ਵਾਦ-ਵਿਵਾਦ ਵਾਲੇ ਬਿਆਨ ਦੇਣ ’ਚ ਸਾਡੇ ਨੇਤਾ ਹਨ ‘ਇਕ ਤੋਂ ਵਧ ਕੇ ਇਕ’

10/15/2019 1:17:28 AM

ਕੁਝ ਸਾਲਾਂ ਤੋਂ ਸਾਡੇ ਦੇਸ਼ ’ਚ ਵੱਖ-ਵੱਖ ਸਿਆਸੀ ਦਲਾਂ ਦੇ ਛੋਟੇ-ਵੱਡੇ ਨੇਤਾਵਾਂ ਵਲੋਂ ਕੁੜੱਤਣ ਭਰੇ ਅਤੇ ਊਲ-ਜਲੂਲ ਬਿਆਨ ਦੇਣ ਦਾ ਸਿਲਸਿਲਾ ਜਿਹਾ ਚੱਲ ਪਿਆ ਹੈ, ਜੋ ਚੋਣਾਂ ਦੇ ਮੌਸਮ ਵਿਚ ਤਾਂ ਹੋਰ ਵੀ ਵਧ ਜਾਂਦਾ ਹੈ। ਹੇਠਾਂ ਦਰਜ ਹਨ ਪਿਛਲੇ ਸਿਰਫ 8 ਦਿਨਾਂ ’ਚ ਸਾਡੇ ਨੇਤਾਵਾਂ ਵਲੋਂ ਦਿੱਤੇ ਹੋਏ ਅਜਿਹੇ ਹੀ ਬਿਆਨਾਂ ਦੇ ਕੁਝ ਨਮੂਨੇ :

* 06 ਅਕਤੂਬਰ ਨੂੰ ਟਵੀਟ ਕਰਦੇ ਹੋਏ ਹਰਿਆਣਾ ਤੇ ਮਹਾਰਾਸ਼ਟਰ ’ਚ ਚੋਣਾਂ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਦੇ ਬੈਂਕਾਕ ਜਾਣ ਨੂੰ ਲੈ ਕੇ ਭਾਜਪਾ ਨੇ ਕਿਹਾ, ‘‘ਹੁਣ ‘ਆਲੂ ਤੋਂ ਸੋਨਾ’ ਅਤੇ ‘ਔਰੰਗਾਬਾਦ ਮੇਡ ਮੋਬਾਇਲ’ ਦੀ ਗੱਲ ਕੌਣ ਕਰੇਗਾ!’’

* 08 ਅਕਤੂਬਰ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਮੱਧ ਪ੍ਰਦੇਸ਼ ’ਚ ਪੈਨਸ਼ਨ ਘਪਲੇ ਦੀ ਜਾਂਚ ਨੂੰ ਲੈ ਕੇ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਬੋਲੇ, ‘‘ਜੋ ਉਖਾੜਨਾ ਹੈ, ਉਖਾੜ ਲੈਣ।’’

* 10 ਅਕਤੂਬਰ ਨੂੰ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨੇ ਕਾਂਗਰਸ ਨੂੰ ‘ਬੱਚਾ ਖਾਊ ਪਾਰਟੀ’ ਕਰਾਰ ਦਿੰਦਿਆਂ ਕਿਹਾ, ‘‘ਇਥੇ ਕਈ ਨੌਜਵਾਨ ਨੇਤਾਵਾਂ ਦੀ ਤਾਂ ਭਰੂਣ ਹੱਤਿਆ ਹੀ ਕਰ ਦਿੱਤੀ ਜਾਂਦੀ ਹੈ, ਜਦਕਿ ਕਈ ਨੌਜਵਾਨ ਨੇਤਾ ਜਦੋਂ ਆਪਣੇ ਪੈਰਾਂ ’ਤੇ ਖੜ੍ਹੇ ਹੁੰਦੇ ਹਨ ਤਾਂ ਪਾਰਟੀ ’ਚ ਬੈਠੇ ਮਗਰਮੱਛ ਉਨ੍ਹਾਂ ਨੂੰ ਖਾ ਜਾਂਦੇ ਹਨ।’’

* 10 ਅਕਤੂਬਰ ਨੂੰ ਸਪਾ ਮੁਖੀ ਅਖਿਲੇਸ਼ ਯਾਦਵ ਬੋਲੇ, ‘‘ਉੱਤਰ ਪ੍ਰਦੇਸ਼ ’ਚ ਰਾਮਰਾਜ ਨਹੀਂ, ਸਗੋਂ ਨਾਥੂ ਰਾਮ ਰਾਜ ਹੈ।’’

