ਬ੍ਰਿਟੇਨ ਦੀ ਸਿਆਸਤ ’ਚ ਧਮਾਕਾ, ਪ੍ਰਧਾਨ ਮੰਤਰੀ ਲਿਜ ਟਰੱਸ ਨੇ ਦਿੱਤਾ ਅਸਤੀਫਾ

Friday, Oct 21, 2022 - 01:23 AM (IST)

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਅਸਤੀਫੇ ਦੇ ਬਾਅਦ ਉਨ੍ਹਾਂ ਦੀ ਪਸੰਦੀਦਾ ਸਾਬਕਾ ਵਿਦੇਸ਼ ਮੰਤਰੀ ਲਿਜ ਟਰੱਸ ਨੇ ਸਖ਼ਤ ਮੁਕਾਬਲੇ ’ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾ ਕੇ 6 ਸਤੰਬਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੇ ਬਾਅਦ ਤੋਂ ਹੀ ਉਹ ਮੁਸ਼ਕਲਾਂ ’ਚ ਘਿਰਦੀ ਚਲੀ ਗਈ।  ਨਤੀਜੇ ਵਜੋਂ  ਅਹੁਦਾ ਸੰਭਾਲਣ ਦੇ ਸਿਰਫ਼ 44 ਦਿਨਾਂ ਦੇ ਬਾਅਦ ਹੀ ਉਨ੍ਹਾਂ ਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਸਰਕਾਰ ’ਚ ਵਧੇ ਆਪਣੇ ਵਿਰੋਧ ਦੇ ਕਾਰਨ 20 ਅਕਤੂਬਰ  ਨੂੰ ਅਸਤੀਫਾ ਦੇ ਦਿੱਤਾ ਅਤੇ ਇਸ ਤਰ੍ਹਾਂ ਉਹ ਸਭ ਤੋਂ ਘੱਟ ਅਰਸੇ ਤੱਕ ਸੱਤਾ ਸੰਭਾਲਣ ਵਾਲੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ। ਇਸ ਤੋਂ ਪਹਿਲਾਂ ਸਭ ਤੋਂ ਘੱਟ ਅਰਸੇ ਤੱਕ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ  ਜਾਰਜ ਕੈਨਿੰਗ ਦੇ ਨਾਂ ਸੀ ਜੋ 12 ਅਪ੍ਰੈਲ, 1827 ਤੋਂ 8 ਅਗਸਤ, 1827  ਨੂੰ ਆਪਣੀ ਮੌਤ ਤੱਕ 119 ਦਿਨ ਪ੍ਰਧਾਨ ਮੰਤਰੀ ਰਹੇ। 

ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ’ਚ ਟਰੱਸ ਦੇ ਅਹੁਦਾ ਸੰਭਾਲਦੇ ਹੀ ਅਸੰਤੋਸ਼ ਫੈਲਣ ਲੱਗਾ ਸੀ ਜਿਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਿਰਫ਼ ਇਕ ਹਫ਼ਤੇ ’ਚ ਹੀ ਉਨ੍ਹਾਂ ਦੇ ਮੰਤਰੀ ਮੰਡਲ ਦੇ 2 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ। 
ਪ੍ਰਧਾਨ ਮੰਤਰੀ ਅਹੁਦੇ ਦੇ ਲਈ ਪ੍ਰਚਾਰ ਦੇ ਦੌਰਾਨ ਲਿਜ ਟਰੱਸ ਨੇ ਦੇਸ਼ ਦੀ ਅਰਥਵਿਵਸਥਾ ਪਟੜੀ ’ਤੇ ਲਿਆਉਣ ਦੇ ਜੋ ਵਾਅਦੇ ਕੀਤੇ ਸਨ ਉਹ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਦੀ ਸਰਕਾਰ ਮਹਿੰਗਾਈ ’ਤੇ ਕਾਬੂ  ਪਾਉਣ ’ਚ ਵੀ ਪੂਰੀ ਤਰ੍ਹਾਂ ਅਸਫ਼ਲ ਰਹੀ। 
ਉਨ੍ਹਾਂ ਦੇ ਵਾਅਦਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿੱਤ ਮੰਤਰੀ ਕਵਾਸੀ ਕਵਾਰਟੇਂਗ ਦੇ ਫੈਸਲਿਆਂ ਨਾਲ ਬਾਜ਼ਾਰ ’ਚ ਅਸਥਿਰਤਾ ਫੈਲ ਗਈ। ਸਥਾਨਕ ਮੁਦਰਾ ਕਮਜ਼ੋਰ ਹੋਣ ਲੱਗੀ ਅਤੇ ਇੱਥੋਂ ਤੱਕ ਕਿ ‘ਬੈਂਕ ਆਫ ਇੰਗਲੈਂਡ’ ਨੂੰ ਕਰਜ਼ਾ ਬਾਜ਼ਾਰ ’ਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ।

