ਪੋਪ ਫਰਾਂਸਿਸ ਵੱਲੋਂ ਇਸਾਈ ਭਾਈਚਾਰੇ ਨੂੰ ਪੋਰਨ ਨਾ ਦੇਖਣ ਦੀ ਸਹੀ ਸਲਾਹ
Saturday, Oct 29, 2022 - 03:33 AM (IST)
19 ਮਾਰਚ, 2013 ਨੂੰ ਵੈਟੀਕਨ ਦੇ ਨਵੇਂ ਬਣੇ ਪੋਪ ਫਰਾਂਸਿਸ ਨੇ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਦੇ ਭਾਸ਼ਣ ’ਚ ਵੈਟੀਕਨ ’ਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਦੂਰ ਕਰਨ ਦੇ ਲਈ ਇਸ ’ਚ ਕ੍ਰਾਂਤੀਕਾਰੀ ਸੁਧਾਰਾਂ ਦੇ ਸੰਕੇਤ ਦੇ ਦਿੱਤੇ ਸਨ। ਪੋਪ ਫਰਾਂਸਿਸ ਦੀ ਵੈਟੀਕਨ ਦੇ ਕੰਮਕਾਜ ’ਚ ਸੁਧਾਰ ਦੀ ਮੁਹਿੰਮ ਲਗਾਤਾਰ ਜਾਰੀ ਹੈ, ਜਿਸ ’ਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦੇਣ ਤੇ ਉਨ੍ਹਾਂ ਨੂੰ ਮਹੱਤਵਪੂਰਨ ਅਹੁਦਿਆਂ ’ਤੇ ਨਿਯੁਕਤ ਕਰਨ, ਸੈਕਸ ਸ਼ੋਸ਼ਣ ਰੋਕਣ ਆਦਿ ਦੀ ਦਿਸ਼ਾ ’ਚ ਕਦਮ ਚੁੱਕੇ ਜਾ ਰਹੇ ਹਨ।
* 11 ਜਨਵਰੀ, 2021 ਨੂੰ ਔਰਤਾਂ ਨੂੰ ਕੈਥੋਲਿਕ ਚਰਚ ’ਚ ਬਰਾਬਰੀ ਦਾ ਦਰਜਾ ਅਤੇ ਉਨ੍ਹਾਂ ਨੂੰ ਚਰਚ ਦੀ ਪ੍ਰਾਰਥਨਾ ਕਰਵਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਅਧਿਕਾਰ ਦੇਣ ਦਾ ਫੈਸਲਾ ਲਿਆ ਗਿਆ ਅਤੇ ਪੋਪ ਨੇ ਕਿਹਾ ਕਿ ਪ੍ਰਾਰਥਨਾ ਪ੍ਰਕਿਰਿਆ ’ਚ ਸ਼ਾਮਲ ਔਰਤਾਂ ਕਿਸੇ ਦਿਨ ਪਾਦਰੀ ਦਾ ਦਰਜਾ ਵੀ ਪ੍ਰਾਪਤ ਕਰਨਗੀਆਂ।
* 1 ਜੂਨ, 2021 ਨੂੰ ਉਨ੍ਹਾਂ ਨੇ 40 ਸਾਲ ਬਾਅਦ ਕੈਥੋਲਿਕ ਚਰਚ ਦੇ ਕਾਨੂੰਨਾਂ ’ਚ ਸੋਧ ਕਰਦੇ ਹੋਏ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ ਸਖਤ ਸਜ਼ਾ ਦੇ ਨਿਯਮ ਬਣਾਏ। ਇਸ ਦੇ ਅਧੀਨ ਹੁਣ ਆਪਣੇ ਅਹੁਦੇ ਅਤੇ ਰੁਤਬੇ ਦੀ ਦੁਰਵਰਤੋਂ ਕਰਨ ਵਾਲੇ ਪਾਦਰੀਆਂ ਆਦਿ ਨੂੰ ਬੱਚਿਆਂ ਤੇ ਬਾਲਗਾਂ ਦੇ ਸੈਕਸ ਸ਼ੋਸ਼ਣ ਦੇ ਲਈ ਸਖਤ ਸਜ਼ਾ ਦਿੱਤੀ ਜਾਵੇਗੀ।
ਸੋਧੇ ਕਾਨੂੰਨ ’ਚ ਬਿਸ਼ਪ ਅਤੇ ਹੋਰ ਇਸਾਈ ਧਰਮ ਗੁਰੂਆਂ ਨੂੰ ਪ੍ਰਾਪਤ ਉਸ ਵਿਸ਼ੇਸ਼ ਅਧਿਕਾਰ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ, ਜਿਸ ਦੀ ਦੁਰਵਰਤੋਂ ਕਰ ਕੇ ਉਹ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਸਨ।
