‘ਨੇਪਾਲ ’ਤੇ ਸੱਤਾ ਕਾਇਮ ਰੱਖਣ ਲਈ’‘ਓਲੀ ਨੇ ਖੇਡਿਆ ਹਿੰਦੂ ਕਾਰਡ’

02/04/2021 2:12:54 AM

ਅਚਾਨਕ 20 ਦਸੰਬਰ, 2020 ਦੀ ਸਵੇਰ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ‘ਓਲੀ’ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਵਲੋਂ ਦੇਸ਼ ਦੀ ਸੰਸਦ ਭੰਗ ਕਰ ਕੇ 30 ਅਪ੍ਰੈਲ ਅਤੇ 10 ਮਈ ਨੂੰ 2 ਪੜਾਵਾਂ ’ਚ ਦੇਸ਼ ’ਚ ਚੋਣਾਂ ਕਰਵਾਉਣ ਦੀ ਐਲਾਨ ਦੇ ਵਿਰੁੱਧ ਨੇਪਾਲ ’ਚ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਸਰਕਾਰ ਵਿਰੋਧੀ ਰੋਸ ਵਿਖਾਵੇ ਜਾਰੀ ਹਨ।

‘ਖੜਗ ਪ੍ਰਸਾਦ ਸ਼ਰਮਾ’ (ਕੇ. ਪੀ. ਸ਼ਰਮਾ) ‘ਓਲੀ’ ਦੇ ਇਸ ਕਦਮ ਦੇ ਵਿਰੁੱਧ ਰੋਸ ਵਜੋਂ ‘ਨੇਪਾਲ ਕਮਿਊਨਿਸਟ ਪਾਰਟੀ’ ਦੇ ਦੋਫਾੜ ਹੋ ਜਾਣ ਤੋਂ ਬਾਅਦ ਜਿਥੇ ਕਮਿਊਨਿਸਟ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਹੈ, ਉਥੇ ਪਾਰਟੀ ਦੇ ਇਕ ਧੜੇ ਨੇ ‘ਓਲੀ’ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ।

ਅਜੇ ਤਕ ਖੁਦ ਨੂੰ ਨਾਸਤਿਕ ਕਹਿੰਦੇ ਆਏ ‘ਓਲੀ’ ਪੰਜਾਹ ਤੋਂ ਵਧ ਸਾਲਾਂ ਤੋਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਨ੍ਹਾਂ ਦੇ ਪਿਤਾ ਪੰ. ਮੋਹਨ ਪ੍ਰਸਾਦ ਓਲੀ ਜੋਤਿਸ਼ ਸਨ ਪਰ ਧਰਮ ਨੂੰ ‘ਅਫੀਮ’ ਮੰਨਣ ਵਾਲੇ ਕੇ.ਪੀ. ਸ਼ਰਮਾ ‘ਓਲੀ’ ਹਮੇਸ਼ਾ ਧਰਮ-ਕਰਮ ਦੀਆਂ ਗੱਲਾਂ ਤੋਂ ਇਨਕਾਰ ਕਰਦੇ ਰਹੇ ਅਤੇ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ‘‘ਦੁਨੀਆ ’ਚ ਕੋਈ ਭਗਵਾਨ ਨਹੀਂ ਹੈ ਅਤੇ ਜੇਕਰ ਭਗਵਾਨ ਹੈ ਤਾਂ ਉਹ ਸਿਰਫ ਅਤੇ ਸਿਰਫ ‘ਕਾਰਲ ਮਾਰਕਸ’ ਹੀ ਹੈ।’’

ਪਰ ਹੁਣ ਆਪਣੀ ਕੁਰਸੀ ਖਿਸਕਦੀ ਦੇਖ ਕੇ ਉਨ੍ਹਾਂ ਨੇ ਆਪਣੇ ਕੱਟੜ ਕਮਿਊਨਿਸਟ ਵਾਲੇ ਚੋਲੇ ’ਚ ਅਚਾਨਕ ਹਿੰਦੂਤਵ ਦਾ ਰੰਗ ਭਰਨਾ ਸ਼ੁਰੂ ਕਰ ਦਿੱਤਾ ਹੈ। ਨੇਪਾਲ ਦੇ ਹਿੰਦੂ ਰਾਜਤੰਤਰ ਦਾ ਵਿਰੋਧ ਕਰਨ ਵਾਲੇ ‘ਓਲੀ’ ਹੁਣ ਹਿੰਦੂ ਧਾਰਮਿਕ ਯੱਗਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਮੰਦਿਰਾਂ ’ਚ ਜਾਣ ਲੱਗੇ ਹਨ।

