ਪੁਲਸ ਕਰਮਚਾਰੀ ‘ਮੋਟਾਪਾ ਘਟਾਓ ਜਾਂ ਰਿਟਾਇਰਮੈਂਟ ਲਓ’: ਅਸਾਮ ਸਰਕਾਰ ਦਾ ਅਲਟੀਮੇਟਮ
Thursday, May 18, 2023 - 04:38 AM (IST)
ਮੋਟਾਪੇ ਕਾਰਨ ਲੋਕਾਂ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਦੌੜਣਾ-ਭੱਜਣਾ ਤਾਂ ਦੂਰ ਅਜਿਹੇ ਲੋਕਾਂ ਲਈ ਤੇਜ਼ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਦਕਿ ਪੁਲਸ ਕਰਮਚਾਰੀਆਂ ਕੋਲੋਂ ਪੂਰੀ ਚੁਸਤੀ-ਫੁਰਤੀ ਦੀ ਉਮੀਦ ਕੀਤੀ ਜਾਂਦੀ ਹੈ।
ਇਸੇ ਨੂੰ ਦੇਖਦੇ ਹੋਏ ਕੁਝ ਸੂਬਿਆਂ ਦੇ ਪੁਲਸ ਪ੍ਰਸ਼ਾਸਨ ਨੇ ਆਪਣੇ ਕਰਮਚਾਰੀਆਂ ਨੂੰ ਸਰੀਰਕ ਤੌਰ ’ਤੇ ਸਿਹਤਮੰਦ ਅਤੇ ਪਤਲਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸੇ ਤਹਿਤ ਅਸਾਮ ਪੁਲਸ ਨੇ ਭਾਰ ਘੱਟ ਨਾ ਕਰਨ ਵਾਲੇ ਆਪਣੇ ਮੋਟੇ ਕਰਮਚਾਰੀਆਂ ਨੂੰ ਸਵੈ-ਇੱਛੁਕ ਸੇਵਾਮੁਕਤੀ (ਵੀ. ਆਰ. ਐੱਸ) ਲੈਣ ਲਈ ਕਿਹਾ ਹੈ।
ਪੁਲਸ ਜਨਰਲ ਡਾਇਰੈਕਟਰ ਗਿਆਨੇਂਦਰ ਪ੍ਰਤਾਪ ਸਿੰਘ ਨੇ ਵੱਧ ਭਾਰ ਵਾਲੇ ਪੁਲਸ ਕਰਮਚਾਰੀਆਂ ਨੂੰ ਨਵੰਬਰ ਦੇ ਅਖੀਰ ਤੱਕ ਆਪਣਾ ਭਾਰ ਘਟਾਉਣ ਜਾਂ ਫਿਰ ਸਵੈ-ਇੱਛੁਕ ਸੇਵਾਮੁਕਤੀ ’ਚੋਂ ਇਕ ਬਦਲ ਨੂੰ ਚੁਣਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ 15 ਅਗਸਤ ਤੋਂ ਅਧਿਕਾਰੀਆਂ ਸਮੇਤ ਅਸਾਮ ਪੁਲਸ ਦੇ ਸਾਰੇ ਕਰਮਚਾਰੀਆਂ ਨੂੰ 3 ਮਹੀਨੇ ਦਾ ਸਮਾਂ ਦੇਵਾਂਗਾ ਤੇ ਅਗਲੇ 15 ਦਿਨਾਂ ’ਚ ਉਨ੍ਹਾਂ ਦੇ ਬੀ. ਐੱਮ. ਆਈ. (ਬਾਡੀ ਮਾਸ ਇੰਡੈਕਸ) ਦਾ ਮੁਲਾਂਕਣ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਵੀ ਉਨ੍ਹਾਂ ਦਾ ਭਾਰ ਘੱਟ ਨਾ ਹੋਣ ’ਤੇ (ਥਾਇਰਾਈਡ ਵਰਗੀ ਸਮੱਸਿਆ ਤੋਂ ਪੀੜਤ ਕਰਮਚਾਰੀਆਂ ਨੂੰ ਛੱਡ ਕੇ) ਹੋਰ ਪੁਲਸ ਕਰਮਚਾਰੀਆਂ ਨੂੰ ਸਵੈ-ਇੱਛੁਕ ਸੇਵਾਮੁਕਤੀ ਦਾ ਬਦਲ ਦਿੱਤਾ ਜਾਵੇਗਾ।
ਪੁਲਸ ਫੋਰਸਾਂ ’ਚ ਕਰਮਚਾਰੀਆਂ ਦੀ ਚੁਸਤੀ ਅਤੇ ਚੌਕਸੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਮੋਟਾਪੇ ਤੋਂ ਮੁਕਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਸਾਰੇ ਸੂਬਿਆਂ ਦੇ ਪੁਲਸ ਪ੍ਰਸ਼ਾਸਨਾਂ ਨੂੰ ਉਕਤ ਕਦਮ ਚੁੱਕਣੇ ਚਾਹੀਦੇ ਹਨ।
- ਵਿਜੇ ਕੁਮਾਰ