ਡਿਊਟ ਦਾ ਸਮਾਂ ਪੂਰਾ ਹੋਣ ’ਤੇ ਜਹਾਜ਼ ਤੇ ਰੇਲ ਚਾਲਕ ਯਾਤਰੀਆਂ ਨੂੰ ਰਾਹ ਵਿਚਾਲੇ ਛੱਡਣ ਲੱਗੇ

12/06/2023 5:19:22 AM

ਪਿਛਲੇ ਕੁਝ ਸਾਲਾਂ ’ਚ ਜਨਤਕ ਆਵਾਜਾਈ ਨਾਲ ਜੁੜੇ ਕੁਝ ਮੁਲਾਜ਼ਮਾਂ ਦੀ ਮਨਮਰਜ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ।

25 ਜੂਨ 2023 ਨੂੰ ਦਿੱਲੀ ’ਚ ਮੌਸਮ ਵਿਗੜਣ ਕਾਰਨ ‘ਏਅਰ ਇੰਡੀਆ’ ਦੀ ਫਲਾਈਟ ਏਆਈ -112 ਸਮੇਤ ਕੁਝ ਉਡਾਨਾਂ ਜੈਪੁਰ ਡਾਇਵਰਟ ਕੀਤੀਆਂ ਗਈਆਂ ਸਨ। ਉਕਤ ਜਹਾਜ਼ ਨੇ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ ਪਰ ਇਸ ਪਿੱਛੋਂ ਵੀ ਇਸ ਨੂੰ ਦਿੱਲੀ ਨਹੀਂ ਲਿਜਾਇਆ ਗਿਆ ਕਿਉਂਕਿ ਇਸ ਦੇ ਪਾਇਲਟ ਆਪਣੀ ਡਿਊਟੀ ਪੂਰੀ ਹੋਣ ਦਾ ਹਵਾਲਾ ਦੇ ਕੇ ਚਲੇ ਗਏ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ।

ਇਹ ਬੁਰਾਈ ਹੁਣ ਰੇਲਗੱਡੀਆਂ ਦੇ ਚਾਲਕਾਂ ’ਚ ਵੀ ਆਉਣ ਲੱਗੀ ਹੈ। ਬੀਤੀ 12 ਅਕਤੂਬਰ ਨੂੰ ਝਾਰਖੰਡ ’ਚ ਬਰਵਾਡੀਹ ਅਤੇ ਡਾਲਟਨਗੰਜ ਰੇਲਵੇ ਸਟੇਸ਼ਨਾਂ ਵਿਚਾਲੇ ਇਕ ਮਾਲਗੱਡੀ ਦੇ ਡਰਾਈਵਰ ਨੇ ਆਪਣੀ ਡਿਊਟੀ ਦਾ ਸਮਾਂ ਪੂਰਾ ਹੋਣ ਦੀ ਗੱਲ ਕਹਿ ਕੇ ਗੱਡੀ ਇਕ ਰੇਲਵੇ ਗੇਟ ਦੇ ਨੇੜੇ ਖੜੀ ਕਰ ਦਿੱਤੀ। ਲੋਕੋ ਪਾਇਲਟ ਦੇ ਇਸ ਕਾਰੇ ਦੇ ਨਤੀਜੇ ਵਜੋਂ ਰੇਲ ਆਵਾਜਾਈ ਕਾਫੀ ਦੇਰ ਤੱਕ ਪ੍ਰਭਾਵਿਤ ਰਹੀ।

ਅਤੇ ਹੁਣ 30 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਸਹਰਸਾ ਤੋਂ ਦਿੱਲੀ ਜਾ ਰਹੀ ਛੱਠ ਪੂਜਾ ਸਹਰਸਾ ਐਕਸਪ੍ਰੈੱਸ ਦਾ ਲੋਕੋ ਪਾਇਲਟ ਡਿਊਟੀ ਖਤਮ ਹੋਣ ਪਿੱਛੋਂ ਗਾਰਡ ਨੂੰ ਨਾਲ ਲੈ ਕੇ ਬਿਨਾਂ ਸਟਾਪੇਜ ਵਾਲੇ ਬੁਢਵਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਗੱਡੀ ਖੜੀ ਕਰ ਕੇ ਚਲਾ ਗਿਆ।

ਇਸ ’ਤੇ ਯਾਤਰੀਆਂ ਨੇ ਦੂਜੇ ਪਲੇਟਫਾਰਮ ’ਤੇ ਆ ਰਹੀ ਬਰੌਨੀ-ਲਖਨਊ ਐਕਸਪ੍ਰੈੱਸ ਸਾਹਮਣੇ ਖੜੇ ਹੋ ਕੇ ਖੂਬ ਹੰਗਾਮਾ ਕੀਤਾ ਅਤੇ ਗੋਂਡਾ ਤੋਂ ਦੂਜਾ ਲੋਕੋ ਪਾਇਲਟ ਮੰਗਵਾ ਕੇ ਸਾਢੇ 3 ਘੰਟੇ ਬਾਅਦ ਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ।

ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਦਾ ਅੰਦਾਜ਼ਾ ਸਹਿਜ ਹੀ ਲਾਇਆ ਜਾ ਸਕਦਾ ਹੈ। ਇਸ ਲਈ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਅਤੇ ਭਵਿੱਖ ਲਈ ਲੋਕੋ ਪਾਇਲਟਾਂ ਦੀਆਂ ਡਿਊਟੀਆਂ ਨੂੰ ਲੈ ਕੇ ਕੋਈ ਸਰਵਪ੍ਰਵਾਨਤ ਵਿਵਸਥਾ ਵੀ ਕਰਨ ਦੀ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News