ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ’ਚ ਕੁਝ ਰਾਹਤ ਘਰੇਲੂ ਗੈਸ ਦੀਅਾਂ ਕੀਮਤਾਂ ਵੀ ਘਟਾਈਅਾਂ ਜਾਣ
Friday, Oct 05, 2018 - 06:23 AM (IST)

ਦੇਸ਼ ’ਚ ਇਨ੍ਹੀਂ ਦਿਨੀਂ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਮਚੀ ‘ਹਾਹਾਕਾਰ’ ਦਰਮਿਆਨ ਆਵਾਜਾਈ ਮਹਿੰਗੀ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਪਹਿਲਾਂ ਤੋਂ ਹੀ ਬਦਹਾਲ ਸਥਿਤੀ ਹੋਰ ਖਰਾਬ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਸੀ।
ਖਾਸ ਕਰਕੇ ਹਾੜ੍ਹੀ ਦੀਅਾਂ ਫਸਲਾਂ ’ਤੇ ਇਸ ਦਾ ਜ਼ਿਆਦਾ ਅਸਰ ਪੈਣ ਦਾ ਖਦਸ਼ਾ ਸੀ ਕਿਉਂਕਿ ਡੀਜ਼ਲ ਖੇਤੀਬਾੜੀ ਖੇਤਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਖੇਤ ਵਾਹੁਣ ਲਈ ਟਰੈਕਟਰ ਤੋਂ ਲੈ ਕੇ ਪੰਪ ਸੈੱਟ ਤਕ ਡੀਜ਼ਲ ਨਾਲ ਹੀ ਚੱਲਦੇ ਹਨ।
ਇਸੇ ਨੂੰ ਲੈ ਕੇ ਵਧ ਰਹੇ ਲੋਕ-ਰੋਹ ਤੇ ਅਗਲੀਅਾਂ ਚੋਣਾਂ ਨੂੰ ਦੇਖਦਿਅਾਂ 3 ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵਿਚਾਲੇ ਲੋਕਾਂ ਨੂੰ ਰਾਹਤ ਦੇਣ ਦੇ ਉਪਾਵਾਂ ਬਾਰੇ ਚਰਚਾ ਹੋਈ।
ਤਿੰਨਾਂ ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ ਪੈਟਰੋਲ-ਡੀਜ਼ਲ ਦੀਅਾਂ ਵਧਦੀਅਾਂ ਕੀਮਤਾਂ ’ਤੇ ਰੋਕ ਲਾਉਣ ਅਤੇ ਖਪਤਕਾਰਾਂ ਨੂੰ ਰਾਹਤ ਪਹੁੰਚਾਉਣ ਲਈ ਇਨ੍ਹਾਂ ਦੀ ਕੀਮਤ ’ਚ 2.50 ਰੁਪਏ ਪ੍ਰਤੀ ਲੀਟਰ ਕਟੌਤੀ ਦਾ ਐਲਾਨ ਕਰ ਦਿੱਤਾ।
ਇਸ ਦੇ ਲਈ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ’ਚ ਡੇਢ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇਗੀ ਅਤੇ ਤੇਲ ਕੰਪਨੀਅਾਂ ਵੀ ਇਕ ਰੁਪਏ ਪ੍ਰਤੀ ਲੀਟਰ ਕੀਮਤ ਘਟਾਉਣਗੀਅਾਂ, ਜਿਸ ਨਾਲ ਖਪਤਕਾਰਾਂ ਨੂੰ 2.50 ਰੁਪਏ ਪ੍ਰਤੀ ਲੀਟਰ ਰਾਹਤ ਮਿਲੇਗੀ।
ਸ਼੍ਰੀ ਜੇਤਲੀ ਅਨੁਸਾਰ ਐਕਸਾਈਜ਼ ਡਿਊਟੀ ’ਚ ਕਟੌਤੀ ਨਾਲ ਕੇਂਦਰ ਸਰਕਾਰ ਨੂੰ 10,500 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ ਇੰਨੀ ਹੀ ਕਟੌਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਲੀਟਰ ਦੀ ਰਾਹਤ ਮਿਲੇ।
ਸ਼੍ਰੀ ਅਰੁਣ ਜੇਤਲੀ ਦੇ ਐਲਾਨ ਤੋਂ ਤੁਰੰਤ ਬਾਅਦ ਮਹਾਰਾਸ਼ਟਰ ਅਤੇ ਗੁਜਰਾਤ ਦੀਅਾਂ ਭਾਜਪਾ ਸਰਕਾਰਾਂ ਨੇ ਵੀ ਆਪਣੇ ਵਲੋਂ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ, ਭਾਵ ਇਨ੍ਹਾਂ ਸੂਬਿਅਾਂ ’ਚ ਪੈਟਰੋਲ ਅਤੇ ਡੀਜ਼ਲ ਕੁਲ 5 ਰੁਪਏ ਸਸਤਾ ਹੋਇਆ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰਾਖੰਡ, ਅਾਸਾਮ, ਝਾਰਖੰਡ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਗੋਅਾ, ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ ’ਚ ਵੀ ਕਟੌਤੀ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਹੁਣ ਤਕ 13 ਸੂਬਿਅਾਂ ’ਚ ਤੇਲ ਦੀਅਾਂ ਕੀਮਤਾਂ ’ਚ 5 ਰੁਪਏ ਪ੍ਰਤੀ ਲੀਟਰ ਦੀ ਕਮੀ ਹੋ ਗਈ ਹੈ। ਇਸੇ ਦਰਮਿਆਨ ਬਾਅਦ ਦੀਅਾਂ ਖ਼ਬਰਾਂ ’ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਕਤ ਸੂਬਿਅਾਂ ਤੋਂ ਇਲਾਵਾ ਭਾਜਪਾ ਦੇ ਸ਼ਾਸ਼ਨ ਵਾਲੇ ਸਾਰੇ ਸੂਬਿਅਾਂ ’ਚ ਪੈਟਰੋਲ ਅਤੇ ਡੀਜ਼ਲ ’ਤੇ 2.50 ਰੁਪਏ ਘੱਟ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ 5 ਰੁਪਏ ਘੱਟ ਹੋਣਗੀਅਾਂ।
ਸ਼੍ਰੀ ਜੇਤਲੀ ਅਨੁਸਾਰ ਬਾਹਰੀ ਦਬਾਵਾਂ ਕਾਰਨ ਤੇਲ ਦੀਅਾਂ ਕੀਮਤਾਂ ਵਧੀਅਾਂ ਹਨ ਅਤੇ ਬ੍ਰੈਂਟ ਕਰੂਡ 3 ਅਕਤੂਬਰ ਨੂੰ 4 ਸਾਲਾਂ ਦੇ ਉੱਚ ਪੱਧਰ 86 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ, ਜਦਕਿ ਅਮਰੀਕਾ ’ਚ ਵਿਆਜ ਦਰ 7 ਸਾਲਾਂ ਦੇ ਉੱਚ ਪੱਧਰ ’ਤੇ ਹੈ, ਜਿਸ ਕਰਕੇ ਵੀ ਤੇਲ ਦੀਅਾਂ ਕੀਮਤਾਂ ’ਤੇ ਅਸਰ ਪਿਆ ਹੈ।
ਜਿੱਥੇ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ ਕੁਝ ਰਾਹਤ ਦਿੱਤੀ ਹੈ ਪਰ ਹਾਲ ਹੀ ’ਚ ਸੀ. ਐੱਨ. ਜੀ. ਤੋਂ ਇਲਾਵਾ ਸਬਸਿਡੀ ਰਹਿਤ ਅਤੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਅਾਂ ਕੀਮਤਾਂ ’ਚ ਵਾਧੇ ਨੇ ਲੋਕਾਂ ਦੀਅਾਂ ਮੁਸ਼ਕਿਲਾਂ ਵਧਾ ਦਿੱਤੀਅਾਂ ਹਨ।
ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਹੁਣ ਤਕ 52 ਮਹੀਨਿਅਾਂ ’ਚ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਮਈ 2014 ’ਚ 414 ਰੁਪਏ ਤੋਂ ਵਧ ਕੇ ਅਕਤੂਬਰ 2018 ’ਚ 831 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਸਬਸਿਡੀ ਵਾਲਾ ਜੋ ਸਿਲੰਡਰ ਮਈ 2014 ’ਚ 412 ਰੁਪਏ ’ਚ ਮਿਲਦਾ ਸੀ, ਉਹ ਅਕਤੂਬਰ 2018 ’ਚ 502 ਰੁਪਏ ਦਾ ਹੋ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ ਕੀਤੀ ਗਈ ਕਮੀ ਕਾਫੀ ਨਹੀਂ ਹੈ। ਇਹ ਹੋਰ ਘੱਟ ਕੀਤੀਅਾਂ ਜਾਣੀਅਾਂ ਚਾਹੀਦੀਅਾਂ ਹਨ ਅਤੇ ਸੀ. ਐੱਨ. ਜੀ., ਸਬਸਿਡੀ ਰਹਿਤ ਅਤੇ ਸਬਸਿਡੀ ਵਾਲੀ ਰਸੋਈ ਗੈਸ ਦੀਅਾਂ ਕੀਮਤਾਂ ’ਚ ਵੀ ਕਟੌਤੀ ਕਰ ਕੇ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਜੋ ਅੱਜ ਦੇ ਮਹਿੰਗਾਈ ਦੇ ਜ਼ਮਾਨੇ ’ਚ ਬੇਹੱਦ ਜ਼ਰੂਰੀ ਹੈ।
–ਵਿਜੇ ਕੁਮਾਰ