ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਨੂੰ ਲੱਗਾ ‘ਮਹਿੰਗਾਈ ਦਾ ਤੜਕਾ’

09/17/2020 3:48:38 AM

ਮੀਂਹ ਨਾਲ ਫਸਲ ਖਰਾਬ ਹੋ ਜਾਣ ਕਾਰਨ ਸਬਜ਼ੀਆਂ ਦੀ ਮਹਿੰਗਾਈ ਦੀ ਦਰ ਜੋ ਜੁਲਾਈ ’ਚ 11. 29 ਫੀਸਦੀ ਸੀ, ਅਗਸਤ ’ਚ ਵਧ ਕੇ 11.41 ਫੀਸਦੀ ਹੋ ਗਈ। ਬਾਜ਼ਾਰ ਸੂਤਰਾਂ ਅਨੁਸਾਰ ਵਿਦਿਅਾ ਹੁੰਦੇ ਮਾਨਸੂਨ ਨੇ ਬਹੁਤ ਤਬਾਹੀ ਮਚਾਈ, ਜਿਸ ਨਾਲ ਖੇਤਾਂ ’ਚ ਪਾਣੀ ਭਰ ਗਿਆ ਅਤੇ ਸਬਜ਼ੀਅਾਂ ਦੀ ਫਸਲ ਕਿਤੇ-ਕਿਤੇ ਖਰਾਬ ਹੋ ਜਾਣ ਕਾਰਨ ਇਹ ਮਹਿੰਗੀ ਅਤੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਸਬਜ਼ੀਅਾਂ ਅਤੇ ਹੋਰ ਵਸਤੂਅਾਂ ਦੀ ਢੁਆਈ ਅਤੇ ਕਿਰਾਏ ਆਦਿ ’ਚ ਵਾਧਾ ਅਤੇ ਸਪਲਾਈ ਚੇਨ ’ਚ ਰੁਕਾਵਟ ਆਦਿ ਦੇ ਕਾਰਨ ਵੀ ਕੀਮਤਾਂ ’ਚ ਉਛਾਲ ਆਇਆ ਹੈ। ਲੋਕਾਂ ਅਨੁਸਾਰ ਹਾਲਤ ਇਹ ਹੋ ਗਈ ਹੈ ਕਿ 200 ਰੁਪਏ ਦੀ ਸਬਜ਼ੀ ਖਰੀਦਣ ’ਤੇ ਵੀ ਥੈਲਾ ਨਹੀਂ ਭਰਦਾ ਅਤੇ ਪ੍ਰਚੂਨ ਸਬਜ਼ੀ ਵੇਚਣ ਵਾਲੇ ਵੀ ਹੁਣ ਭਾਅ ਕਿੱਲੋ ’ਚ ਦੱਸਣ ਦੀ ਬਜਾਏ ਇਕ ਪਾਈਆ ਅਤੇ ਅੱਧਾ ਕਿੱਲੋ ’ਚ ਦੱਸਣ ਲੱਗੇ ਹਨ। ਇਥੋਂ ਤਕ ਕਿ ਸਬਜ਼ੀ ਦਾ ਸਵਾਦ ਵਧਾਉਣ ’ਚ ਵਰਤੋਂ ’ਚ ਅਾਉਣ ਵਾਲਾ ਹਰਾ ਧਨੀਆ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਕੇ 100 ਤੋਂ 120 