ਪਟੜੀ  ਤੋਂ ਉਤਰੀ ਅਰਥਵਿਵਸਥਾ ਅਤੇ ਲਗਾਤਾਰ ਹੋ ਰਹੀ ਆਲੋਚਨਾ ਦੇ ਦਰਮਿਆਨ ਕਵਾਸੀ ਕਵਾਰਟੇਂਗ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਨਵੇਂ  ਵਿੱਤ ਮੰਤਰੀ ਜੇਰੇਮੀ ਹੰਟ ਨੇ ਉਨ੍ਹਾਂ ਦੇ ਲਗਭਗ ਸਾਰੇ ਫੈਸਲਿਆਂ ਨੂੰ ਪਲਟ ਦਿੱਤਾ। 
ਇਸ ਦੇ ਬਾਅਦ ਵੀ ਟਰੱਸ ਸਰਕਾਰ ਤੋਂ ਦਬਾਅ ਘੱਟ ਨਾ ਹੋਇਆ ਅਤੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਵੀ ਉਨ੍ਹਾਂ ਦੇ ਵਿਰੁੱਧ ਹੋ ਗਏ ਅਤੇ ਚਰਚਾ ਸੀ ਕਿ ਇਸ ਹਫਤੇ ਕੰਜ਼ਰਵੇਟਿਵ ਪਾਰਟੀ ਦੇ 100 ਤੋਂ ਵੱਧ ਸੰਸਦ ਮੈਂਬਰ ਲਿਜ ਟਰੱਸ ਨੂੰ ਹਟਾਉਣ ਦੇ ਲਈ ਉਨ੍ਹਾਂ ਦੇ ਵਿਰੁੱਧ ਬੇਭਰੋਸਗੀ ਮਤਾ ਲਿਆ ਸਕਦੇ ਹਨ। ਲਿਜ ਟਰੱਸ ਦੇ ਸੰਖੇਪ ਜਿਹੇ ਕਾਰਜਕਾਲ ’ਚ ਹੀ ਕੰਜ਼ਰਵੇਟਿਵ ਪਾਰਟੀ ਅਤੇ ਉਨ੍ਹਾਂ ਦੀ ਸਰਕਾਰ ਦੋਵਾਂ ’ਚ ਹੀ ਫੁੱਟ ਪੈ ਗਈ। 
ਰਹਿੰਦੀ-ਖੂੰਹਦੀ  ਕਸਰ 19 ਅਕਤੂਬਰ ਨੂੰ ਪੂਰੀ ਹੋ ਗਈ ਜਦੋਂ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਿਦੱਤਾ ਅਤੇ ਸਰਕਾਰ ’ਤੇ ਦਿਸ਼ਾ ਤੋਂ ਭਟਕਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਖਾਸ ਤੌਰ ’ਤੇ ਇਮੀਗ੍ਰੇਸ਼ਨ ਰੋਕਣ ’ਚ ਅਸਫਲ ਰਹੀ ਹੈ। 

