ਅੱਤਵਾਦ ਵਿਰੁੱਧ ''ਮਹਿਬੂਬਾ ਮੁਫਤੀ'' ਦਾ ਹਾਂ-ਪੱਖੀ ਸਟੈਂਡ

Tuesday, Jun 28, 2016 - 03:41 AM (IST)

ਅੱਤਵਾਦ ਵਿਰੁੱਧ ''ਮਹਿਬੂਬਾ ਮੁਫਤੀ'' ਦਾ ਹਾਂ-ਪੱਖੀ ਸਟੈਂਡ

23 ਦਸੰਬਰ 2014 ਨੂੰ ਚੋਣ ਨਤੀਜੇ ਐਲਾਨੇ ਜਾਣ ਤੋਂ ਸਵਾ ਦੋ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ''ਚ ਭਾਜਪਾ ਅਤੇ ਪੀ. ਡੀ. ਪੀ. ਨੇ ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਆਪਸ ''ਚ ਗੱਠਜੋੜ ਕੀਤਾ ਅਤੇ ਮੁਫਤੀ ਮੁਹੰਮਦ ਸਈਦ ਨੇ 1 ਮਾਰਚ 2015 ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। 
7 ਜਨਵਰੀ 2016 ਨੂੰ ਉਨ੍ਹਾਂ ਦੀ ਮੌਤ ਹੋ ਗਈ ਅਤੇ ਤਿੰਨ ਮਹੀਨਿਆਂ ਤਕ ਕਾਫੀ ਸੋਚ-ਵਿਚਾਰ ਕਰ ਕੇ  ਉਨ੍ਹਾਂ ਦੀ ਧੀ ਮਹਿਬੂਬਾ ਮੁਫਤੀ ਨੇ 4 ਅਪ੍ਰੈਲ ਨੂੰ ਭਾਜਪਾ ਦੇ ਹੀ ਸਹਿਯੋਗ ਨਾਲ ਫਿਰ ਸਰਕਾਰ ਬਣਾਈ ਤੇ 31 ਮਈ ਨੂੰ ਰਾਜ ਵਿਧਾਨ ਪ੍ਰੀਸ਼ਦ ''ਚ ਕਿਹਾ :
''''ਸ਼ੁੱਕਰਵਾਰ ਦਾ ਦਿਨ ਇਕ ਪਵਿੱਤਰ ਦਿਨ ਹੁੰਦਾ ਸੀ। ਜਿਹੜੇ ਲੋਕ ਮੈਨੂੰ ਮੁਸਲਿਮ ਵਿਰੋਧੀ ਅਤੇ ਕਸ਼ਮੀਰ ਵਿਰੋਧੀ ਦੱਸਦੇ ਹਨ, ਉਨ੍ਹਾਂ ਨੇ ਇਹ ਦਿਨ ਪੱਥਰਬਾਜ਼ੀ ਅਤੇ ਸ਼ਾਂਤੀ ਭੰਗ ਕਰਨ ਵਾਲੇ ਦਿਨ ''ਚ ਬਦਲ ਦਿੱਤਾ ਹੈ। ਸਾਡਾ ਇਸਲਾਮ ਉਹ ਨਹੀਂ ਹੈ, ਜੋ ਉਹ (ਵੱਖਵਾਦੀ) ਸਾਨੂੰ ਜੁੰਮੇ ਵਾਲੇ ਦਿਨ (ਮੁਜ਼ਾਹਰੇ ਤੇ ਪੱਥਰਬਾਜ਼ੀ) ਕਰਨ ਲਈ ਕਹਿੰਦੇ ਹਨ। ਇਸਲਾਮ ਹੱਤਿਆ ਅਤੇ ਧਾਰਮਿਕ ਨਾਅਰੇ ਲਾਉਣ ਦਾ ਉਪਦੇਸ਼ ਨਹੀਂ ਦਿੰਦਾ।''''
ਅਤੇ ਹੁਣ ਦੱਖਣੀ ਕਸ਼ਮੀਰ ''ਚ ਫਿਦਾਇਨ ਹਮਲੇ ''ਚ ਸ਼ਹੀਦ ਹੋਏ 8 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਹਿਬੂਬਾ ਨੇ 26 ਜੂਨ ਨੂੰ ਫਿਰ ਕਿਹਾ ਕਿ :
''''ਅਜਿਹੀਆਂ ਘਟਨਾਵਾਂ ਸਿਰਫ ਕਸ਼ਮੀਰ ਤੇ ਇਸਲਾਮ ਨੂੰ ਬਦਨਾਮ ਕਰ ਰਹੀਆਂ ਹਨ। ਇਹ ਉਸ ਧਰਮ ਨੂੰ ਵੀ ਠੇਸ ਪਹੁੰਚਾਉਂਦੀਆਂ ਹਨ, ਜਿਸ ਦੇ ਨਾਂ ''ਤੇ ਇਹ ਸਭ ਕੀਤਾ ਜਾ ਰਿਹਾ ਹੈ। ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਕਿਸੇ ਹੋਰ ਨੂੰ ਠੇਸ ਨਾ ਪਹੁੰਚਾਈਏ।''''