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦਕਿ ਮਟਰਾਂ ਦਾ ਵੀ ਇਹੀ ਭਾਅ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੀਅਾਂ ਮੰਡੀਅਾਂ ’ਚ ਜੂਨ ’ਚ ਟਮਾਟਰ 29.4 ਫੀਸਦੀ ਮਹਿੰਗੇ ਹੋਏ ਅਤੇ ਜੁਲਾਈ ’ਚ ਇਨ੍ਹਾਂ ਦੀਅਾਂ ਕੀਮਤਾਂ 209.5 ਫੀਸਦੀ ਵਧੀਅਾਂ। ਇਸੇ ਤਰ੍ਹਾਂ ਪਿਆਜ਼, ਆਲੂ ਆਦਿ ਸਬਜ਼ੀਆਂ ਦੀਅਾਂ ਕੀਮਤਾਂ ’ਚ ਵੀ ਅਣਕਿਅਾਸਾ ਵਾਧਾ ਦੇਖਣ ਨੂੰ ਮਿਲਿਅਾ ਹੈ। ਕਿਉਂਕਿ ਮੰਡੀਅਾਂ ’ਚ ਨਵੀਂ ਫਸਲ ਦੀਅਾਂ ਸਬਜ਼ੀਅਾਂ ਦੀ ਆਮਦ ਸ਼ੁਰੂ ਹੋਣ ’ਚ ਅਜੇ ਘੱਟ ਤੋਂ ਘੱਟ ਇਕ ਮਹੀਨਾ ਲੱਗੇਗਾ, ਜੋ ਕਿ 15 ਅਕਤੂਬਰ ਤੋਂ ਪਹਿਲਾਂ ਸੰਭਵ ਨਹੀਂ ਹੈ, ਇਸ ਲਈ ਸਬਜ਼ੀਅਾਂ ਦੀ ਮਹਿੰਗਾਈ ਤੋਂ ਜਲਦੀ ਰਾਹਤ ਮਿਲਣ ਦੀ ਸੰਭਾਵਨਾ ਅਜੇ ਘੱਟ ਹੀ ਹੈ। ਸਬਜ਼ੀਅਾਂ ਦੀਅਾਂ ਕੀਮਤਾਂ ’ਚ ਵਾਧੇ ਦਾ ਸਿਲਸਿਲਾ ਉਂਝ ਤਾਂ ਜੂਨ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਜੁਲਾਈ ਅਤੇ ਅਗਸਤ ’ਚ ਤਾਂ ਕੀਮਤਾਂ ਆਕਾਸ਼ ਨੂੰ ਛੂਹਣ ਲੱਗੀਅਾਂ। ਇਹੀ ਕਾਰਨ ਹੈ ਕਿ ਪ੍ਰਚੂਨ ’ਚ ਟਮਾਟਰ ਇਸ ਸਮੇਂ 60 ਤੋਂ 90 ਰੁਪਏ ਪ੍ਰਤੀ ਕਿਲੋ, ਪਿਆਜ਼ 40 ਤੋਂ 50 ਰੁਪਏ ਅਤੇ ਆਲੂ ਜਿਸ ਨੂੰ ਲਾਕਡਾਊਨ ਤੋਂ ਪਹਿਲਾਂ ਕੋਈ ਖਰੀਦਦਾ ਨਹੀਂ ਸੀ, ਅੱਜ ਦੁੱਗਣਾ ਮਹਿੰਗਾ ਹੋ ਕੇ 40-50 ਰੁਪਏ ਕਿੱਲੋ ਦੇ ਭਾਅ ਵਿਕ ਰਿਹਾ ਹੈ।

