‘ਪਾਕਿਸਤਾਨ ਦੇ ਸ਼ਾਸਕ ਅੱਖਾਂ ਖੋਲ੍ਹਣ’ ਦੇਸ਼ ਟੁੱਟਣ ਕੰਢੇ

11/24/2018 7:13:15 AM

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਤਜ਼ ਅਨੁਸਾਰ ਪਾਕਿਸਤਾਨ ਦੁਨੀਆ ’ਚ ਸਭ ਤੋਂ ਖਤਰਨਾਕ ਇਲਾਕਾ ਹੈ ਅਤੇ ਉਕਤ ਕਥਨ ਬਿਲਕੁਲ ਸਹੀ ਹੈ। ਇਕ ਪਾਸੇ ਤਾਂ ਪਾਕਿ ਸਰਕਾਰ ਨੇ ਭਾਰਤ ਵਿਰੁੱਧ ਅਸਿੱਧੀ ਜੰਗ ਛੇੜੀ ਹੋਈ ਹੈ ਤੇ ਲਗਾਤਾਰ ਭਾਰਤ ਵਿਰੋਧੀ ਸਰਗਰਮੀਅਾਂ ਨੂੰ ਸ਼ਹਿ ਦੇ ਰਹੀ ਹੈ, ਤਾਂ ਦੂਜੇ ਪਾਸੇ ਉਸ ਦੇ ਆਪਣੇ ਹੀ ਦੇਸ਼ ’ਚ ਉਸ ਦੇ ਆਪਣੇ ਹੀ ਪਾਲੇ ਹੋਏ ਅਤੇ ਬੇਕਾਬੂ ਹੋ ਚੁੱਕੇ ਅੱਤਵਾਦੀ ਲਗਾਤਾਰ ਹਿੰਸਕ ਸਰਗਰਮੀਅਾਂ ਕਰ ਰਹੇ ਹਨ। 
ਪਾਕਿ ਫੌਜ ਵੀ ਮੰਨ ਚੁੱਕੀ ਹੈ ਕਿ ਪਾਕਿਸਤਾਨ ਨੂੰ ਭਾਰਤ ਤੋਂ ਓਨਾ ਖਤਰਾ ਨਹੀਂ, ਜਿੰਨਾ ਆਪਣੇ ਦੇਸ਼ ਦੇ ਅੰਦਰੋਂ ਹੈ। ਇਥੋਂ ਤਕ ਕਿ ਪਾਕਿਸਤਾਨ ਦੀ ਫੌਜ ਦੇ ਸਾਬਕਾ ਮੁਖੀ ਕਿਆਨੀ ਤਕ ਨੂੰ ਹੱਤਿਆ ਦੀਅਾਂ ਧਮਕੀਅਾਂ ਮਿਲ ਚੁੱਕੀਅਾਂ ਹਨ। ਅੱਤਵਾਦੀਅਾਂ ਦਾ ਹੌਸਲਾ ਇੰਨਾ ਵਧ ਚੁੱਕਾ ਹੈ ਕਿ ਉਨ੍ਹਾਂ ਸਾਹਮਣੇ ਪਾਕਿ ਸਰਕਾਰ ਲਾਚਾਰ ਨਜ਼ਰ ਆਉਣ ਲੱਗੀ ਹੈ, ਜਿਸ ਦੀਅਾਂ ਇਸੇ ਮਹੀਨੇ ਦੀਅਾਂ ਮਿਸਾਲਾਂ ਹੇਠਾਂ ਦਰਜ ਹਨ :
* 05 ਨਵੰਬਰ ਨੂੰ ‘ਦੱਤਾਖੇਲ’ ਸਬ-ਡਵੀਜ਼ਨ ’ਚ ਅੱਤਵਾਦੀ ਗਿਰੋਹ ‘ਹਿਜ਼ਬੁਲ ਅਹਿਰਾਰ’ ਦੇ ਬੰਬ ਹਮਲੇ ’ਚ ਗਸ਼ਤ ਕਰ ਰਹੇ ਇਕ ਸੁਰੱਖਿਆ ਅਧਿਕਾਰੀ ਦੀ ਮੌਤ ਅਤੇ 1 ਜ਼ਖ਼ਮੀ। 
