ਪੁਲਸ ਕਰਮਚਾਰੀਆਂ ''ਚ ਦਿਨੋ-ਦਿਨ ਵਧ ਰਹੀ ''ਅਨੁਸ਼ਾਸਨਹੀਣਤਾ ਅਤੇ ਮਨਮਰਜ਼ੀਆਂ''

02/22/2020 12:56:49 AM

ਹਾਲਾਂਕਿ ਪੁਲਸ ਵਿਭਾਗ 'ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਹੋਣ ਅਤੇ ਫਰਜ਼ ਪਾਲਣਾ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ 'ਚ ਅਨੇਕ ਪੁਲਸ ਕਰਮਚਾਰੀ ਆਪਣੇ ਆਦਰਸ਼ਾਂ ਤੋਂ ਭਟਕ ਕੇ ਨਸ਼ਿਆਂ ਦੀ ਸਮੱਗਲਿੰਗ, ਲੁੱਟਮਾਰ, ਬਲਾਤਕਾਰ ਅਤੇ ਰਿਸ਼ਵਤਖੋਰੀ ਵਰਗੇ ਅਪਰਾਧਾਂ ਵਿਚ ਸ਼ਾਮਲ ਪਾਏ ਜਾ ਰਹੇ ਹਨ। ਇਹ ਰੋਗ ਕਿੰੰਨਾ ਗੰਭੀਰ ਹੋ ਚੁੱਕਾ ਹੈ, ਇਹ ਪਿਛਲੇ 45 ਦਿਨਾਂ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 08 ਜਨਵਰੀ ਨੂੰ ਨਵੀਂ ਦਿੱਲੀ 'ਚ ਇਕ ਏ. ਐੱਸ. ਆਈ. ਨੂੰ ਇਕ ਸਫਾਈ ਕਰਮਚਾਰੀ ਦੀ ਲਿਪਸਟਿਕ 'ਤੇ ਕੁਮੈਂਟ ਕਰਨ 'ਤੇ ਮੁਅੱਤਲ ਕੀਤਾ ਗਿਆ। ਉਸ ਨੂੰ ਦੋਵੇਂ ਹੱਥ ਜੋੜ ਕੇ ਅਤੇ ਮਹਿਲਾ ਦੇ ਪੈਰਾਂ ਵਿਚ ਡਿੱਗ ਕੇ ਮੁਆਫੀ ਵੀ ਮੰਗਣੀ ਪਈ।

* 12 ਜਨਵਰੀ ਨੂੰ ਮੁੰਬਈ 'ਚ ਕਾਂਸਟੇਬਲ ਅਮਿਤ ਸਿੰਘ ਨੂੰ ਇਕ ਟੈਕਸੀ ਡਰਾਈਵਰ ਦੇ ਯੌਨ ਸ਼ੋਸ਼ਣ ਅਤੇ ਉਸ ਤੋਂ 2850 ਰੁਪਏ ਲੁੱਟਣ ਦੇ ਦੋਸ਼ ਵਿਚ ਫੜਿਆ ਗਿਆ।

* 18 ਜਨਵਰੀ ਨੂੰ ਮੁੰਬਈ ਦੇ ਧਾਰਾਵੀ ਵਿਚ 3 ਕਾਂਸਟੇਬਲ ਸ਼ਿਕਾਇਤਕਰਤਾ ਤੋਂ 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਦਬੋਚੇ ਗਏ।

* 21 ਜਨਵਰੀ ਨੂੰ ਵਾਇਰਲ ਹੋਏ ਵੀਡੀਓ ਵਿਚ ਨੋਇਡਾ ਦੇ 'ਗੇਜਾ' ਪਿੰਡ ਵਿਚ ਇਕ ਪੁਲਸ ਕਰਮਚਾਰੀ ਦੁੱਧ ਦੇ ਪੈਕੇਟ ਚੋਰੀ ਕਰਦਾ ਦਿਖਾਈ ਦਿੱਤਾ।

* 31 ਜਨਵਰੀ ਨੂੰ ਉੱਤਰ ਪ੍ਰਦੇਸ਼ ਦੀ ਭਦੋਹੀ ਕੋਤਵਾਲੀ ਵਿਚ ਫਰਿਆਦ ਲੈ ਕੇ ਪਹੁੰਚੇ ਵਿਦਿਆਰਥੀ ਦੀ ਹੈੱਡ ਮੁਹੱਰਿਰ ਅਖਿਲੇਸ਼ ਸਿੰਘ ਨੇ ਸਿਰਫ ਇਸ ਲਈ ਕੁੱਟਮਾਰ ਕਰ ਦਿੱਤੀ ਕਿਉਂਕਿ ਉਹ ਆਪਣੀ ਸ਼ਿਕਾਇਤ ਦੀ ਰਿਸੀਵਿੰਗ ਮੰਗ ਰਿਹਾ ਸੀ।