ਕੇਂਦਰ ਸਰਕਾਰ ਵਲੋਂ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਅਤੇ ਜਲਦੀ ਹੀ ਅਫਗਾਨਿਸਤਾਨ ਤੋਂ ਇਸ ਦੀ ਖੇਪ ਪਹੁੰਚਣ ਨਾਲ ਇਸ ਦੇ ਭਾਅ ’ਚ ਵਾਧੇ ’ਤੇ ਲਗਾਮ ਲੱਗਣ ਦੀ ਆਸ ਹੈ, ਹਾਲਾਂਕਿ ਇਸ ਦਾ ਸਵਾਦ ਭਾਰਤੀ ਪਿਆਜ਼ ਵਰਗਾ ਵਧੀਆ ਨਹੀਂ ਹੈ। ਜਿਥੋਂ ਤਕ ਹੋਰ ਸਬਜ਼ੀਅਾਂ ਦਾ ਸੰਬੰਧ ਹੈ, ਐਤਵਾਰ ਨੂੰ ਦਿੱਲੀ ਐੱਨ.ਸੀ.ਆਰ. ’ਚ ਸ਼ਿਮਲਾ ਮਿਰਚ 100, ਫੁੱਲਗੋਭੀ 140 ਰੁਪਏ, ਬੈਂਗਨ, ਬੰਦ ਗੋਭੀ, ਲੌਕੀ, ਭਿੰਡੀ ਅਤੇ ਖੀਰਾ 60 ਰੁਪਏ ਅਤੇ ਕੱਦੂ ਦਾ ਭਾਅ 50 ਰੁਪਏ ਪ੍ਰਤੀ ਕਿੱਲੋ ਦਰਜ ਕੀਤਾ ਗਿਅਾ ਹੈ। ਇਸ ਦੇ ਉਲਟ ਜੂਨ ਵਿਚ ਕੱਦੂ 10 ਤੋਂ 15, ਸ਼ਿਮਲਾ ਮਿਰਚ 60, ਲੌਕੀ 20, ਟਮਾਟਰ 20-30, ਅਾਲੂ ਅਤੇ ਪਿਅਾਜ਼ 20-25, ਗੋਭੀ 30-40 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਸਨ। ‘ਚੈਂਬਰਜ਼ ਅਾਫ ਅਾਜ਼ਾਦਪੁਰ ਫਰੂਟਸ ਐਂਡ ਵੈਜੀਟੇਬਲਸ ਐਸੋਸੀਏਸ਼ਨ’ ਦੇ ਪ੍ਰਧਾਨ ਸ਼੍ਰੀ ਐੱਮ. ਅਾਰ. ਕ੍ਰਿਪਲਾਨੀ ਅਨੁਸਾਰ ਹਾਲਾਂਕਿ ਅਾਮਦ ਵਧਣ ਨਾਲ ਫਲਾਂ ਦੀ ਕੀਮਤ ਵਿਚ ਕੁੱਝ ਨਰਮੀ ਅਾ ਸਕਦੀ ਹੈ ਪਰ ਅੱਗੇ ਸ਼ੂਰੂ ਹੋਣ ਵਾਲੇ ਤਿਓਹਾਰੀ ਸੀਜ਼ਨ ਵਿਚ ਮੰਗ ਵਧਣ ਦੇ ਕਾਰਣ ਇਨ੍ਹਾਂ ਦੀਆਂ ਕੀਮਤਾਂ ਵਿਚ ਜ਼ਿਅਾਦਾ ਗਿਰਾਵਟ ਨਹੀਂ ਅਾਵੇਗੀ ਅਤੇ ਮੋਟੇ ਤੌਰ ’ਤੇ ਫਲਾਂ ਦੀਆਂ ਕੀਮਤਾਂ ਸਥਿਰ ਹੀ ਰਹਿਣ ਦੀ ਸੰਭਾਵਨਾ ਹੈ। ਲਾਕਡਾਊਨ ਦੇ ਬਾਅਦ ਦਾਲਾਂ ਦੀਆਂ ਕੀਮਤਾਂ ’ਚ ਵੀ ਪੈਦਾਵਾਰ ਕਮਜ਼ੋਰ ਹੋਣ ਦੇ ਕਾਰਣ ਪਿਛਲੇ ਸਿਰਫ ਇਕ ਮਹੀਨੇ ’ਚ 5 ਤੋਂ 15 ਰੁਪਏ ਪ੍ਰਤੀ ਕਿੱਲੋ ਤਕ ਦਾ ਉਛਾਲ ਆਇਆ ਹੈ। ਦਾਲ ਛੋਲਿਅਾਂ ਦੀ 100 ਰੁਪਏ, ਦਾਲ ਅਰਹਰ 80 ਤੋਂ 90, ਸਾਬਤ ਮਸਰ 80, ਧੋਤੇ ਮਸਰ 90, ਛੋਲੇ 70 ਤੋਂ 80, ਕਾਬਲੀ ਛੋਲੇ 80 ਤੋਂ 100, ਰਾਜਮਾਂਹ 100 ਤੋਂ 120 ਰੁਪਏ ਪ੍ਰਤੀ ਕਿੱਲੋ ਵਿਕ ਰ ਰਹੀਆਂ ਹਨ। ਮੂੰਗੀ ਅਤੇ ਮਾਂਹ ਦੀਆਂ ਦਾਲਾਂ ਵੀ ਉਛਲ ਗਈਅਾਂ ਹਨ।

