ਧਰਮ ਅਸਥਾਨਾਂ ਨੂੰ ਫਰਜ਼ੀ ਬਾਬਿਅਾਂ ਦੇ ਚੁੰਗਲ ’ਚੋਂ ਆਜ਼ਾਦ ਕਰਵਾਇਆ ਜਾਵੇ

7/19/2020 3:34:23 AM

ਸੰਤ ਅਤੇ ਮਹਾਤਮਾ ਦੇਸ਼ ਅਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਸੰਤ-ਮਹਾਤਮਾ ਅਤੇ ਬਾਬਾ ਲੋਕ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

ਇਸ ਸਬੰਧ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ ਅਤੇ ਸੰਤ ਜੈਨ ਆਚਾਰੀਆ ਸ਼ਾਂਤੀ ਸਾਗਰ ਆਦਿ ਨੂੰ ਸੈਕਸ ਸ਼ੋਸ਼ਣ ਅਤੇ ਹੋਰ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਸਾਰੇ ਜੇਲ ’ਚ ਹਨ। ਅਜੇ ਵੀ ਇਹ ਸਿਲਸਿਲਾ ਰੁਕਿਆ ਨਹੀਂ ਅਤੇ ਅਜਿਹੀਆਂ ਨਵੀਆਂ ਘਟਨਾਵਾਂ ਹੇਠਾਂ ਦਰਜ ਹਨ :

* 07 ਮਈ ਨੂੰ ਰਾਜਸਥਾਨ ’ਚ ਬਾੜਮੇਰ ਜ਼ਿਲੇ ਦੇ ਧੌਰੀਮੰਨਾ ਇਲਾਕੇ ’ਚ ਇਕ ਔਰਤ ਦਾ ਬਲੱਡ ਪ੍ਰੈਸ਼ਰ ਠੀਕ ਕਰਨ ਦੇ ਬਹਾਨੇ ਚਾਕੂ ਦੀ ਨੋਕ ’ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਢੋਂਗੀ ਬਾਬਾ ਨੂੰ ਗ੍ਰਿਫਤਾਰ ਕੀਤਾ।

* 24 ਜੂਨ ਨੂੰ ਗੁਜਰਾਤ ਦੇ ਅਮਰੇਲੀ ’ਚ ਪੁਲਸ ਨੇ ਇਕ ਆਸ਼ਰਮ ਦੇ 3 ਸਾਧੂਆਂ ਨੂੰ ਇਕ ਔਰਤ ਨਾਲ 7 ਵਾਰ ਜਬਰ-ਜ਼ਨਾਹ ਕਰਨ, ਮਦਦ ਦੇ ਬਹਾਨੇ ਉਸ ਦਾ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 28 ਜੂਨ ਨੂੰ ਗੁਜਰਾਤ ’ਚ ‘ਇਡਰ ਪਾਵਾਪੁਰ ਜਲ ਮੰਦਰ’ ਦੇ ਸਾਧੂਆਂ ਨੇ 76 ਸਾਲਾਂ ਦੇ ਰਾਜਾ ਸਾਹਿਬ ਰਾਜਤਿਲਕ ਸਾਗਰ (ਰਾਜਾ ਮਹਾਰਾਜ) ਅਤੇ 55 ਸਾਲਾ ਕਲਿਆਣ ਸਾਗਰ ਨੂੰ ਜੈਨ ਸਮਾਜ ਦੇ ਟਰੱਸਟੀਆਂ ਦੀ ਸ਼ਿਕਾਇਤ ’ਤੇ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਇਨ੍ਹਾਂ ਦੋਵਾਂ ’ਤੇ ਸੂਰਤ ਦੀ ਇਕ ਔਰਤ ਚੇਲੀ ਨਾਲ ਕਈ ਮਹੀਨੇ ਪਹਿਲਾਂ ਜਬਰ-ਜ਼ਨਾਹ ਕਰਨ ਦਾ ਦੋਸ਼ ਹੈ। ਉਨ੍ਹਾਂ ਤੋਂ ਇਲਾਵਾ ਧਰਮ ਕੀਰਤੀ ਸਾਗਰ ’ਤੇ ਵੀ ਵਿਭਚਾਰ ਦਾ ਦੋਸ਼ ਲੱਗਾ ਹੈ।