* 07 ਨਵੰਬਰ ਨੂੰ ‘ਮੋਹਮੰਦ’ ਜ਼ਿਲੇ ’ਚ ‘ਹਿਜ਼ਬੁਲ ਅਹਿਰਾਰ’ ਵਲੋਂ ਕੀਤੇ ਗਏ ਬੰਬ ਧਮਾਕੇ ’ਚ ਇਕ ਸੁਰੱਖਿਆ ਅਧਿਕਾਰੀ ਦੀ ਮੌਤ ਤੇ 4 ਜ਼ਖ਼ਮੀ। 
* 09 ਨਵੰਬਰ ਨੂੰ ‘ਉੱਤਰੀ ਵਜ਼ੀਰਿਸਤਾਨ’ ਵਿਚ ਹੋਏ ਬੰਬ ਧਮਾਕੇ ’ਚ ਇਕ ਵਿਅਕਤੀ ਦੀ ਮੌਤ।
* 12 ਨਵੰਬਰ ਨੂੰ ‘ਉੱਤਰੀ ਵਜ਼ੀਰਿਸਤਾਨ’ ਵਿਚ ਅੱਤਵਾਦੀਅਾਂ ਦੇ ਹਮਲੇ ’ਚ ਇਕ ਫੌਜੀ ਅਧਿਕਾਰੀ ਅਤੇ 2 ਫੌਜੀਅਾਂ ਦੀ ਮੌਤ ਤੇ ਇਕ ਜ਼ਖ਼ਮੀ। 
* 15 ਨਵੰਬਰ ਨੂੰ ‘ਬਾਰਾ’ ਵਿਚ ਹੋਏ ਇਕ ਬੰਬ ਧਮਾਕੇ ’ਚ 1 ਵਿਅਕਤੀ ਦੀ ਮੌਤ। 
* 17 ਨਵੰਬਰ ਨੂੰ  ‘ਕੋਏਟਾ’ ਵਿਚ ਤਾਲਿਬਾਨ ਵਲੋਂ 1 ਪੁਲਸ ਅਧਿਕਾਰੀ ਦੀ ਹੱਤਿਆ।
* 17 ਨਵੰਬਰ ਨੂੰ ਹੀ ‘ਉੱਤਰੀ ਵਜ਼ੀਰਿਸਤਾਨ’ ਵਿਚ ਤਾਲਿਬਾਨ ਵਲੋਂ ਕੀਤੇ ਰਾਕੇਟ ਹਮਲੇ ’ਚ 2 ਫੌਜੀ ਮਾਰੇ ਗਏ ਅਤੇ 2 ਹੋਰ ਜ਼ਖ਼ਮੀ। 
* 18 ਨਵੰਬਰ ਨੂੰ ‘ਲਾਢਾ’ ਸਬ-ਡਵੀਜ਼ਨ ’ਚ ਇਕ ਫੌਜੀ ਦੀ ਹੱਤਿਆ। 
* 18 ਨਵੰਬਰ ਨੂੰ ਹੀ ‘ਕੋਏਟਾ’ ਵਿਚ ਬੰਬ ਧਮਾਕੇ ’ਚ 3 ਨੀਮ ਫੌਜੀਅਾਂ ਦੀ ਹੱਤਿਆ। 
* 21 ਨਵੰਬਰ ਨੂੰ ‘ਬਜੌਰ’ ਜ਼ਿਲੇ ’ਚ ਇਕ ਗੱਡੀ ’ਤੇ ਹੋਏ ਬੰਬ ਹਮਲੇ ’ਚ 2 ਵਿਅਕਤੀ ਮਾਰੇ ਗਏ ਅਤੇ ਇਸੇ ਦਿਨ ‘ਚਮਨ’ ਸ਼ਹਿਰ ’ਚ ਹੋਏ ਬੰਬ ਧਮਾਕੇ ’ਚ 10 ਵਿਅਕਤੀ ਜ਼ਖ਼ਮੀ ਹੋਏ।
ਅਤੇ ਹੁਣ 23 ਨਵੰਬਰ ਨੂੰ ਪਾਕਿਸਤਾਨ ’ਚ ਹਿੰਸਾ ਦੀਅਾਂ 2 ਵੱਡੀਅਾਂ ਘਟਨਾਵਾਂ ਹੋਈਅਾਂ। ਇਕ ਘਟਨਾ ‘ਕਰਾਚੀ’ ਸ਼ਹਿਰ ’ਚ ਸਥਿਤ ਚੀਨੀ ਵਣਜ ਦੂਤਘਰ ’ਤੇ ਹੋਈ, ਜਦੋਂ 3 ਆਤਮਘਾਤੀ ਅੱਤਵਾਦੀਅਾਂ ਦੇ ਹਮਲੇ ’ਚ ਵੀਜ਼ੇ ਦੀ ਅਰਜ਼ੀ ਦੇਣ ਆਏ 2 ਨਾਗਰਿਕਾਂ ਤੇ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ।