* 06 ਫਰਵਰੀ ਨੂੰ ਪੀਲੀਭੀਤ ਦੇ ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਇਕ ਇੰਜੀਨੀਅਰ ਦੀ ਪਤਨੀ ਨੇ ਉਸੇ ਦੀ ਕਾਲੋਨੀ ਵਿਚ ਕਿਰਾਏ 'ਤੇ ਰਹਿਣ ਵਾਲੇ 6 ਸਿਪਾਹੀਆਂ 'ਤੇ ਉਸ ਦੇ ਨਾਲ ਛੇੜਛਾੜ ਅਤੇ ਅਭੱਦਰਤਾ ਕਰਨ, ਉਸ ਨੂੰ ਫੜਨ ਦੀ ਕੋਸ਼ਿਸ਼ ਕਰਨ ਅਤੇ ਵਿਰੋਧ ਕਰਨ 'ਤੇ ਵਰਦੀ ਦਾ ਰੋਅਬ ਝਾੜਦੇ ਹੋਏ ਉਸ ਨੂੰ ਧਮਕਾਉਣ ਦਾ ਦੋਸ਼ ਲਾਇਆ।

* 12 ਫਰਵਰੀ ਨੂੰ ਮੱਧ ਪ੍ਰਦੇਸ਼ ਵਿਚ ਧਾਰ 'ਚ ਇੰਸਪੈਕਟਰ ਐੱਨ. ਕੇ. ਸੂਰਿਆਵੰਸ਼ੀ ਨੂੰ ਇਕ ਮਹਿਲਾ ਨੂੰ ਬੰਦੀ ਬਣਾ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਫੜਿਆ ਗਿਆ।

* 12 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਚੰਦੌਲੀ 'ਚ ਰਾਜਘਾਟ ਪੁਲ 'ਤੇ ਸਿਪਾਹੀ ਰਾਹੁਲ ਸਿੰਘ ਨੇ ਇਕ ਵਪਾਰੀ ਨੂੰ ਪਿਸਤੌਲ ਲੈ ਕੇ ਸ਼ਰੇਆਮ ਦੌੜਾਇਆ ਅਤੇ ਧਮਕਾਇਆ।

* 13 ਫਰਵਰੀ ਨੂੰ ਫੌਜ ਨੇ ਇਕ ਕਰਨਲ ਵਿਰੁੱਧ ਕੋਰਟ ਆਫ ਇਨਕੁਆਰੀ ਸ਼ੁਰੂ ਕੀਤੀ, ਜਿਸ ਨੂੰ ਇਕ ਕਲੀਨਿਕ ਦੇ ਅੰਦਰ ਇਕ ਨਰਸ ਨਾਲ ਸੈਕਸ ਕਰਦਿਆਂ ਫੜਿਆ ਗਿਆ ਸੀ।

* 13 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ 20 ਸਾਲਾ ਮਹਿਲਾ ਨੇ ਦੋ ਪੁਲਸ ਕਰਮਚਾਰੀਆਂ 'ਤੇ ਉਸ ਨੂੰ ਬੰਧਕ ਬਣਾ ਕੇ ਰੱਖਣ, ਇਕ ਹੋਟਲ ਵਿਚ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਾਇਆ।

* 14 ਫਰਵਰੀ ਨੂੰ ਚੈਕਿੰਗ ਦੌਰਾਨ ਸਪੈਸ਼ਲ ਸਟਾਫ ਨੇ ਜਲਿਆਂਵਾਲਾ ਬਾਗ ਐਕਸਪ੍ਰੈੱਸ 'ਚ ਬਿਨਾਂ ਟਿਕਟ ਯਾਤਰਾ ਕਰਦੇ 18 ਵਿਅਕਤੀ ਫੜੇ, ਜਿਨ੍ਹਾਂ ਨੇ ਕਿਹਾ ਕਿ ਉਹ ਮੁਫਤ ਨਹੀਂ, ਜੀ. ਆਰ. ਪੀ. ਦੇ ਇਕ ਹੋਮਗਾਰਡ ਨੂੰ ਪੈਸੇ ਦੇ ਕੇ ਯਾਤਰਾ ਕਰ ਰਹੇ ਸਨ।

* 14 ਫਰਵਰੀ ਨੂੰ ਵਿਜੀਂਲੈਂਸ ਵਿਭਾਗ ਨੇ ਬਹਿਰਾਮਪੁਰ ਪੁਲਸ ਚੌਕੀ ਦੇ ਇੰਚਾਰਜ ਮੁਖਤਿਆਰ ਸਿੰਘ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਹਰਜਿੰਦਰ ਸਿੰਘ ਨੂੰ 10,000 ਰੁਪਿਆਂ ਦੇ ਨਾਲ ਗ੍ਰਿਫਤਾਰ ਕਰ ਲਿਆ।

* 16 ਫਰਵਰੀ ਨੂੰ ਬਟਾਲਾ 'ਚ ਥਾਣਾ ਸਿਵਲ ਲਾਈਨ ਅਤੇ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਦੇ ਦੋ ਕਰਮਚਾਰੀ 6 ਗ੍ਰਾਮ ਹੈਰੋਇਨ ਸਮੇਤ ਫੜੇ।