ਹੁਣ ਬਿਸ਼ਪ ਨੂੰ ਦੋਸ਼ੀ ਪਾਦਰੀਆਂ ਵਿਰੁੱਧ ਸਹੀ ਜਾਂਚ ਨਾ ਕਰਨ ਜਾਂ ਉਨ੍ਹਾਂ ਦੇ ਵਿਰੁੱਧ ਮੁਕੱਦਮੇ ਦੀ ਇਜਾਜ਼ਤ ਨਾ ਦੇਣ ਦੇ ਲਈ ਦੋਸ਼ੀ ਠਹਿਰਾਇਆ ਜਾਵੇਗਾ। ਇਸ ਦੇ ਅਧੀਨ ਬਿਸ਼ਪ ਨੂੰ ਲਾਪ੍ਰਵਾਹੀ ਵਰਤਣ, ਸੈਕਸ ਅਪਰਾਧਾਂ ਬਾਰੇ ਚਰਚ ਦੇ ਅਧਿਕਾਰੀਆਂ ਨੂੰ ਸੂਚਨਾ ਨਾ ਦੇਣ ਜਾਂ ਉਸ ’ਚ ਸ਼ਾਮਲ ਪਾਏ ਜਾਣ ’ਤੇ ਅਹੁਦੇ ਤੋਂ ਹਟਾਇਆ ਜਾ ਸਕੇਗਾ।
ਵੈਟੀਕਨ ਦੇ ਗਿਰਜਾਘਰਾਂ ਨੂੰ ਸੰਚਾਲਿਤ ਕਰਨ ਵਾਲੇ ਕਾਨੂੰਨਾਂ ’ਚ ਸੋਧ 14 ਸਾਲਾਂ ਤੋਂ ਵਿਚਾਰ ਅਧੀਨ ਸੀ ਅਤੇ ਪੋਪ ਫਰਾਂਸਿਸ ਵੱਲੋਂ ਜਾਰੀ ਉਕਤ ਹੁਕਮਾਂ ਨੂੰ ਬੀਤੇ 40 ਸਾਲਾਂ ’ਚ ਪਾਦਰੀਆਂ ਵੱਲੋਂ ਸੈਕਸ ਸ਼ੋਸ਼ਣ ਨੂੰ ਰੋਕਣ ਲਈ ਚੁੱਕਿਆ ਗਿਆ ਸਭ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਕਾਨੂੰਨ ਰਾਹੀਂ ਇਹ ਵੀ ਪ੍ਰਵਾਨ ਕਰ ਲਿਆ ਗਿਆ ਹੈ ਕਿ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ‘ਸੰਤ’ ਬਾਲਗਾਂ ਦਾ ਵੀ ਸ਼ੋਸ਼ਣ ਕਰ ਸਕਦੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਵੈਟੀਕਨ ਨੇ ਬੱਚਿਆਂ ਨੂੰ ਪੋਰਨੋਗ੍ਰਾਫੀ ’ਚ ਧੱਕਣ ਅਤੇ ਸੈਕਸ ਸ਼ੋਸ਼ਣ ਕਰਨ ਵਾਲਿਆਂ ਨੂੰ ਅਧਿਕਾਰਤ ਤੌਰ ’ਤੇ ਅਪਰਾਧੀ ਮੰਨਿਆ ਹੈ।
* 13 ਜੁਲਾਈ, 2022 ਨੂੰ ਵੈਟੀਕਨ ਨੇ ਪੋਪ ਵੱਲੋਂ ਕੁਝ ਸਮਾਂ ਪਹਿਲਾਂ ਲਏ ਗਏ ਇਕ ਫੈਸਲੇ ਨੂੰ ਜਨਤਕ ਕਰਦੇ ਹੋਏ ਕਿਹਾ ਹੈ ਕਿ ਵੈਟੀਕਨ ’ਚ ਉੱਚ ਪੱਧਰ ’ਤੇ ਔਰਤਾਂ ਦੀ ਭਾਈਵਾਲੀ ਵਧਾਉਣ ਦੀ ਇੱਛਾ ਦੇ ਅਧੀਨ ਪੋਪ ਨੇ ਵਿਸ਼ਵ ਭਰ ’ਚ ਵੈਟੀਕਨ ਦੇ 5300 ਬਿਸ਼ਪਾਂ (ਧਰਮ ਮੁਖੀਆਂ) ਦੀ ਚੋਣ ਲਈ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਕਮੇਟੀ ’ਚ ਪਹਿਲੀ ਵਾਰ 3 ਔਰਤਾਂ ਨੂੰ ਨਿਯੁਕਤ ਕੀਤਾ ਹੈ। ਇਸ ਕਮੇਟੀ ’ਚ ਪਹਿਲਾਂ ਸਿਰਫ ਮਰਦ ਹੀ ਹੁੰਦੇ ਸਨ।
