤੇ ਰੂਸ ਦੇ ਸੰਬੰਧ ਹਰ ਕਸੌਟੀ ''ਤੇ ਖਰੇ ਉਤਰੇ ਹਨ। ਸਿਆਸੀ ਖੇਤਰ ''ਚ ਜਿਥੇ 1955 ''ਚ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਇੰਦਰਾ ਗਾਂਧੀ ਨਾਲ ਪਹਿਲੀ ਰੂਸ ਯਾਤਰਾ ਤੋਂ ਸ਼ੁਰੂ ਹੋਇਆ ਸੰਬੰਧਾਂ ਦਾ ਸਿਲਸਿਲਾ ਲਗਾਤਾਰ ਮਜ਼ਬੂਤ ਹੁੰਦਾ ਗਿਆ, ਉਥੇ ਹੀ ਰਾਜਕਪੂਰ ਨੇ ਵੀ ਆਪਣੀਆਂ ਫਿਲਮਾਂ ਨਾਲ ਰੂਸ ਵਾਸੀਆਂ ਦੇ ਦਿਲਾਂ ''ਚ ਭਾਰਤ ਲਈ ਖਾਸ ਜਗ੍ਹਾ ਬਣਾਈ। ਫਿਲਮ ''ਆਵਾਰਾ'' ਵਿਚ ਉਨ੍ਹਾਂ ''ਤੇ ਫਿਲਮਾਇਆ ਗੀਤ ''ਆਵਾਰਾ ਹੂੰ'' ਰੂਸੀ ਅਜੇ ਵੀ ਗਾਉਂਦੇ ਹਨ।
ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਹੀ ਰੂਸ ਦੇ ਨੇਤਾ ਭਾਰਤ ਨਾਲ ਸੰਬੰਧ ਵਧਾਉਣ ''ਚ ਦਿਲਚਸਪੀ ਦਿਖਾਉਣ ਲੱਗ ਪਏ ਸਨ ਅਤੇ ਰੂਸੀ ਕਮਿਊਨਿਸਟ ਪਾਰਟੀ ਦੇ ਆਗੂ ਤੇ ਰੂਸ ਦੇ ਸਰਵੇ-ਸਰਵਾ ਖਰੁਸ਼ਚੇਵ ਨੇ ਪੰਡਿਤ ਨਹਿਰੂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ।
ਇਸ ਤੋਂ ਕੁਝ ਹੀ ਸਮੇਂ ਬਾਅਦ ਨਵੰਬਰ 1955 ''ਚ ਰੂਸ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਬੁਲਗਾਨਿਨ ਅਤੇ ਖਰੁਸ਼ਚੇਵ ਭਾਰਤ ਆਏ। ਉਨ੍ਹਾਂ ਦੀ ਇਸ ਯਾਤਰਾ ਨਾਲ ਭਾਰਤ ਤੇ ਰੂਸ ਵਿਚਾਲੇ ਸਾਰੇ ਖੇਤਰਾਂ ''ਚ ਸਹਿਯੋਗ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ। ਇਸ ਦਾ ਨਤੀਜਾ ਬਾਅਦ ''ਚ ਦੋਵਾਂ ਦੇਸ਼ਾਂ ਵਿਚਾਲੇ ''ਫੇਵਰਡ ਨੇਸ਼ਨ ਟ੍ਰੀਟੀ'' ਦੇ ਰੂਪ ''ਚ ਨਿਕਲਿਆ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਨੇ ਇਕ-ਦੂਜੇ ਨੂੰ ਵਿਸ਼ੇਸ਼ ਦਰਜਾ ਦਿੱਤਾ ਹੋਇਆ ਹੈ। 
ਪੁਲਾੜ ਖੋਜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ''ਚ ਵੀ ਦੋਹਾਂ ਦੇਸ਼ਾਂ ਵਿਚਾਲੇ ਬਹੁਤ ਮਜ਼ਬੂਤ ਤਾਲਮੇਲ ਤੇ ਸਹਿਯੋਗ ਰਿਹਾ ਹੈ। ਦੱਖਣ ਭਾਰਤ ''ਚ ਕੁਡਨਕੁਲਮ ਪ੍ਰਮਾਣੂ ਬਿਜਲੀ ਘਰ ਇਸੇ ਦਾ ਨਤੀਜਾ ਹੈ। ਇਸ ਦੀ ਦੂਜੀ ਇਕਾਈ ਕੁਝ ਹਫਤਿਆਂ ''ਚ ਚਾਲੂ ਹੋ ਜਾਵੇਗੀ, ਜਦਕਿ ਤੀਜੀ ਤੇ ਚੌਥੀ ਇਕਾਈ ਲਈ ਗੱਲਬਾਤ ਸ਼ੁਰੂਆਤੀ ਦੌਰ ''ਚ ਹੈ। 