* 16 ਫਰਵਰੀ ਨੂੰ ਜੰਮੂ ਦੇ ਨੇੜੇ ਚਿੰਨੌਰ ਪੁਲਸ ਥਾਣੇ ਦਾ ਏ. ਐੱਸ. ਆਈ. ਮੁਹੰਮਦ ਅਮੀਨ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਦਬੋਚਿਆ ਗਿਆ।

* 16 ਫਰਵਰੀ ਨੂੰ ਓਡਿਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਸੜਕ 'ਤੇ ਜਾ ਰਹੀ ਇਕ ਔਰਤ ਨਾਲ ਇਕ ਕਾਂਸਟੇਬਲ ਨੇ ਛੇੜਛਾੜ ਕੀਤੀ, ਜਿਸ 'ਤੇ ਔਰਤ ਨੇ ਕਾਂਸਟੇਬਲ ਨੂੰ ਫੜ ਕੇ ਜੁੱਤੀਆਂ ਨਾਲ ਕੁੱਟਿਆ।

* 18 ਫਰਵਰੀ ਨੂੰ ਬੰਗਾਲ ਦੇ ਮਾਲਦਾ 'ਚ ਇਕ ਪੁਲਸ ਅਧਿਕਾਰੀ ਅਤੇ 3 ਹੋਰ ਲੋਕਾਂ ਨੂੰ 50 ਲੱਖ ਰੁਪਏ ਮੁੱਲ ਦਾ ਸੋਨਾ ਲੁੱਟਣ ਦੇ ਦੋਸ਼ 'ਚ ਫੜਿਆ ਗਿਆ।

* 18 ਫਰਵਰੀ ਨੂੰ ਇਕ ਪੁਲਸ ਸਬ-ਇੰਸਪੈਕਟਰ ਸੰਗਰੂਰ ਜੇਲ ਵਿਚ 20 ਗ੍ਰਾਮ ਹੈਰੋਇਨ ਪਗੜੀ ਵਿਚ ਲੁਕੋ ਕੇ ਸਮੱਗਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ।

* 19 ਫਰਵਰੀ ਨੂੰ ਪੈਸਾ ਲੈ ਕੇ ਛੱਡਣ ਅਤੇ ਸਮੱਗਲਿੰਗ ਵਿਚ ਮਦਦ ਕਰਨ ਵਾਲੇ ਲੁਧਿਆਣਾ ਡਵੀਜ਼ਨ 2 ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਗਿੱਲ ਅਤੇ ਉਸ ਦੇ ਪ੍ਰਾਈਵੇਟ ਡਰਾਈਵਰ ਅਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ ਅਤੇ 6 ਮੋਬਾਇਲ ਫੋਨ ਬਰਾਮਦ ਕੀਤੇ ਗਏ।

* 20 ਫਰਵਰੀ ਨੂੰ ਕਾਨਪੁਰ ਰੇਂਜ ਦੇ ਇੰਸਪੈਕਟਰ ਜਨਰਲ ਨੇ ਰਾਏਪੁਰਵਾ ਪੁਲਸ ਚੌਕੀ ਸਟਾਫ ਵਲੋਂ ਇਕ ਮਹਿਲਾ ਸ਼ਿਕਾਇਤਕਰਤਾ ਨਾਲ ਛੇੜਛਾੜ ਅਤੇ ਦੁਰਵਿਵਹਾਰ ਦੇ ਦੋਸ਼ ਦੀ ਜਾਂਚ ਦਾ ਹੁਕਮ ਦਿੱਤਾ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਅਤੇ ਅਪਰਾਧਿਕ ਸਰਗਰਮੀਆਂ 'ਤੇ ਰੋਕਥਾਮ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ ਕਿਸ ਹੱਦ ਤਕ ਆਪਣੇ ਫਰਜ਼ਾਂ ਤੋਂ ਭਟਕ ਚੁੱਕਾ ਹੈ ਅਤੇ ਖੁਦ ਅਪਰਾਧਾਂ ਵਿਚ ਸ਼ਾਮਲ ਪਾਇਆ ਜਾ ਰਿਹਾ ਹੈ। ਇਹ ਬੁਰਾਈ ਕਿਸੇ ਇਕ ਖੇਤਰ ਤਕ ਸੀਮਤ ਨਾ ਰਹਿ ਕੇ ਰਾਸ਼ਟਰਵਿਆਪੀ ਰੋਗ ਬਣ ਚੁੱਕੀ ਹੈ।
ਲਿਹਾਜ਼ਾ ਅਜਿਹੇ ਪੁਲਸ ਕਰਮਚਾਰੀਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਿਸੱਖਿਆਦਾਇਕ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਸਰੇ ਕਰਮਚਾਰੀਆਂ ਨੂੰ ਨਸੀਹਤ ਮਿਲੇ ਅਤੇ ਆਮ ਪਬਲਿਕ ਨੂੰ ਅਜਿਹੇ ਲੋਕਾਂ ਤੋਂ ਮੁਕਤੀ ਮਿਲੇ।

                                                                                                    —ਵਿਜੇ ਕੁਮਾਰ


KamalJeet Singh

Content Editor

Related News