ਭਾਰਤ ਵਿਰੁੱਧ ਪਾਕਿ ਕਰਨ ਲੱਗਾ ਚੀਨੀ ਡਰੋਨਾਂ ਦੀ ਵਰਤੋਂ
Tuesday, Oct 18, 2022 - 01:01 AM (IST)
ਸਮੇਂ-ਸਮੇਂ ’ਤੇ ਅਜਿਹੇ ਸਬੂਤ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਰਾਹੀਂ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ’ਚ ਪਾਕਿਸਤਾਨ ਸਰਕਾਰ ਅਤੇ ਉਸ ਦੀਆਂ ਵੱਖ-ਵੱਖ ਏਜੰਸੀਆਂ ਦੀ ਭਾਈਵਾਲੀ ਦਾ ਪਤਾ ਲੱਗਦਾ ਰਹਿੰਦਾ ਹੈ। ਇਸ ਲਈ ਉਨ੍ਹਾਂ ਕੁਝ ਸਮੇਂ ਤੋਂ ਡਰੋਨ ਵਜੋਂ ਇਕ ਨਵੇਂ ਹਥਿਆਰ ਦੀ ਵਰਤੋਂ ਸ਼ੁਰੂ ਕੀਤੀ ਹੈ, ਜਿਨ੍ਹਾਂ ’ਚੋਂ ਕੁਝ ਡਰੋਨਾਂ ਨੂੰ ਭਾਰਤੀ ਸੁਰੱਖਿਆ ਫੋਰਸਾਂ ਨੇ ਡੇਗਣ ’ਚ ਸਫ਼ਲਤਾ ਹਾਸਲ ਕੀਤੀ ਹੈ। ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਹਮਾਇਤੀ ਸਮੱਗਲਰ ਚੀਨ ’ਚ ਬਣੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਸ਼ੱਕ ਹੈ ਕਿ ਸਾਮਾਨ ਸੁੱਟਣ ਦੇ ਇਰਾਦੇ ਨਾਲ ਸਹੀ ਨਿਸ਼ਾਨੇ ਦੀ ਪੁਸ਼ਟੀ ਕਰਨ ਲਈ ਡੰਮੀ ਵਜੋਂ ਮਿੱਟੀ ਜਾਂ ਇੱਟ ਆਦਿ ਸੁੱਟ ਰਹੇ ਹਨ।
15 ਅਕਤੂਬਰ ਨੂੰ ਫਿਰੋਜ਼ਪੁਰ ਸੈਕਟਰ ’ਚ ਅਮਰਕੋਟ ਅਧੀਨ ‘ਬੀ. ਓ. ਪੀ. ਕਲਸ’ ਵਿਚ ਬੀ. ਐੱਸ. ਐੱਫ. ਨੇ ਇਕ ਖੇਤ ’ਚੋਂ ਡਰੋਨ ਵਲੋਂ ਸੁੱਟੇ ਗਏ ਨੀਲੇ ਰੰਗ ਦੇ ਪੈਕੇਟ ’ਚ ਲਪੇਟੀ ਹੋਈ ਇਕ ਕਿੱਲੋ ਭਾਰ ਦੀ 17 ਇੰਚ ਲੰਬੀ ਇੱਟ ਬਰਾਮਦ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਬੀ. ਐੱਸ. ਐੱਫ. ਨੇ ਸ਼ਾਹਪੁਰ ਸਰਹੱਦੀ ਚੌਕੀ ਖੇਤਰ ’ਚ ਇਕ ਪਾਕਿਸਤਾਨੀ ਡਰੋਨ ਡੇਗਿਆ ਸੀ, ਜਿਸ ਦੀ ਤਲਾਸ਼ੀ ਦੌਰਾਨ ਉਸ ’ਚੋਂ ਇਕ ਪਾਊਚ ’ਚ 500 ਗ੍ਰਾਮ ਮਿੱਟੀ ਬਰਾਮਦ ਹੋਈ ਸੀ। ਮਹਿੰਗੇ ਅਤੇ ਅਤਿਅੰਤ ਆਧੁਨਿਕ ਪਾਕਿਸਤਾਨੀ ਡਰੋਨ ਵਲੋਂ ਮਿੱਟੀ ਨਾਲ ਭਰਿਆ ਪਾਊਚ ਅਤੇ ਇੱਟ ਸੁੱਟਣ ਨਾਲ ਇਸ ਥਿਊਰੀ ਨੂੰ ਤਾਕਤ ਮਿਲਦੀ ਹੈ ਕਿ ਉਹ ਭਾਰਤ ’ਚ ਪਾਬੰਦੀ ਵਾਲੀਆਂ ਵਸਤਾਂ ਭੇਜਣ ਲਈ ਇਸ ਤਰ੍ਹਾਂ ਦੇ ‘ਟ੍ਰਾਇਲ ’ ਕਰ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਸ਼ੇਨੇਝੇਨ ਸਥਿਤ ਇਕ ਚੀਨੀ ਕੰਪਨੀ ਨੇ ਡਰੋਨ ਬਣਾਉਣ ’ਚ ਮੁਹਾਰਤ ਹਾਸਲ ਕੀਤੀ ਹੋਈ ਹੈ ਅਤੇ ਇਹ ਇਸੇ ਕੰਪਨੀ ਵਲੋਂ ਬਣਿਆ ਨਵੀਨਤਮ ਡਰੋਨ ਸੀ। ਇਸ ਨੂੰ ਕਮਰਸ਼ੀਅਲ ਡਰੋਨਾਂ ’ਚ ਸਰਵਉੱਤਮ ਮੰਨਿਆ ਜਾਂਦਾ ਹੈ। ਇਹ ਲਗਭਗ 2.7 ਕਿਲੋ ਭਾਰ ਚੁੱਕ ਸਕਦਾ ਹੈ ਅਤੇ ਇਸ ਦੀ ਕੀਮਤ ਲਗਭਗ 18 ਲੱਖ ਰੁਪਏ ਹੈ। ਇਸ ਸਮੇਂ ਜਦੋਂ ਪਾਕਿਸਤਾਨ ਵਲੋਂ ਭਾਰਤ ਵਿਰੁੱਧ ਸਰਗਰਮੀਆਂ ਲਈ ਡਰੋਨਾਂ ਦੀ ਵਰਤੋਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਰਾ ਕਰਨ ਦੀ ਬਿਹਤਰ ਤਕਨੀਕ ਅਤੇ ਉਪਕਰਣ ਜਲਦੀ ਤੋਂ ਜਲਦੀ ਹਾਸਲ ਕਰਨ ਦੀ ਲੋੜ ਹੈ। ਜਾਣਕਾਰਾਂ ਮੁਤਾਬਕ ਸਾਨੂੰ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਅਜਿਹੀ ਅਤਿਅੰਤ ਆਧੁਨਿਕ ਐਂਟੀ ਡਰੋਨ ਤਕਨੀਕ ਹਾਸਲ ਕਰਨ ਦੀ ਲੋੜ ਹੈ ਜੋ ਇਨ੍ਹਾਂ ਨੂੰ ਅਸਮਾਨ ’ਚ ਹੀ ‘ਨਾਕਾਰਾ’ ਕਰ ਕੇ ਡੇਗ ਸਕੇ। –ਵਿਜੇ ਕੁਮਾਰ