ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੀ ‘ਪੂਜਾ ਸ਼ਰਮਾ’
Saturday, Feb 10, 2024 - 04:08 PM (IST)
ਧਾਰਮਿਕ ਮਾਨਤਾਵਾਂ ਅਨੁਸਾਰ ਵਿਧੀ-ਵਿਧਾਨਪੂਰਵਕ ਅੰਤਿਮ ਸੰਸਕਾਰ ਬਿਨਾਂ ਕਿਸੇ ਮ੍ਰਿਤਕ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਕਈ ਮ੍ਰਿਤਕਾਂ ਨੂੰ ਆਪਣੇ ਰਿਸ਼ਤੇਦਾਰਾਂ ਹੱਥੋਂ ਅੰਤਿਮ ਸੰਸਕਾਰ ਨਸੀਬ ਨਹੀਂ ਹੁੰਦਾ। ਇਨ੍ਹਾਂ ’ਚ ਹਾਦਸਿਆਂ ’ਚ ਅਤੇ ਹਸਪਤਾਲਾਂ ਆਦਿ ’ਚ ਮਰਨ ਵਾਲੇ ਲੋਕ ਸ਼ਾਮਲ ਹਨ।
ਅਜਿਹੇ ਹੀ ਲੋਕਾਂ ਦੇ ਅੰਤਿਮ ਸੰਸਕਾਰ ਲਈ ਚੰਦ ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਨਿੱਜੀ ਪੱਧਰ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਇਕ ਹੈ ਫਰੀਦਾਬਾਦ ਦੀ 26 ਸਾਲਾ ‘ਪੂਜਾ ਸ਼ਰਮਾ’, ਜੋ 13 ਮਾਰਚ, 2022 ਨੂੰ ਕਿਸੇ ਵਿਅਕਤੀ ਵੱਲੋਂ ਇਨ੍ਹਾਂ ਦੇ ਭਰਾ ਦੀ ਹੱਤਿਆ ਕੀਤੇ ਜਾਣ ਪਿੱਛੋਂ ਤੋਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੀ ਆ ਰਹੀ ਹੈ।
ਹੁਣ ਤੱਕ ਦਿੱਲੀ-ਐੱਨ.ਸੀ.ਆਰ. ’ਚ ਲਗਭਗ 4000 ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੀ ‘ਪੂਜਾ ਸ਼ਰਮਾ’ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਦੀ ਹੱਤਿਆ ਦੇ ਸਦਮੇ ਨੂੰ ਸਹਿਣ ਨਾ ਕਰ ਸਕਣ ਕਾਰਨ ਉਨ੍ਹਾਂ ਦੇ ਪਿਤਾ ਕੋਮਾ ’ਚ ਚਲੇ ਗਏ।
ਉਹ ਲੋਕਾਂ ਨੂੰ ਭਰਾ ਦਾ ਅੰਤਿਮ ਸੰਸਕਾਰ ਕਰਨ ’ਚ ਸਹਾਇਤਾ ਲਈ ਪੁਕਾਰਦੀ ਰਹੀ ਪਰ ਜਦ ਰਿਸ਼ਤੇਦਾਰਾਂ ਅਤੇ ਆਸਪਾਸ ਦੇ ਲੋਕਾਂ ’ਚੋਂ ਕੋਈ ਅੱਗੇ ਨਾ ਆਇਆ ਤਾਂ ਉਨ੍ਹਾਂ ਨੇ ਖੁਦ ਸ਼ਮਸ਼ਾਨਘਾਟ ’ਚ ਆਪਣੇ ਭਰਾ ਦਾ ਅੰਤਿਮ ਸੰਸਕਾਰ ਕੀਤਾ ਅਤੇ ਤਦ ਤੋਂ ਹਸਪਤਾਲਾਂ ’ਚ ਲਾਵਾਰਿਸ ਪਈਆਂ ਲਾਸ਼ਾਂ ਦਾ ਸਨਮਾਨਪੂਰਵਕ ਅੰਤਿਮ ਸੰਸਕਾਰ ਕਰਨ ਦਾ ਪ੍ਰਣ ਕੀਤਾ ਹੈ।
‘ਪੂਜਾ ਸ਼ਰਮਾ’ ਅੰਤਿਮ ਸੰਸਕਾਰ ’ਤੇ ਆਉਣ ਵਾਲਾ ਲਗਭਗ 1000 ਤੋਂ 1200 ਰੁਪਏ ਦਾ ਖਰਚ ਵੀ ਖੁਦ ਉਠਾਉਂਦੀ ਹੈ ਅਤੇ ਮ੍ਰਿਤਕਾਂ ਦੀਆਂ ਅਸਥੀਆਂ ਗੰਗਾ ’ਚ ਜਲ-ਪ੍ਰਵਾਹ ਕਰਨ ਲਈ ਮਹੀਨੇ ਦੀ ਹਰੇਕ ਮੱਸਿਆ ਨੂੰ ਹਰਿਦੁਆਰ ਜਾਂਦੀ ਹੈ।
‘ਪੂਜਾ ਸ਼ਰਮਾ’ ਨੇ ਆਪਣੇ ਭਰਾ ਦੀ ਹੱਤਿਆ ਤੋਂ ਪੈਦਾ ਦਰਦ ਨੂੰ ਬਦਲੇ ’ਚ ਬਦਲਣ ਦੀ ਥਾਂ ਸਮਾਜ ਸੇਵਾ ਵੱਲ ਮੋੜ ਕੇ ਇਕ ਮਿਸਾਲ ਪੇਸ਼ ਕੀਤੀ ਹੈ, ਜੋ ਯਕੀਨਨ ਹੀ ਸ਼ਲਾਘਾਯੋਗ ਹੈ।
- ਵਿਜੇ ਕੁਮਾਰ