ਅੱਤਵਾਦੀਅਾਂ ਨੇ ਵਿਸਫੋਟਕ ਬੈਲਟਾਂ ਬੰਨ੍ਹੀਅਾਂ ਹੋਈਅਾਂ ਸਨ ਤੇ ਉਨ੍ਹਾਂ ਕੋਲ ਵੱਡੀ ਗਿਣਤੀ ’ਚ ਹਥਿਆਰ ਵੀ ਸਨ। ਉਨ੍ਹਾਂ ਦੇ ਕਬਜ਼ੇ ’ਚੋਂ 9 ਹੱਥਗੋਲੇ, ਕਲਾਸ਼ਨੀਕੋਵ ਰਾਈਫਲ ਦੀਅਾਂ ਗੋਲੀਅਾਂ, ਮੈਗਜ਼ੀਨ ਅਤੇ ਵਿਸਫੋਟਕ ਬਰਾਮਦ ਕੀਤੇ ਗਏ। 
ਇਸੇ ਦਿਨ ਅੱਤਵਾਦ ਦੀ ਦੂਜੀ ਵੱਡੀ ਘਟਨਾ ‘ਖੈਬਰ ਪਖਤੂਨਖਵਾ’ ਪ੍ਰਾਂਤ ’ਚ ਹਾਂਗੂ ਦੇ ‘ਲੋਅਰ ਓਰਕਜੇਈ’ ਇਲਾਕੇ ’ਚ ਹੋਈ, ਜਿੱਥੇ ਇਕ ਧਾਰਮਿਕ ਅਸਥਾਨ ਦੇ  ਬਾਹਰ ਰਿਮੋਟ ਕੰਟਰੋਲ ਨਾਲ ਕੀਤੇ ਗਏ ਭਿਆਨਕ ਧਮਾਕੇ ’ਚ 3 ਬੱਚਿਅਾਂ ਤੇ 3 ਸਿੱਖਾਂ ਸਮੇਤ ਘੱਟੋ-ਘੱਟ 32 ਵਿਅਕਤੀ ਮਾਰੇ ਗਏ ਤੇ 40 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਅਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਧਮਾਕੇ ’ਚ ਵਰਤਿਆ ਗਿਆ ਬੰਬ ਇਕ ਮੋਟਰਸਾਈਕਲ ’ਚ ਫਿੱਟ ਸੀ। 
ਅੱਜ ਪਾਕਿਸਤਾਨ ਆਰਥਿਕ ਦੀਵਾਲੀਆ ਹੋਣ ਕੰਢੇ ਹੈ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਆਈ. ਐੱਮ. ਐੱਫ., ਸਾਊਦੀ ਅਰਬ ਅਤੇ ਚੀਨ ਤੋਂ ਬਾਅਦ ਯੂ. ਏ. ਈ. ਦਾ ਪੱਲਾ ਫੜਿਆ ਹੈ। 
ਇਸ ਸਿਲਸਿਲੇ ’ਚ ਉਨ੍ਹਾਂ ਨੇ ਆਬੂਧਾਬੀ ਦੇ ਰਾਜਕੁਮਾਰ ਨਾਲ ਆਰਥਿਕ ਸਹਿਯੋਗ ’ਤੇ ਚਰਚਾ ਕੀਤੀ ਹੈ ਤੇ ਇਮਰਾਨ ਖਾਨ ਵਲੋਂ ਇਸੇ ਸਿਲਸਿਲੇ ’ਚ ਛੇਤੀ ਹੀ ਇਕ ਵਾਰ ਫਿਰ ਚੀਨ ਦੀ ਯਾਤਰਾ ਕੀਤੇ ਜਾਣ ਦੀ ਸੰਭਾਵਨਾ ਹੈ। 