''''ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਲੋਕ ਅਤੀਤ ਦੇ ਆਪਣੇ ਪਾਪਾਂ ਲਈ ਮੁਆਫੀ ਮੰਗਦੇ ਹਨ ਤੇ ਪਛਤਾਵਾ ਕਰਦੇ ਹਨ। ਅਜਿਹੇ ਸਮੇਂ ''ਚ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਣ ਵਾਲਿਆਂ ਨੂੰ ਖੋਹ ਲੈਣਾ ਘੋਰ ਨਿੰਦਣਯੋਗ ਹੈ। ਇਨ੍ਹਾਂ ਕਰਤੂਤਾਂ ਨਾਲ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ।''''
''''ਭਾਰਤ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿਹਤ ਸੰਬੰਧੀ ਦੇਖਭਾਲ ਦੇ ਮਾਮਲੇ ''ਚ ਕਾਫੀ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ ਪਰ ਜਦੋਂ ਗੱਲ ਜੰਮੂ-ਕਸ਼ਮੀਰ ਦੀ ਆਉਂਦੀ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਨਿਵੇਸ਼ਕ ਪਿੱਛੇ ਹਟ ਜਾਂਦੇ ਹਨ।''''
''''ਸੂਬੇ ਤੋਂ ਸੰਭਾਵੀ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਬੜੀ ਮੁਸ਼ਕਿਲ ਨਾਲ ਸੈਲਾਨੀਆਂ ਨੇ ਇਕ ਵਾਰ ਫਿਰ ਆਉਣਾ ਸ਼ੁਰੂ ਕੀਤਾ ਸੀ ਪਰ ਅਜਿਹੀਆਂ ਘਟਨਾਵਾਂ ਕਾਰਨ ਹੀ ਕਈ ਦੇਸ਼ ਆਪਣੇ ਲੋਕਾਂ ਨੂੰ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਲਈ ਅਡਵਾਈਜ਼ਰੀ ਜਾਰੀ ਕਰ ਰਹੇ ਹਨ।''''
''''ਅੱਤਵਾਦੀ ਕਸ਼ਮੀਰ ਦੇ ਸੈਰ-ਸਪਾਟਾ ਤੇ ਉਦਯੋਗਿਕ ਵਿਕਾਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਹਮਲਿਆਂ ਨਾਲ ਜੰਮੂ-ਕਸ਼ਮੀਰ ਨੂੰ ਬਾਕੀ ਭਾਰਤ ''ਚ ਵਿਕਾਸ ਦੇ ਆਪਣੇ ਹਿੱਸੇ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਇਸ ਨਾਲ ਸਭ ਤੋਂ ਵੱਧ ਨੁਕਸਾਨ ਜੰਮੂ-ਕਸ਼ਮੀਰ ਦੇ ਲੋਕਾਂ ਦਾ ਹੀ ਹੋ ਰਿਹਾ ਹੈ।''''
ਮਹਿਬੂਬਾ ਦੀ ਹਾਂ-ਪੱਖੀ ਸੋਚ ਕਾਰਨ ਹੀ ਵੱਖਵਾਦੀਆਂ ਵਲੋਂ ਲੋਕਾਂ ਨੂੰ ਅਨੰਤਨਾਗ ਚੋਣਾਂ ਦੇ ਬਾਈਕਾਟ ਦੇ ਦਿੱਤੇ ਸੱਦੇ ਦੇ ਬਾਵਜੂਦ ਲੋਕਾਂ ਨੇ ਵੋਟਿੰਗ ''ਚ ਹਿੱਸਾ ਲਿਆ ਤੇ ਮਹਿਬੂਬਾ ਨੂੰ ਭਾਰੀ ਸਫਲਤਾ ਦਿਵਾਈ।