ਭਾਰਤ ਨੇ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲ ਵੱਖ-ਵੱਖ ਖੇਤਰਾਂ ''ਚ ਇੰਨੀ ਵੱਡੀ ਗਿਣਤੀ ਵਿਚ ਅਹਿਮ ਆਰਥਿਕ, ਰਣਨੀਤਕ, ਤਕਨੀਕੀ ਤੇ ਵਿਗਿਆਨਕ ਸਾਂਝੇ ਸਮਝੌਤੇ ਨਹੀਂ ਕੀਤੇ। ਇਸ ਦਾ ਸਿਹਰਾ ਭਾਰਤ ਦੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਜਾਂਦਾ ਹੈ।
ਹੁਣ ਦਸੰਬਰ ਦੇ ਸ਼ੁਰੂ ''ਚ ਨਰਿੰਦਰ ਮੋਦੀ ਦੀ ਸਫਲ ਜਾਪਾਨ ਯਾਤਰਾ ਤੋਂ ਬਾਅਦ ਉਨ੍ਹਾਂ ਦੀ ਇਹ ਰੂਸ ਯਾਤਰਾ ਬਹੁਤ ਸਫਲ ਰਹੀ ਤੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਅੱਗੇ ਲਿਜਾਣ ਵਾਲੀ ਸਿੱਧ ਹੋਈ। ਮੋਦੀ ਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਆਪਣੇ ਸੰਬੰਧਾਂ ਨੂੰ ਹੋਰ ਰਫਤਾਰ ਦਿੰਦਿਆਂ ਹਾਈਡਰੋ ਕਾਰਬਨ ਦੀ ਖੋਜ, ਰੇਲਵੇ, ਸੌਰ ਊਰਜਾ, ਪੁਲਾੜ ਵਰਗੇ ਵੱਖ-ਵੱਖ ਖੇਤਰਾਂ ''ਚ 16 ਸਮਝੌਤਿਆਂ ''ਤੇ ਦਸਤਖਤ ਕੀਤੇ।
ਇਨ੍ਹਾਂ ਵਿਚ ਭਾਰਤ ''ਚ ਕੋਮੋਵ 226 ਹੈਲੀਕਾਪਟਰ ਦੇ ਸਾਂਝੇ ਨਿਰਮਾਣ ਦਾ ਸਮਝੌਤਾ ਵੀ ਸ਼ਾਮਿਲ ਹੈ। ਇਹ ''ਮੇਕ ਇਨ ਇੰਡੀਆ'' ਪ੍ਰੋਗਰਾਮ ਦੇ ਤਹਿਤ ਪ੍ਰਮੁੱਖ ਰੱਖਿਆ ਸਹਿਯੋਗ ਯੋਜਨਾ ਹੈ। ਦੋਹਾਂ ਦੇਸ਼ਾਂ ਨੇ ਭਾਰਤ ''ਚ 12 ਪ੍ਰਮਾਣੂ ਪਲਾਂਟ ਅਤੇ ਦੋ ਰੂਸੀ ਡਿਜ਼ਾਈਨ ਵਾਲੀਆਂ ਪ੍ਰਮਾਣੂ ਰਿਐਕਟਰ ਇਕਾਈਆਂ ਦਾ ਭਾਰਤ ''ਚ ਨਿਰਮਾਣ ਕਰਨ ''ਤੇ ਵੀ ਸਹਿਮਤੀ ਪ੍ਰਗਟਾਈ ਹੈ, ਜਿਨ੍ਹਾਂ ''ਚ ਭਾਰਤ ਦੀਆਂ ਸਥਾਨਕ ਕੰਪਨੀਆਂ ਦੀ ਹਿੱਸੇਦਾਰੀ ਹੋਵੇਗੀ।
ਦੋਹਾਂ ਨੇ ਇਸ ਗੱਲ ''ਤੇ ਜ਼ੋਰ ਦਿੱਤਾ ਕਿ ਪ੍ਰਮਾਣੂ ਊਰਜਾ ਦੀ ਸ਼ਾਂਤਮਈ ਵਰਤੋਂ ਦੋਹਾਂ ਦੇਸ਼ਾਂ ਦੇ ਰਣਨੀਤਕ ਸੰਬੰਧਾਂ ਨੂੰ ਨਵਾਂ ਆਯਾਮ ਦੇਵੇਗੀ। ਦੋਹਾਂ ਨੇ ਅਗਲੇ 10 ਸਾਲਾਂ ''ਚ ਦੁਵੱਲੇ ਵਪਾਰ ਨੂੰ ਮੌਜੂਦਾ 10 ਅਰਬ ਡਾਲਰ ਤੋਂ ਵਧਾ ਕੇ 30 ਅਰਬ ਡਾਲਰ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ। 