ਅਜਿਹੇ ਹਾਲਾਤ ਦਰਮਿਆਨ ਦੇਸ਼ ’ਚ ਆਰਥਿਕ ਅਤੇ ਸਿਆਸੀ ਚੁੱਕ-ਥਲ ਸ਼ੁਰੂ ਹੋ ਗਈ ਸੀ ਜਿਸ ਦੇ ਮੱਦੇਨਜ਼ਰ ਇਕ ਅਣਕਿਆਸਾ ਕਦਮ ਚੁੱਕਦੇ ਹੋਏ ਲਿਜ ਟਰੱਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਆਪਣਾ ਉੱਤਰਾਧਿਕਾਰੀ ਚੁਣੇ ਜਾਣ ਤੱਕ ਉਹ ਅਹੁਦੇ ’ਤੇ ਬਣੀ ਰਹੇਗੀ। ਆਪਣੇ ਭਾਸ਼ਣ ’ਚ ਲਿਜ ਟਰੱਸ ਨੇ ਕਿਹਾ, ‘‘ਮੌਜੂਦਾ ਹਾਲਤ ਨੂੰ ਦੇਖਦੇ ਹੋਏ ਮੈਨੂੰ ਜਾਪਦਾ ਹੈ ਕਿ ਮੈਂ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਜਿਨ੍ਹਾਂ ਦੇ ਲਈ ਮੈਂ ਲੜੀ ਸੀ। ਮੈਂ ਸਮਰਾਟ ਚਾਰਲਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਮੈਂ ਅਸਤੀਫਾ ਦੇ ਰਹੀ ਹਾਂ।’’

ਲਿਜ ਟਰੱਸ ਦੇ ਅਸਤੀਫੇ ਦੇ ਬਾਅਦ ਵੀ ਉਨ੍ਹਾਂ ਦਾ ਵਿਰੋਧ ਸ਼ਾਂਤ ਨਹੀਂ ਹੋਇਆ ਅਤੇ ਕਿਹਾ ਜਾ ਰਿਹਾ ਹੈ ਕਿ ਰਿਸ਼ੀ ਸੁਨਕ ਨੇ ਪਹਿਲਾਂ ਹੀ ਲਿਜ ਟਰੱਸ ਦੀਆਂ ਟੈਕਸ ਕਟੌਤੀ ਸਬੰਧੀ ਨੀਤੀਆਂ ਨੂੰ ਲੈ ਕੇ ਦੇਸ਼ ਨੂੰ ਸੁਚੇਤ ਕੀਤਾ ਸੀ। ਫਿਲਹਾਲ, ਲਿਜ ਟਰੱਸ ਦੇ ਅਸਤੀਫੇ ਨਾਲ ਉੱਥੋਂ ਦੇ ਲੋਕ ਇਸ  ਕਦਰ ਖੁਸ਼ ਹੋਏ ਹਨ ਕਿ ਉਨ੍ਹਾਂ ਦੇ ਅਸਤੀਫਾ ਦਿੰਦੇ ਹੀ ਪਾਊਂਡ ਦੀ ਕੀਮਤ ਵਧਣ ਲੱਗੀ ਹੈ। 
ਹੁਣ ਬ੍ਰਿਟੇਨ ਦੀ ਸਿਆਸਤ ’ਚ ਅਗਲੇ ਕਦਮ ’ਤੇ ਸਭ ਦੀ ਨਜ਼ਰ ਹੈ। ਵਿਰੋਧੀ ਧਿਰ ਨੇਤਾ ਕੀਰ ਸਟਾਰਰ ਨੇ ਕਿਹਾ ਹੈ ਕਿ ਹੁਣ ਦੇਸ਼ ’ਚ ਚੋਣਾਂ ਹੋਣੀਆਂ ਚਾਹੀਦੀਆਂ ਹਨ ਪਰ ਲਿਜ ਦੀ ਪਾਰਟੀ ਅਜੇ ਚੋਣਾਂ ਨਾ ਕਰਵਾ ਕੇ ਕਿਸੇ ਦੂਜੇ ਮਜ਼ਬੂਤ ਦਾਅਵੇਦਾਰ ਨੂੰ ਜ਼ਿੰਮੇਵਾਰੀ ਸੌਂਪਣਾ ਚਾਹੁੰਦੀ ਹੈ।  ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਦੌੜ ’ਚ ਵਾਪਸੀ ਦੇ ਚਾਹਵਾਨ ਦੱਸੇ ਜਾ ਰਹੇ ਹਨ ਅਤੇ ਰਿਸ਼ੀ ਸੁਨਕ ਵੀ ਇਸ ਅਹੁਦੇ ਦੇ ਚਾਹਵਾਨ ਹਨ ਜਿਨ੍ਹਾਂ ਨੇ ਚੋਣ ’ਚ ਹਾਰਨ ਦੇ ਬਾਵਜੂਦ ਲਿਜ ਟਰੱਸ ਨੂੰ ਸਖਤ  ਚੁਣੌਤੀ ਦਿੱਤੀ ਸੀ ਪਰ ਇਸ ਦੌੜ ’ਚ ਵਿੱਤ ਮੰਤਰੀ ਜੇਰੇਮੀ ਹੰਟ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। 