ਮਹਿਬੂਬਾ ਦੇ ਵਿਚਾਰਾਂ ਨਾਲ ਬਿਲਕੁਲ ਮੇਲ ਖਾਂਦੇ ਵਿਚਾਰ ਹੀ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ''ਹਿਨਾ ਰੱਬਾਨੀ ਖਾਰ'' ਨੇ ਵੀ ਪ੍ਰਗਟਾਉਂਦਿਆਂ ਕਿਹਾ ਹੈ ਕਿ ''''ਪਾਕਿਸਤਾਨ ਕਸ਼ਮੀਰ ਨੂੰ ਜੰਗ ਦੇ ਜ਼ਰੀਏ ਭਾਰਤ ਤੋਂ ਨਹੀਂ ਲੈ ਸਕਦਾ ਅਤੇ ਇਹ ਸਮੱਸਿਆ ਸਿਰਫ ਆਪਸੀ ਭਰੋਸਾ ਕਾਇਮ ਕਰਕੇ ਹੀ ਸੁਲਝਾਈ ਜਾ ਸਕਦੀ ਹੈ।'''' ਹਿਨਾ ਦਾ ਇਹ ਬਿਆਨ ਇਕ ਤਰ੍ਹਾਂ ਨਾਲ ਕਸ਼ਮੀਰ ਵਾਦੀ ''ਚ ਸਰਗਰਮ ਵੱਖਵਾਦੀਆਂ ਲਈ ਵੀ ਇਕ ਸੰਦੇਸ਼ ਹੈ।
ਬੇਸ਼ੱਕ ਨੈਸ਼ਨਲ ਕਾਨਫਰੰਸ ਦੇ ਬੁਲਾਰੇ ਨੇ ਮਹਿਬੂਬਾ ਦੀ ਵਿਚਾਰਧਾਰਾ ''ਚ ਹਾਂ-ਪੱਖੀ ਤਬਦੀਲੀ ''ਤੇ ਨਾਂਹ-ਪੱਖੀ ਟਿੱਪਣੀ ਕੀਤੀ ਹੈ ਪਰ ਕਸ਼ਮੀਰ ਦੇ ਹਿੱਤਚਿੰਤਕ ਅਤੇ ਕਸ਼ਮੀਰ ਨੂੰ ਮੁੜ ਧਰਤੀ ਦੇ ਸਵਰਗ ਵਜੋਂ ਦੇਖਣ ਦੀ ਇੱਛਾ ਰੱਖਣ ਵਾਲੇ ਲੋਕ ਮਹਿਬੂਬਾ ਮੁਫਤੀ ਦੇ ਸਟੈਂਡ ''ਚ ਆਈ ਹਾਂ-ਪੱਖੀ ਤਬਦੀਲੀ ਤੋਂ ਖੁਸ਼ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮਹਿਬੂਬਾ ਮੁਫਤੀ ਦੀ ਵਿਚਾਰਧਾਰਾ ''ਚ ਇਹੋ ਹਾਂ-ਪੱਖੀ ਨਜ਼ਰੀਆ ਜਾਰੀ ਰਹਿਣ ਨਾਲ ਨਾ ਸਿਰਫ ਜੰਮੂ-ਕਸ਼ਮੀਰ ਦੇ ਲੋਕਾਂ ''ਚ ਅੱਤਵਾਦ ਅਤੇ ਅੱਤਵਾਦੀਆਂ ਵਿਰੁੱਧ ਸੰਦੇਸ਼ ਜਾਵੇਗਾ ਸਗੋਂ ਅੱਤਵਾਦ ਤੋਂ ਪੀੜਤ ਉਸ ਸੂਬੇ ''ਚ ਧਰਮ ਨਿਰਪੱਖਤਾ, ਉਦਾਰਵਾਦ, ਹਾਂ-ਪੱਖੀ ਤੇ ਵਿਕਾਸ-ਪੱਖੀ ਸਿਆਸਤ ਨੂੰ ਹੱਲਾਸ਼ੇਰੀ ਮਿਲੇਗੀ, ਜਿਥੇ ਅੱਤਵਾਦ ਕਾਰਨ ਛਾਪੇਮਾਰੀ ਅਤੇ ਕਰਾਸ ਫਾਇਰਿੰਗ ਦੀ ਲਪੇਟ ''ਚ ਆਉਣ ਨਾਲ ਵੱਡੀ ਗਿਣਤੀ ''ਚ ਆਮ ਲੋਕਾਂ ਤੋਂ ਇਲਾਵਾ ਕਸ਼ਮੀਰੀ ਪੁਲਸ ਮੁਲਾਜ਼ਮ ਤੇ ਸੁਰੱਖਿਆ ਬਲਾਂ ਦੇ ਜਵਾਨ ਮਾਰੇ ਜਾ ਰਹੇ ਹਨ ਅਤੇ ਸੂਬੇ ਦਾ ਸੈਰ-ਸਪਾਟਾ ਤੇ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ।                                                
—ਵਿਜੇ ਕੁਮਾਰ


author

Vijay Kumar Chopra

Chief Editor

Related News