ਇਸ ਦਰਮਿਆਨ ਜਿੱਥੇ ਇਕ ਪਾਸੇ ਯੂ. ਏ. ਈ. ਨੇ 3 ਅਰਬ ਡਾਲਰ ਦੇ ਪੈਕੇਜ ਤਹਿਤ ਪਾਕਿਸਤਾਨ ਨੂੰ 1 ਅਰਬ ਡਾਲਰ ਦੀ ਸਹਾਇਤਾ ਜਾਰੀ ਕਰ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਅਮਰੀਕਾ ਨੇ ਪਾਕਿਸਤਾਨ ਨੂੰ ਝਟਕਾ ਦਿੰਦਿਅਾਂ 1.3 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ ਦਾ ਐਲਾਨ ਕਰ ਦਿੱਤਾ ਹੈ। 
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੁਹਰਾਇਆ ਹੈ ਕਿ ‘‘ਜਦੋਂ ਤਕ ਪਾਕਿਸਤਾਨ ਆਪਣੀ ਹੱਦ ’ਚ ਮੌਜੂਦ ਅੱਤਵਾਦੀਅਾਂ ਦੇ ਟਿਕਾਣਿਅਾਂ ’ਤੇ ਕਾਰਵਾਈ ਨਹੀਂ ਕਰਦਾ, ਉਸ ਨੂੰ ਦਿੱਤੀ ਜਾਣ ਵਾਲੀ ਉਕਤ ਸਹਾਇਤਾ ਰਾਸ਼ੀ ਰੁਕੀ ਰਹੇਗੀ।’’
ਇਕ ਪਾਸੇ ਜਿੱਥੇ ਪਾਕਿਸਤਾਨ ਆਰਥਿਕ ਸੰਕਟ ਦਾ ਸ਼ਿਕਾਰ ਹੈ, ਉਥੇ ਹੀ ਦੂਜੇ ਪਾਸੇ ਆਪਣੇ ਦੇਸ਼ ’ਚ ਵਧ ਰਹੀ ‘ਟੁੱਟ-ਭੱਜ’ ਨੂੰ ਰੋਕਣ ਵੱਲ ਧਿਆਨ ਨਾ ਦੇ ਕੇ ਉਹ ਭਾਰਤ ’ਚ ਹਿੰਸਾ ਕਰਵਾ ਰਿਹਾ ਹੈ। ਜੇ ਪਾਕਿਸਤਾਨ ਦੇ ਸ਼ਾਸਕ ਭਾਰਤ ’ਚ ਹਿੰਸਕ ਸਰਗਰਮੀਅਾਂ ਨੂੰ ਹਵਾ ਦੇਣ ਦੀ ਥਾਂ ਆਪਣੇ ਦੇਸ਼ ’ਚ ਵਧ ਰਹੀ ਅੱਤਵਾਦੀ ਹਿੰਸਾ ਰੋਕਣ ਵੱਲ ਧਿਆਨ ਦੇਣਗੇ ਤਾਂ ਹੀ ਉਥੇ ਹਾਲਾਤ ਸੁਧਰ ਸਕਣਗੇ ਅਤੇ ਉਥੋਂ ਦੇ ਲੋਕ ਸੁੱਖ ਦਾ ਸਾਹ ਲੈ ਸਕਣਗੇ।                                                           –ਵਿਜੇ ਕੁਮਾਰ


Related News