CM ਮਾਨ ਦਾ ਤੋਹਫ਼ਾ, ਵੇਰਕਾ ਦੁੱਧ ਤੇ ਹੋਰਨਾਂ ਉਤਪਾਦਾਂ ਦੀਆਂ ਕੀਮਤਾਂ ''ਚ ਵੱਡੀ ਕਟੌਤੀ ਦਾ ਐਲਾਨ
Friday, Sep 19, 2025 - 06:18 PM (IST)

ਚੰਡੀਗੜ੍ਹ : ਖਪਤਕਾਰ-ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਜਨਤਾ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕਫੈੱਡ ਦਾ ਇਕ ਭਰੋਸੇਮੰਦ ਬ੍ਰਾਂਡ ਹੈ, ਵੱਲੋਂ ਆਪਣੇ ਦੁੱਧ ਅਤੇ ਦੁੱਧ ਤੋ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੀਆਂ ਕੀਮਤਾਂ ਵਿਚ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧੀਆਂ ਕੀਮਤਾਂ 22 ਸਤੰਬਰ, 2025 ਦੀ ਸਵੇਰ ਤੋਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ ਜੀ.ਐੱਸ.ਟੀ. 2.0 ਸੁਧਾਰਾਂ ਮੁਤਾਬਕ ਹੋਣਗੀਆਂ, ਜਿਸ ਤਹਿਤ ਜ਼ਰੂਰੀ ਡੇਅਰੀ ਉਤਪਾਦਾਂ 'ਤੇ ਟੈਰਿਫ ਘਟਾਏ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਉਪਾਅ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪੰਜਾਬ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਕਾਰਵਾਈ, ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਘਿਓ 30 ਤੋਂ 35 ਰੁਪਏ ਪ੍ਰਤੀ ਲਿਟਰ/ਕਿਲੋਗ੍ਰਾਮ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰਾਮ, ਅਨਸਾਲਟੇਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰਾਮ, ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਯੂ.ਐੱਚ.ਟੀ. ਦੁੱਧ (ਸਟੈਂਡਰਡ, ਟੋਨਡ ਅਤੇ ਡਬਲ ਟੋਨਡ) ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਦੇ ਮਾਮਲੇ ’ਤੇ ਸਖ਼ਤ ਵਿਰੋਧ ਜਤਾਇਆ
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਈਸ ਕਰੀਮ (ਗੈਲਨ, ਬਰਿੱਕ ਅਤੇ ਟੱਬ) ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਵੀ 10 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ ਅਤੇ ਪਨੀਰ ਦੀ ਕੀਮਤ ਵੀ 15 ਰੁਪਏ ਪ੍ਰਤੀ ਕਿਲੋਗ੍ਰਾਮ ਘਟਾਈ ਗਈ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਕੀਮਤਾਂ ਵਿਚ ਕੀਤੀ ਇਸ ਸੋਧ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ, ਉਤਪਾਦਾਂ ਤੱਕ ਪਹੁੰਚ ਵਧੇਗੀ ਅਤੇ ਖਪਤਕਾਰਾਂ ਦੀ ਮੰਗ ਤੇ ਵਿਕਰੀ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰ ਵਸੂਲੀ ਵਿਚ ਵੀ ਵਾਧਾ ਹੋਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਵਿਕਾਸ, ਗੁਣਵੱਤਾ ਦੇ ਮਿਆਰ ਅਤੇ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੋਧਾਂ ਮਹਿੰਗਾਈ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਬੇਹੱਦ ਲੋੜੀਂਦੀ ਰਾਹਤ ਪ੍ਰਦਾਨ ਕਰਨਗੀਆਂ ਅਤੇ ਸੰਗਠਿਤ ਡੇਅਰੀ ਉਤਪਾਦਾਂ ਦੀ ਮੰਗ ਵਿਚ ਵਾਧਾ ਕਰਨਗੀਆਂ ਜਿਸ ਨਾਲ ਖਪਤਕਾਰਾਂ ਦੀ ਭਲਾਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਤਬਾਦਲੇ, ਕਈ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ List
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e