* 9 ਜੁਲਾਈ ਨੂੰ ਛੱਤੀਸਗੜ੍ਹ ਦੇ ਰਾਏਪੁਰ ’ਚ ‘ਲਾਰਡ ਬੱੁਧਾ ਫਾਊਂਡੇਸ਼ਨ’ ਦੇ ਨਾਂ ਨਾਲ ਐੱਨ. ਜੀ. ਓ. ਚਲਾਉਣ ਵਾਲੇ ਇਕ ਸਾਧੂ ਨੂੰ ਉਸੇ ਦੀ ਐੱਨ. ਜੀ. ਓ. ’ਚ ਕੰਮ ਕਰਨ ਵਾਲੀ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 17 ਜੁਲਾਈ ਨੂੰ ਗੁਜਰਾਤ ਦੇ ਕੱਛ ਜ਼ਿਲੇ ’ਚ ਇਕ ਮਦਰੱਸਾ ਅਧਿਆਪਕ ‘ਮੌਲਾਨਾ ਸ਼ਮਸਦੀਨ ਹਾਜ਼ੀ ਸੁਲੇਮਾਨ ਜਟ’ ਨੂੰ ਮਦਰੱਸੇ ’ਚ ਹੀ ਪੜ੍ਹਨ ਵਾਲੀ ਇਕ ਵਿਦਿਆਰਥਣ ਨੂੰ ਜਾਨ ਤੋਂ ਮਾਰਨ ਅਤੇ ਉਸ ਦਾ ਵੀਡੀਓ ਲੀਕ ਕਰਨ ਦੀ ਧਮਕੀ ਦੇ ਕੇ 4 ਸਾਲ ਤਕ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਇਹ ਤਾਂ ਧਰਮ ਸਮਾਜ ਨਾਲ ਜੁੜੇ ਲੋਕਾਂ ਵਲੋਂ ਆਸਥਾ ਦੇ ਨਾਂ ’ਤੇ ਔਰਤਾਂ ਦੇ ਸੈਕਸ ਸ਼ੋਸ਼ਣ ਦੀਆਂ ਕੁਝ ਉਦਾਹਰਣਾਂ ਮਾਤਰ ਹਨ, ਜਦਕਿ ਇਸ ਤੋਂ ਇਲਾਵਾ ਵੀ ਇਸ ਤਰ੍ਹਾਂ ਦੇ ਅਪਰਾਧ ਅਖੌਤੀ ਧਰਮ ਗੁਰੂ ਨਾਰੀ ਜਾਤੀ ਦੇ ਵਿਰੁੱਧ ਕਰਦੇ ਆ ਰਹੇ ਹਨ।

ਇਸੇ ਨੂੰ ਦੇਖਦੇ ਹੋਏ ਸੁਪਰੀਮ ਕੋਰਟ ’ਚ ਦਾਇਰ ਇਕ ਲੋਕਹਿੱਤ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਜਿਹੇ ਫਰਜ਼ੀ ਬਾਬਿਆਂ ਵਲੋਂ ਚਲਾਏ ਜਾ ਰਹੇ ਆਸ਼ਰਮਾਂ, ਅਖਾੜਿਆਂ ਅਤੇ ਅਧਿਆਤਮਕ ਕੇਂਦਰਾਂ ’ਚ ਸੈਂਕੜੇ ਔਰਤਾਂ ਫਸੀਆਂ ਹੋਈਆਂ ਹਨ।

ਅਜਿਹੇ ਆਸ਼ਰਮਾਂ ’ਚ ਧਨ-ਦੌਲਤ ਦੀ ਖੇਡ ਅਤੇ ਅਪਰਾਧਿਕ ਸਰਗਰਮੀਆਂ ਦਾ ਵਰਣਨ ਕਰਦੇ ਹੋਏ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਨੂੰ ਅਜਿਹੇ ਆਸ਼ਰਮ ਬੰਦ ਕਰਵਾਉਣ ਦੇ ਹੁਕਮ ਦਿੱਤੇ ਜਾਣ।

ਤੇਲੰਗਾਨਾ ਦੇ ਸਿਕੰਦਰਾਬਾਦ ਨਿਵਾਸੀ ਰਿੱਟਕਰਤਾ ‘ਡੁੰਪਾਲਾ ਰਾਮਾਰੈੱਡੀ’ ਨੇ ‘ਅਖਿਲ ਭਾਰਤੀਅਾ ਅਖਾੜਾ ਪ੍ਰੀਸ਼ਦ’ ਵੱਲੋਂ 17 ਬਾਬਿਆਂ ਨੂੰ ਬੋਗਸ ਐਲਾਨਣ ਦਾ ਵਰਣਨ ਕਰਦੇ ਹੋਏ ਕਿਹਾ ਹੈ ਕਿ, ‘‘ਬੇਸ਼ੱਕ ਅਜਿਹੇ ਬਾਬਿਆਂ ਦੇ ਵਿਰੁੱਧ ਬਹੁਤ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਪਰ ਉਨ੍ਹਾਂ ਦੇ ਆਸ਼ਰਮ ਅਜੇ ਵੀ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਦੀ ਮਦਦ ਨਾਲ ਚਲਾਏ ਜਾ ਰਹੇ ਹਨ, ਇਸ ਲਈ ਅਜਿਹੇ ਆਸ਼ਰਮਾਂ ਨੂੰ ਵੀ ਬੰਦ ਕਰਵਾਇਆ ਜਾਵੇ।’’