ਪੋਪ ਨੇ ਕਿਹਾ ਕਿ ਉਹ ‘ਹੋਲੀ ਸੀ’ (ਵੈਟੀਕਨ) ’ਚ ਵੱਧ ਔਰਤਾਂ ਨੂੰ ਉੱਚ ਪੱਧਰੀ ਭੂਮਿਕਾਵਾਂ ’ਚ ਦੇਖਣਾ ਚਾਹੁੰਦੇ ਹਨ। ਗੈਰ-ਰਸਮੀ ਤੌਰ ’ਤੇ ਐਲਾਨੇ ਇਹ ਪਰਿਵਰਤਨ ਬੜੇ ਹੀ ਮਹੱਤਵਪੂਰਨ ਹਨ ਕਿਉਂਕਿ ਇਹ ਔਰਤਾਂ ਨੂੰ ਵਿਸ਼ਵ ਦੇ ਬਿਸ਼ਪਾਂ ਦੀ ਚੋਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਰਸਤਾ ਖੋਲ੍ਹ ਦੇਵੇਗਾ।
* ਅਤੇ ਹੁਣ 26 ਅਕਤੂਬਰ ਨੂੰ ਪੋਪ ਫਰਾਂਸਿਸ ਨੇ ਇਕ ਸਨਸਨੀਖੇਜ਼ ਸੱਚਾਈ ਵਿਸ਼ਵ ਦੇ ਸਾਹਮਣੇ ਰੱਖਦੇ ਹੋਏ ਮੰਨਿਆ ਕਿ ਪੋਰਨੋਗ੍ਰਾਫੀ ਦਾ ਪ੍ਰਭਾਵ ਇੰਨਾ ਵਧ ਗਿਆ ਹੈ ਕਿ ਕਈ ਪਾਦਰੀ ਅਤੇ ਨਨ ਵੀ ਇਸ ਤੋਂ ਨਹੀਂ ਬਚੇ ਹਨ ਅਤੇ ਉਹ ਵੀ ਪੋਰਨ ਦੇਖਦੇ ਹਨ। ਨਾਲ ਹੀ, ਉਨ੍ਹਾਂ ਨੇ ਧਾਰਮਿਕ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਤੋਂ ਬਚਣ ਦੀ ਚਿਤਾਵਨੀ ਦਿੰਦੇ ਹੋਏ ਇਸ ਨੂੰ ਇਸਾਈਅਤ ਦੇ ਵਿਰੁੱਧ ਦੱਸਿਆ।
ਵੈਟੀਕਨ ਸਿਟੀ ’ਚ ਆਯੋਜਿਤ ਇਕ ਪ੍ਰੋਗਰਾਮ ’ਚ 86 ਸਾਲਾ ਪੋਪ ਨੇ ਕਿਹਾ ਕਿ ‘‘ਪੋਰਨੋਗ੍ਰਾਫੀ ਇਕ ਬੀਮਾਰੀ ਦੇ ਵਾਂਗ ਹੈ ਜਿਸ ਨੇ ਪਾਦਰੀਆਂ ਅਤੇ ਨਨਾਂ ਨੂੰ ਵੀ ਆਪਣੀ ਲਪੇਟ ’ਚ ਲਿਆ ਹੋਇਆ ਹੈ। ਸਾਡੇ ਜੀਵਨ ’ਚ ਸ਼ੈਤਾਨ ਹੁਣ ਇਸ ਮਾਧਿਅਮ ਰਾਹੀਂ ਪ੍ਰਵੇਸ਼ ਕਰ ਰਿਹਾ ਹੈ।’’
ਪੋਪ ਨੇ ਕਿਹਾ ਕਿ ‘‘ਜੋ ਜੀਸਸ ਦੀ ਪਨਾਹ ’ਚ ਹੋਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਪੋਰਨ ਨਹੀਂ ਦੇਖਣਾ ਚਾਹੀਦਾ। ਤੁਹਾਨੂੰ ਇਸ ਨੂੰ ਆਪਣੇ ਫੋਨ ਤੋਂ ਬਾਹਰ ਕਰਨਾ ਹੋਵੇਗਾ ਤਾਂ ਕਿ ਤੁਸੀਂ ਲਾਲਚ ’ਚ ਨਾ ਫਸੋ।’’
ਅਤੀਤ ਦੇ ਫੈਸਲਿਆਂ ਅਤੇ ਟਿੱਪਣੀਆਂ ਦੇ ਵਾਂਗ ਹੀ ਪੋਪ ਦੀ ਉਕਤ ਟਿੱਪਣੀ ਸਿਰਫ ਇਸਾਈ ਭਾਈਚਾਰੇ ਦੇ ਲਈ ਹੀ ਨਹੀਂ ਸਗੋਂ ਸਮੁੱਚੇ ਸੱਭਿਅਕ ਸਮਾਜ ’ਤੇ ਲਾਗੂ ਹੁੰਦੀ ਹੈ, ਜਿਸ ਨੂੰ ਅਪਣਾਉਣ ਨਾਲ ਜ਼ਿੰਦਗੀ ’ਚ ਸੁੱਚਿਤਾ ਆਵੇਗੀ ਅਤੇ ਇਸ ਬੁਰਾਈ ਨੂੰ ਖਤਮ ਕਰਨ ’ਚ ਕੁਝ ਸਹਾਇਤਾ ਵੀ ਮਿਲ ਸਕੇਗੀ।
-ਵਿਜੇ ਕੁਮਾਰ