ਪਿਛਲੇ ਹਫਤੇ ਉਹ ਕਾਠਮੰਡੂ ਸਥਿਤ ਪ੍ਰਸਿੱਧ ‘ਪਸ਼ੂਪਤੀ ਨਾਥ ਮੰਦਿਰ’ ਵਿਚ ਆਪਣੀ ਪਤਨੀ ਰਾਧਿਕਾ ਦੇ ਨਾਲ ਵਿਸ਼ੇਸ਼ ਪੂਜਨ ਦੇ ਲਈ ਗਏ। ਉਨ੍ਹਾਂ ਨੇ ਉਥੇ ਸਵਾ ਘੰਟਾ ਪੂਜਾ-ਅਰਚਨਾ ਕੀਤੀ ਅਤੇ ਦੇਸੀ ਘਿਓ ਦੇ ਸਵਾ ਲੱਖ ਦੀਵੇ ਵੀ ਜਗਾਏ।

ਇਸ ਮੌਕੇ ’ਤੇ ਉਨ੍ਹਾਂ ਨੇ ਮੰਦਿਰ ’ਚ ਲੱਗਣ ਵਾਲੇ 108 ਕਿਲੋ ਸੋਨੇ ਦੀ ਖਰੀਦ ਦੇ ਲਈ 30 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ‘ਪਸ਼ੂਪਤੀ ਖੇਤਰ ਵਿਕਾਸ ਟਰੱਸਟ’ ਦੇ ਪ੍ਰਧਾਨ ਅਤੇ ਦੇਸ਼ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ‘ਭਾਨੂ ਭਗਤ ਆਚਾਰੀਆ’ ਨੂੰ ਨਿੱਜੀ ਤੌਰ ’ਤੇ ਸੋਨਾ ਖਰੀਦਣ ਦੇ ਲਈ ਧਨ ਦਾ ਪ੍ਰਬੰਧ ਕਰਨ ਅਤੇ ਮੰਦਿਰ ਨੂੰ ਸਨਾਤਨ ਧਰਮ ਮੰਨਣ ਵਾਲਿਆਂ ਦੇ ਪਵਿੱਤਰ ਤੀਰਥ ਸਥਾਨ ਦੇ ਰੂਪ ’ਚ ਵਿਕਸਿਤ ਕਰਨ ਦਾ ਨਿਰਦੇਸ਼ ਵੀ ਦਿੱਤਾ।

ਕੇ. ਪੀ. ਸ਼ਰਮਾ ਓਲੀ ਦੀ ਇਸ ਮੰਦਿਰ ਯਾਤਰਾ ਦੇ ਅਗਲੇ ਹੀ ਦਿਨ ਟਰੱਸਟ ਦੀ ਬੈਠਕ ’ਚ ਇਕ ਹਫਤੇ ਦੇ ਅੰਦਰ ਨੇਪਾਲ ਰਾਸ਼ਟਰੀ ਬੈਂਕ ਤੋਂ ਸਿੱਧੇ ਤੌਰ ’ਤੇ ਸੋਨਾ ਖਰੀਦਣ ਦਾ ਫੈਸਲਾ ਕਰ ਲਿਆ ਗਿਆ।

‘ਪਸ਼ੂਪਤੀ ਨਾਥ ਮੰਦਿਰ’ ਵਿਚ ਪੂਜਾ ਕਰਨ ਵਾਲੇ ਉਹ ਨੇਪਾਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਕਿਸੇ ਮੰਦਿਰ ’ਚ ਨਹੀਂ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਕਰਕੇ ਸੰਸਦ ਨੂੰ ਭੰਗ ਕਰਨ ਤੋਂ ਉਪਜਿਆ ਲੋਕਾਂ ਦੇ ਗੁੱਸੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਓਲੀ ਦੇ ਇਸ ਕਦਮ ਨੂੰ ਸੰਵਿਧਾਨ ’ਤੇ ਹਮਲਾ ਦੱਸਿਆ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਸੰਵਿਧਾਨ ’ਚ ਨੇਪਾਲ ਨੂੰ ਇਕ ਧਰਮਨਿਰਪੱਖ ਸੂਬੇ ਦਾ ਦਰਜਾ ਦਿੱਤਾ ਗਿਆ ਹੈ।

ਪਸ਼ੂਪਤੀ ਖੇਤਰ ਵਿਕਾਸ ਟਰੱਸਟ ਦੇ ਅਧਿਕਾਰੀਆਂ ਅਨੁਸਾਰ ਮੰਦਿਰ ਦੀ ਸੁਨਹਿਰੀ ਸਜਾਵਟ ਦਾ ਸਾਰਾ ਕੰਮ ‘ਓਲੀ’ 11 ਮਾਰਚ ਤੋਂ ਪਹਿਲਾਂ ਸੰਪੰਨ ਕਰਵਾ ਦੇਣਾ ਚਾਹੁੰਦੇ ਹਨ ਤਾਂਕਿ ਇਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇ।