ਜਾਣਕਾਰਾਂ ਦਾ ਕਹਿਣਾ ਕਿ ਹੋਲਸੇਲ ਸਬਜ਼ੀ ਮੰਡੀਅਾਂ ਤੋਂ ਸਬਜ਼ੀ ਖਰੀਦਣ ਤੋਂ ਬਾਅਦ ਰਿਟੇਲਰ ਸਬਜ਼ੀਅਾਂ ਦੇ ਭਾਵ 3 ਤੋਂ 4 ਗੁਣਾ ਤਕ ਵਧਾ ਦਿੰਦੇ ਹਨ ਅਤੇ ਖੇਤਰ ਦੇ ਅਨੁਸਾਰ ਇਸ ਦੀ ਕੀਮਤ ਤੈਅ ਕਰ ਦਿੰਦੇ ਹਨ। ਉਦਾਹਰਣ ਵਜੋਂ ਸਸਤੇ ਅਤੇ ਮੱਧ ਵਰਗੀ ਇਲਾਕਿਅਾਂ ’ਚ ਜੋ ਸਬਜ਼ੀ 50 ਰੁਪਏ ਕਿੱਲੋ ਵੇਚੀ ਜਾਂਦੀ ਹੈ, ਅਮੀਰ ਸਮਝੇ ਜਾਣ ਵਾਲੇ ਇਲਾਕਿਅਾਂ ’ਚ ਉਹੀ 70-80 ਰੁਪਏ ਪ੍ਰਤੀ ਕਿਲੋ ਤਕ ਦੇ ਭਾਅ ਨਾਲ ਵੇਚੀ ਜਾਂਦੀ ਹੈ। ਕੁਲ ਮਿਲਾ ਕੇ ਅੱਜ ਜਦਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਉਦਯੋਗ-ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਅਤੇ ਬੇਰੋਜ਼ਗਾਰੀ ਵਧ ਜਾਣ ਕਾਰਨ ਲੋਕ ਆਰਥਿਕ ਸੰਕਟ ’ਚ ਘਿਰੇ ਹੋਏ ਹਨ, ਵਿਸ਼ੇਸ਼ ਤੌਰ ’ਤੇ ਮੱਧ ਵਰਗੀ ਲੋਕਾਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੋ ਗਈ ਹੈ, ਜੋ ਕਿਸੇ ਕੋਲੋਂ ਸਹਾਇਤਾ ਵੀ ਨਹੀਂ ਮੰਗ ਸਕਦੇ, ਇਸੇ ਤਰ੍ਹਾਂ ਦੇ ਹਾਲਾਤ ’ਚ ਸਬਜ਼ੀਅਾਂ ਅਤੇ ਦਾਲਾਂ ਦੀਅਾਂ ਕੀਮਤਾਂ ’ਚ ਉਛਾਲ ਕਾਰਨ ਲੋਕਾਂ ਦੀ ਰਸੋਈ ਵੀ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਗਈ ਹੈ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਭਾਅ ਤੈਅ ਕਰ ਕੇ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ ਤਾਂਕਿ ਲੋਕਾਂ ਨੂੰ ਦਾਲ-ਸਬਜ਼ੀਅਾਂ ਦੀ ਮਹਿੰਗਾਈ ਤੋਂ ਕੁਝ ਰਾਹਤ ਮਿਲੇ ਅਤੇ ਉਨ੍ਹਾਂ ਦੀ ਰਸੋਈ ਸੁਚਾਰੂ ਢੰਗ ਨਾਲ ਚੱਲ ਸਕੇ।

–ਵਿਜੇ ਕੁਮਾਰ


Bharat Thapa

Content Editor

Related News