* 10 ਅਕਤੂਬਰ ਨੂੰ ਕੈਥਲ ਤੋਂ ਕਾਂਗਰਸ ਦੇ ਵਿਧਾਇਕ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਜਪਾ ਨੂੰ ‘ਭਗੌੜੇ ਜੋੜ ਪਾਰਟੀ’ ਕਰਾਰ ਦਿੱਤਾ ਅਤੇ ਕਿਹਾ ਕਿ ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ਼ਕੁਨੀ ਵਾਂਗ ਉਨ੍ਹਾਂ ਦੀਆਂ ਵੰਡ ਪਾਉਣ ਵਾਲੀਆਂ ਚਾਲਾਂ ਇਥੇ ਕਾਮਯਾਬ ਨਹੀਂ ਹੋਣਗੀਆਂ। ਇਹ ਮਹਾਭਾਰਤ ਦੀ ਧਰਤੀ ਹੈ ਅਤੇ ਇਥੇ ਕੌਰਵਾਂ ਦੀ ਸ਼ਕਤੀ ਨੂੰ, ਜਿਸ ਦੀ ਪ੍ਰਤੀਨਿਧਤਾ ਭਾਜਪਾ ਕਰ ਰਹੀ ਹੈ, ਪਾਂਡਵਾਂ ਦੇ ਰੂਪ ’ਚ ਹਰਿਆਣਾ ਦੇ ਲੋਕ ਖਤਮ ਕਰ ਦੇਣਗੇ।’’

* 12 ਅਕਤੂਬਰ ਨੂੰ ਭੋਪਾਲ ’ਚ ਕਾਂਗਰਸ ਵਿਧਾਇਕ ਅਤੇ ਸੂਬਾਈ ਸਰਕਾਰ ’ਚ ਸੀਨੀਅਰ ਮੰਤਰੀ ਡਾ. ਗੋਵਿੰਦ ਸਿੰਘ ਬੋਲੇ, ‘‘ਰਾਸ਼ਟਰੀ ਸਵੈਮ ਸੇਵਕ ਸੰਘ ’ਚ ਬਚਪਨ ਤੋਂ ਹੀ ਝੂਠ ਬੋਲਣ ਅਤੇ ਸਾਜ਼ਿਸ਼ ਰਚਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦਾ ਨਾਂ ਤਾਂ ‘ਰਾਸ਼ਟਰੀ ਸਾਜ਼ਿਸ਼ਕਾਰੀ ਸੰਗਠਨ’ ਹੋਣਾ ਚਾਹੀਦਾ ਹੈ।’’

* 13 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਖਰਖੌਦਾ ਦੀ ਇਕ ਰੈਲੀ ’ਚ ਭਾਸ਼ਣ ਦਿੰਦਿਆਂ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਤੁਲਨਾ ਮਰੀ ਹੋਈ ਚੂਹੀ ਨਾਲ ਕਰਦੇ ਹੋਏ ਕਿਹਾ, ‘‘...3 ਮਹੀਨੇ ਉਹ ਲੋਕ ਨਵੇਂ ਪ੍ਰਧਾਨ ਦੀ ਭਾਲ ’ਚ ਦੇਸ਼ ਭਰ ’ਚ ਘੁੰਮਦੇ ਰਹੇ। 3 ਮਹੀਨਿਆਂ ਬਾਅਦ ਕੌਣ ਪ੍ਰਧਾਨ ਬਣਿਆ? ਸੋਨੀਆ ਗਾਂਧੀ। ਪੁੱਟਿਆ ਪਹਾੜ ਨਿਕਲੀ ਚੂਹੀ, ਉਹ ਵੀ ਮਰੀ ਹੋਈ।’’

ਇਸ ਦੇ ਜਵਾਬ ’ਚ 14 ਅਕਤੂਬਰ ਨੂੰ ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਰਾਊਤ ਨੇ ਮਨੋਹਰ ਲਾਲ ਖੱਟੜ ਨੂੰ ‘ਖੱਚਰ’ ਦੱਸ ਦਿੱਤਾ ਅਤੇ ਬੋਲੇ, ‘‘ਹਰਿਆਣਾ ਦੇ ਸੀ. ਐੱਮ. ‘ਖੱਟਰ’ ਨਹੀਂ ਸਗੋਂ ‘ਖੱਚਰ’ ਹਨ। ਉਨ੍ਹਾਂ ਨੇ ਜੇਕਰ ਇਸ ਕਿਸਮ ਦਾ ਬਿਆਨ ਦੇਣਾ ਹੈ ਤਾਂ ਮੋਦੀ ਜੀ ਬਾਰੇ ਦੇਣਾ ਚਾਹੀਦਾ ਹੈ ਕਿਉਂਕਿ ‘ਪੁੱਟਿਆ ਪਹਾੜ ਨਿਕਲਿਆ ਚੂਹਾ’, ਤਾਂ ਮੋਦੀ ਜੀ ਲਈ ਪ੍ਰਫੈਕਟ ਬੈਠਦਾ ਹੈ।

ਉਪਰੋਕਤ ਬਿਆਨਾਂ ਤੋਂ ਇਲਾਵਾ ਵੀ ਸਾਡੇ ਮਾਣਯੋਗ ਜਨ-ਪ੍ਰਤੀਨਿਧੀਆਂ ਨੇ ਹੋਰ ਪਤਾ ਨਹੀਂ ਕਿੰਨੇ ਬਿਆਨ ਦੇ ਕੇ ਸਮਾਜ ਵਿਚ ਕੁੜੱਤਣ ਦੇ ਬੀਜ ਬੀਜਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਜੋ ਬਿਲਕੁਲ ਉਚਿਤ ਨਹੀਂ ਹੈ।’’

–ਵਿਜੇ ਕੁਮਾਰ


Bharat Thapa

Content Editor

Related News