ਟਰੱਸਟ ਦੇ ਅਧਿਕਾਰੀਆਂ ਅਨੁਸਾਰ ਜੇਕਰ 11 ਮਾਰਚ ਤਕ ਅਜਿਹਾ ਕਰਨਾ ਸੰਭਵ ਨਾ ਹੋਇਆ ਤਾਂ ਇਹ ਕੰਮ 14 ਮਈ ਨੂੰ ਮਨਾਏ ਜਾਣ ਵਾਲੇ ਅਕਸ਼ੇ ਤ੍ਰਿਤੀਆ ਦੇ ਤਿਉਹਾਰ ’ਤੇ ਤਾਂ ਜ਼ਰੂਰ ਹੀ ਸੰਪੰਨ ਕਰ ਦਿੱਤਾ ਜਾਵੇਗਾ।

ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਓਲੀ ਦੀ ਇਸ ਮੰਦਿਰ ਯਾਤਰਾ ਦੇ ਪਿੱਛੇ ਉਨ੍ਹਾਂ ਦਾ ਸਿਆਸੀ ਏਜੰਡਾ ਲੁਕਿਆ ਹੋਇਆ ਹੈ ਅਤੇ ਅਜਿਹਾ ਕਰ ਕੇ ਉਹ ਧਰਮ-ਨਿਰਪੱਖਤਾ ਦੇ ਲੇਬਲ ਤੋਂ ਮੁਕਤ ਹੋਣਾ ਚਾਹੁੰਦੇ ਹਨ।

ਕੇ.ਪੀ. ਸ਼ਰਮਾ ‘ਓਲੀ’ ਦੀ ਵਿਚਾਰਧਾਰਾ ’ਚ ਅਚਾਨਕ ਹਿੰਦੂ ਰੀਤੀ-ਰਿਵਾਜ਼ਾਂ ਦੇ ਪ੍ਰਤੀ ਇਹ ਝੁਕਾਅ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਦੇਸ਼ ’ਚ ਇਕ ਹਿੰਦੂ ਰਾਸ਼ਟਰ ਦੇ ਰੂਪ ’ਚ 2008 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਦੀ ਮੰਗ ’ਤੇ ਜ਼ੋਰ ਦੇਣ ਦੇ ਲਈ ਰੋਸ ਵਿਖਾਵਿਆਂ ਦਾ ਹੜ੍ਹ ਆਇਆ ਹੋਇਆ ਹੈ।

‘ਓਲੀ’ ਦੇ ਇਸ ਅਣਕਿਆਸੇ ਕਦਮ ਤੋਂ ਨੇਪਾਲ ਦੀ ਸਿਆਸਤ ’ਚ ਗਰਮੀ ਆ ਗਈ ਹੈ ਅਤੇ ਚੀਨ ਦੀ ਕਮਿਊਨਿਸਟ ਸਰਕਾਰ ਦੇ ਮੁਖੀਆ ਸ਼ੀ-ਜਿਨ-ਪਿੰਗ ਨੂੰ ਆਪਣੇ ਮਨਸੂਬਿਆਂ ’ਤੇ ਪਾਣੀ ਫਿਰਦਾ ਦਿਖਾਈ ਦੇਣ ਲੱਗਾ ਹੈ।

ਹੁਣ ‘ਓਲੀ’ ਦਾ ਇਹ ਦਾਅ ਕਿੰਨਾ ਸਫਲ ਹੁੰਦਾ ਹੈ, ਇਸਦਾ ਪਤਾ ਤਾਂ ਅੱਗੇ ਚਲ ਕੇ ਹੀ ਲੱਗੇਗਾ ਪਰ ਆਪਣੀ ਸੱਤਾ ਕਾਇਮ ਰੱਖਣ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਦਾ ਮੰਦਿਰ ’ਚ ਜਾਣਾ ਅਤੇ ਮੰਦਿਰ ਦੇ ਸੁੰਦਰੀਕਰਨ ਦੇ ਲਈ ਭਾਰੀ ਧਨ ਰਾਸ਼ੀ ਦੇਣੀ ਨੇਪਾਲ ਦੀ ਸਿਆਸਤ ’ਚ ਨਵੀਂ ਕਰਵਟ ਦਾ ਸੰਕੇਤ ਜ਼ਰੂਰ ਹੈ।

–ਵਿਜੇ ਕੁਮਾਰ


Bharat Thapa

Content Editor

Related News