ਇਸ ਦੇ ਨਾਲ ਹੀ ਰਿੱਟ ’ਚ ਦੇਸ਼ ਵਿਚ ਆਸ਼ਰਮ ਅਤੇ ਹੋਰ ਅਧਿਆਤਮਕ ਸੰਸਥਾਵਾਂ ਦੀ ਸਥਾਪਨਾ ਬਾਰੇ ਦਿਸ਼ਾ-ਨਿਰਦੇਸ਼ ਤੈਅ ਕਰਨ ਦਾ ਹੁਕਮ ਦੇਣ ਦੀ ਬੇਨਤੀ ਵੀ ਕੀਤੀ ਗਈ ਹੈ।

ਰਿੱਟਕਰਤਾ ਨੇ ਇਹ ਵੀ ਕਿਹਾ ਹੈ ਕਿ ਜੁਲਾਈ 2015 ’ਚ ਵਿਦੇਸ਼ ਤੋਂ ਡਾਕਟਰ ਦੀ ਪੜ੍ਹਾਈ ਕਰ ਕੇ ਪਰਤੀ ਉਸ ਦੀ ਧੀ ਦਿੱਲੀ ’ਚ ਇਕ ਫਰਜ਼ੀ ਬਾਬਾ ਵੀਰੇਂਦਰ ਦੀਕਸ਼ਿਤ ਦੇ ਚੁੰਗਲ ’ਚ ਫਸ ਗਈ ਅਤੇ 5 ਸਾਲਾਂ ਤੋਂ ਦਿੱਲੀ ਦੇ ਰੋਹਿਣੀ ਇਲਾਕੇ ’ਚ ਬਣੇ ‘ਅਧਿਆਤਮ ਵਿਦਿਆਲਿਆ ਆਸ਼ਰਮ’ ਵਿਚ ਰਹਿ ਰਹੀ ਹੈ। ਇਹ ਬਾਬਾ ਜਬਰ-ਜ਼ਨਾਹ ਦੇ ਦੋਸ਼ ’ਚ 3 ਸਾਲ ਤੋਂ ਫਰਾਰ ਚੱਲ ਰਿਹਾ ਹੈ। ਰਿੱਟਕਰਤਾ ਨੇ ਇਸ ਆਸ਼ਰਮ ’ਚ ਰਹਿ ਰਹੀਆਂ ਘੱਟ ਤੋਂ ਘੱਟ 170 ਔਰਤਾਂ ਨੂੰ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ।

ਉਕਤ ਰਿੱਟ ’ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਐੱਸ. ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਕੇਂਦਰ ਸਰਕਾਰ ਦੀ ਪ੍ਰਤੀਨਿਧਤਾ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਹੈ ਕਿ ਜੇਕਰ ਰਿੱਟਕਰਤਾ ਦੇ ਅਨੁਸਾਰ ‘ਅਖਾੜਾ ਪ੍ਰੀਸ਼ਦ’ ਨੇ ਦੇਸ਼ ’ਚ 17 ਆਸ਼ਰਮਾਂ ਦੇ ਬੋਗਸ ਹੋਣ ਦੀ ਗੱਲ ਕਹੀ ਹੈ ਤਾਂ ਇਹ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਲਈ ਉਹ ਇਸ ਮਾਮਲੇ ’ਚ ਕੇਂਦਰ ਸਰਕਾਰ ਤੋਂ ਰਾਇ ਲੈ ਕੇ ਅਦਾਲਤ ਨੂੰ ਦੱਸਣ ਕਿ ਸਰਕਾਰ ਇਸ ਮਾਮਲੇ ’ਚ ਕੀ ਕਰ ਸਕਦੀ ਹੈ।

ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦੇ ਲਈ ਕਿਸੇ ਹੱਦ ਤਕ ਔਰਤਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਅਖੌਤੀ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਸੰਤਾਨ ਪ੍ਰਾਪਤੀ, ਘਰੇਲੂ ਸਮੱਸਿਆ ਨਿਵਾਰਣ ਆਦਿ ਦੇ ਲਾਲਚ ’ਚ ਆ ਕੇ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ। ਇਸ ਲਈ ਇਸ ਮਾਮਲੇ ’ਚ ਔਰਤਾਂ ਨੂੰ ਹੀ ਸਾਵਧਾਨੀ ਵਰਤਣ ਦੀ ਲੋੜ ਹੈ।

-ਵਿਜੇ ਕੁਮਾਰ\\\


Bharat Thapa

Content Editor Bharat Thapa