ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਅਤੇ ਆਚਰਣ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ

Wednesday, Dec 20, 2023 - 05:36 AM (IST)

ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਅਤੇ ਆਚਰਣ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ

ਬੱਚਿਆਂ ਦੀ ਪਹਿਲੀ ਪਾਠਸ਼ਾਲਾ ਉਨ੍ਹਾਂ ਦਾ ਘਰ ਹੁੰਦਾ ਹੈ। ਇਸ ਪਰਿਵਾਰਕ ਪਾਠਸ਼ਾਲਾ ’ਚ ਮਾਤਾ-ਪਿਤਾ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਸੰਸਕਾਰ ਦਿੰਦੇ ਹਨ, ਬੱਚਾ ਉਨ੍ਹਾਂ ਦੇ ਹੀ ਢਾਂਚੇ ’ਚ ਢਲ ਜਾਂਦਾ ਹੈ। ਇਹੀ ਕਾਰਨ ਹੈ ਕਿ ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਗਲਤ ਰਾਹ ’ਤੇ ਜਾਣ ਤੋਂ ਰੋਕਣ ਲਈ ਕੁਝ ਦੇਸ਼ਾਂ ’ਚ ਕਾਨੂੰਨੀ ਵਿਵਸਥਾਵਾਂ ਰਾਹੀਂ ਮਾਤਾ-ਪਿਤਾ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।

ਇਸੇ ਮੁਤਾਬਕ ਅਮਰੀਕਾ, ਫਰਾਂਸ, ਸਿੰਗਾਪੁਰ ਅਤੇ ਇੰਗਲੈਂਡ ਆਦਿ ਦੇਸ਼ਾਂ ’ਚ ਬੱਚਿਆਂ ਵੱਲੋਂ ਗਲਤੀ ਕਰਨ ’ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਖਰਾਬ ਪਾਲਣ-ਪੋਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਇਹ ਕਾਨੂੰਨ ਇਸ ਧਾਰਨਾ ’ਤੇ ਕੰਮ ਕਰਦੇ ਹਨ ਕਿ ਬੱਚੇ ਗੈਰ-ਕਾਨੂੰਨੀ ਸਰਗਰਮੀਆਂ ’ਚ ਇਸ ਲਈ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ’ਤੇ ਢੁੱਕਵਾਂ ਕੰਟ੍ਰੋਲ ਰੱਖਣ ’ਚ ਅਸਫਲ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਸਜ਼ਾ ਦੀ ਵਿਵਸਥਾ ਵੀ ਇਨ੍ਹਾਂ ਦੇਸ਼ਾਂ ’ਚ ਕੀਤੀ ਗਈ ਹੈ।

ਇਸੇ ਸੰਦਰਭ ’ਚ ਅਮਰੀਕਾ ਦੇ ਵਰਜੀਨੀਆ ’ਚ ਆਪਣੀ ਅਧਿਆਪਿਕਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦੇਣ ਵਾਲੇ ਪਹਿਲੀ ਜਮਾਤ ਦੇ 6 ਸਾਲਾ ਵਿਦਿਆਰਥੀ ਦੀ ਮਾਂ ‘ਦੇਜਾ ਟੇਲਰ’ ਨੂੰ ਔਲਾਦ ਦੇ ਪਾਲਣ-ਪੋਸ਼ਣ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੇਸ਼ ਨੂੰ ਹੈਰਾਨ ਕਰ ਦੇਣ ਵਾਲੀ ਇਸ ਘਟਨਾ ’ਚ ਬੱਚੇ ਦੀ ਮਾਂ ਨੂੰ ਦੂਜੀ ਵਾਰ ਸਜ਼ਾ ਸੁਣਾਈ ਗਈ।

ਅਧਿਕਾਰੀਆਂ ਮੁਤਾਬਕ ‘ਦੇਜਾ ਟੇਲਰ’ ਦਾ ਬੇਟਾ ਆਪਣੀ ਮਾਂ ਦੇ ਪਰਸ ’ਚ ਰੱਖੀ 9 ਐੱਮ. ਐੱਮ. ਦੀ ਪਿਸਤੌਲ ਆਪਣੇ ਬਸਤੇ ’ਚ ਲੁਕੋ ਕੇ ਸਕੂਲ ਲੈ ਗਿਆ ਸੀ।

ਅਦਾਲਤ ਵੱਲੋਂ ਬੱਚੇ ਦੀ ਮਾਂ ਨੂੰ ਸੁਣਾਈ ਗਈ ਸਜ਼ਾ ਤੈਅ ਦਿਸ਼ਾ-ਨਿਰਦੇਸ਼ਾਂ ਦੇ ਮੁਕਾਬਲੇ ਸਖਤ ਹੈ। ਇਸਤਿਗਾਸਾ ਅਤੇ ਟੇਲਰ ਦੇ ਵਕੀਲਾਂ ਨੇ 6 ਮਹੀਨੇ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਸੀ।

ਹਾਲਾਂਕਿ ਬੱਚਿਆਂ ਦੀ ਗਲਤੀ ’ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਜ਼ਾ ਦੇਣ ਦੇ ਤੁੱਕ ’ਤੇ ਇਤਰਾਜ਼ ਹੋ ਸਕਦਾ ਹੈ ਪਰ ਬੱਚਿਆਂ ’ਚ ਸਹੀ ਸੰਸਕਾਰ ਭਰਨ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ, ਤਦ ਹੀ ਕਾਨੂੰਨ ਦੇ ਡਰ ਕਾਰਨ ਉਹ ਆਪਣੇ ਬੱਚਿਆਂ ਨੂੰ ਗਲਤ ਰਾਹ ’ਤੇ ਚੱਲਣ ਤੋਂ ਰੋਕਣ ਦਾ ਯਤਨ ਕਰਨਗੇ।

- ਵਿਜੇ ਕੁਮਾਰ


author

Anmol Tagra

Content Editor

Related News