ਜੋ ਵੀ ਹੋਵੇ,  ਲਿਜ ਟਰੱਸ ਵੱਲੋਂ ਅਹੁਦਾ ਸੰਭਾਲਣ ਦੇ ਸਿਰਫ 44 ਦਿਨ ਦੇ ਅੰਦਰ ਹੀ ਅਸਤੀਫਾ ਦੇਣਾ ਬ੍ਰਿਟੇਨ ’ਚ ਲੋਕਤੰਤਰ ਦੀ ਮਜ਼ਬੂਤੀ ਨੂੰ ਵੀ ਦਰਸਾਉਂਦਾ ਹੈ। ਉੱਥੇ ਲੋਕਤੰਤਰ ਦੇ ਪ੍ਰਤੀ ਸਨਮਾਨ ਕੁਰਸੀ  ਦੇ ਮੋਹ ਤੋਂ ਕਿਤੇ ਵੱਧ ਨਜ਼ਰ ਆਉਂਦਾ ਹੈ ਜੋ ਹੋਰਨਾਂ ਦੇਸ਼ਾਂ ’ਚ ਘੱਟ ਹੀ ਦੇਖਣ ਨੂੰ ਮਿਲਦਾ ਹੈ। ਲਿਜ ਟਰੱਸ ਦਾ ਇਹ ਫੈਸਲਾ ਸਿਆਣਪ ਅਤੇ ਲੋਕਤੰਤਰ ’ਚ ਉਨ੍ਹਾਂ ਦੇ ਦ੍ਰਿੜ੍ਹ  ਵਿਸ਼ਵਾਸ ਨੂੰ ਦਰਸਾਉਂਦਾ ਹੈ।  
ਕੁਲ ਮਿਲਾ ਕੇ ਬ੍ਰਿਟੇਨ ਦੀ ਸਿਆਸਤ ਇਕ ਵਾਰ ਫਿਰ ਚੌਰਾਹੇ ’ਤੇ ਆ ਖੜ੍ਹੀ ਹੈ ਜਿਸ ਬਾਰੇ ਪਹਿਲਾਂ ਦੇ ਵਾਂਗ ਇਸ  ਵਾਰ ਵੀ ਕਹਿਣਾ ਔਖਾ ਹੈ ਕਿ ਆਉਣ ਵਾਲੇ ਦਿਨਾਂ ’ਚ ਉੱਥੇ ਕੀ ਹੋਵੇਗਾ ਅਤੇ ਸੱਤਾ ਕਿਸ ਦੇ ਹੱਥ ’ਚ ਜਾਵੇਗੀ!   

 -ਵਿਜੇ ਕੁਮਾਰ


Mandeep Singh

Content Editor

Related News