ਇਸ ਦੌਰਾਨ ਅੱਤਵਾਦੀ ਸਮੂਹਾਂ ਅਤੇ ਇਸ ਦੇ ਨਿਸ਼ਾਨੇ ਵਾਲੇ ਦੇਸ਼ਾਂ ਦਰਮਿਆਨ ਬਿਨਾਂ ਵਿਤਕਰਾ ਤੇ ਫਰਕ ਕੀਤਿਆਂ ਇਕਜੁੱਟ ਹੋ ਕੇ ਅੱਤਵਾਦ ਵਿਰੁੱਧ ਲੜਨ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ ਹੈ। ਪੁਤਿਨ ਨੇ ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ''ਚ ਭਾਰਤ ਦੀ ਸਥਾਈ ਮੈਂਬਰੀ ਦੇ ਯਤਨਾਂ ਦਾ ਵੀ ਪੁਰਜ਼ੋਰ ਸਮਰਥਨ ਕੀਤਾ ਹੈ।
26 ਮਈ 2014 ਨੂੰ ਸੱਤਾ ਸੰਭਾਲਣ ਤੋਂ ਬਾਅਦ ਹੁਣ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ ਇਲਾਵਾ ਯੂਰਪ ਤੇ ਏਸ਼ੀਆ ਦੇ 33 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ, ਜਿਨ੍ਹਾਂ ''ਚ ਜਾਪਾਨ ਦੀ ਸਫਲ ਯਾਤਰਾ ਵੀ ਸ਼ਾਮਿਲ ਹੈ। ਇਸ ਦੌਰਾਨ ਜਾਪਾਨ ਨੇ ਭਾਰਤ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਿੱਤੀ ਸਮਰਥਨ ਅਤੇ ਵੱਖ-ਵੱਖ ਯੋਜਨਾਵਾਂ ''ਚ ਅਹਿਮ ਹਿੱਸੇਦਾਰੀ ਦਾ ਭਰੋਸਾ ਦਿੱਤਾ। ਇਸ ''ਚ ਭਾਰਤ ਵਿਚ ''ਬੁਲੇਟ ਟ੍ਰੇਨਾਂ'' ਨੂੰ ਸ਼ੁਰੂ ਕਰਨ ਲਈ ਸਹਾਇਤਾ ਦੇਣਾ ਵੀ ਸ਼ਾਮਿਲ ਹੈ। 
ਜਾਪਾਨ ਦੀ ਯਾਤਰਾ ਤੋਂ ਇਲਾਵਾ ਨਰਿੰਦਰ ਮੋਦੀ ਦੀ ਕੋਈ ਵੀ ਵਿਦੇਸ਼ ਯਾਤਰਾ ਇੰਨੀ ਸਫਲ ਨਹੀਂ ਹੋਈ, ਜਿੰਨੀ ਸਫਲ ਰੂਸ ਦੀ ਯਾਤਰਾ ਰਹੀ ਹੈ। ਇਸ ਨਾਲ ਨਾ ਸਿਰਫ ਦੋਹਾਂ ਦੇਸ਼ਾਂ ''ਚ ਆਪਸੀ ਕਾਰੋਬਾਰ ਵਧੇਗਾ ਸਗੋਂ ਵਿਗਿਆਨਕ ਖੋਜਾਂ ਦੇ ਆਧਾਰ ''ਤੇ ਨਵੇਂ ਅਯਾਮ ਸਥਾਪਿਤ ਹੋਣਗੇ ਤੇ ਦੋਵੇਂ ਦੇਸ਼ ਅੱਤਵਾਦ ਵਿਰੁੱਧ ਮਿਲ ਕੇ ਲੜਨਗੇ।
ਰੂਸ ਵਲੋਂ ਭਾਰਤ ''ਚ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਨਾਲ ਦੇਸ਼ ਅੰਦਰ ਕੋਲਾ ਆਧਾਰਿਤ ਬਿਜਲੀ ਪਲਾਂਟਾਂ ''ਤੇ ਨਿਰਭਰਤਾ ਘਟੇਗੀ ਅਤੇ ਪ੍ਰਦੂਸ਼ਣ ''ਤੇ ਕਾਬੂ ਪਾਉਣ ''ਚ ਸਫਲਤਾ ਮਿਲੇਗੀ ਤੇ ਦੇਸ਼ਵਾਸੀਆਂ ਨੂੰ ਸਸਤੀ ਬਿਜਲੀ ਮਿਲ ਸਕੇਗੀ।
—ਵਿਜੇ ਕੁਮਾਰ


author

Vijay Kumar Chopra

Chief Editor

Related News