ਹੁਣ ਰਿਸ਼ਵਤਖੋਰੀ ਦਾ ਰੋਗ ਔਰਤਾਂ ਨੂੰ ਵੀ ਲੱਗਾ

01/24/2019 5:27:47 AM

ਬੇਸ਼ੱਕ ਸਰਕਾਰੀ ਅਹੁਦਿਆਂ ’ਤੇ ਬੈਠੇ ਛੋਟੇ-ਵੱਡੇ ਸਾਰੇ ਅਧਿਕਾਰੀ ਮੋਟੀਆਂ ਤਨਖਾਹਾਂ ਲੈਂਦੇ ਹਨ ਪਰ ਲਗਾਤਾਰ ਵਧ ਰਹੇ ਰਿਸ਼ਵਤ ਦੇ ਮਾਮਲੇ ਇਸ ਗੱਲ ਦੇ ਗਵਾਹ ਹਨ ਕਿ ਇਨ੍ਹਾਂ ਦਾ ਢਿੱਡ ਇੰਨੀਆਂ ਮੋਟੀਆਂ ਤਨਖਾਹਾਂ ਨਾਲ ਵੀ ਨਹੀਂ  ਭਰਦਾ। ਇਸੇ ਕਾਰਨ ਕਈ ਅਧਿਕਾਰੀ ਉਨ੍ਹਾਂ ਕੋਲ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਦੇ ਰੂਪ ’ਚ ਮੋਟੀ ਰਕਮ ਵਸੂਲਦੇ ਹਨ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 07 ਜਨਵਰੀ ਨੂੰ ਹਿਮਾਚਲ ਬਿਜਲੀ ਬੋਰਡ ਦਾ ਬੰਜਾਰ ’ਚ ਤਾਇਨਾਤ ਐੱਸ. ਡੀ. ਓ. ਅੰਕੁਸ਼ ਅਵਸਥੀ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
–ਬਟਾਲਾ ਦੇ ਤਹਿਸੀਲ ਕੰਪਲੈਕਸ ’ਚ ਇਕ ਪਟਵਾਰੀ ਦੇ ਕਰਿੰਦੇ ਪ੍ਰਤਾਪ ਉਰਫ ਰਾਜੂ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਨਾਲ ਕਾਬੂ ਕੀਤਾ ਗਿਆ।
–ਅਹਿਮਦਾਬਾਦ ਮਹਾ ਨਗਰਪਾਲਿਕਾ ਦੇ ਇੰਸਪੈਕਟਰ ‘ਮਯੰਕ ਵਿਪਿਨ ਲਾਲ ਮਿਸਤਰੀ’ ਅਤੇ ਸਰਵੇਅਰ ‘ਮੁਕੇਸ਼ ਗਾਂਡਾਲਾਲ ਪਰਮਾਰ’ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ।
* 08 ਜਨਵਰੀ ਨੂੰ ਅਜਮੇਰ ’ਚ ‘ਕੈਟਲ ਫੀਡ ਪਲਾਂਟ’ ਦਾ ਮੈਨੇਜਰ ਰਜਿੰਦਰ ਸਿੰਘ ਇਕ ਠੇਕੇਦਾਰ ਦੇ ਬਿੱਲ ਪਾਸ ਕਰਨ ਬਦਲੇ 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ।
* 09 ਜਨਵਰੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਕੇਰਲ ਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਟੀ. ਓ. ਸੂਰਜ ਦੀ 8.80 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ। ਇਸ ’ਚ 4 ਗੱਡੀਆਂ, 13 ਅਚੱਲ ਜਾਇਦਾਦਾਂ ਤੇ 23 ਲੱਖ ਰੁਪਏ ਨਕਦ ਸ਼ਾਮਲ ਹਨ।
–ਦਮੋਹ ’ਚ ਸਹਾਇਕ ਮਾਲੀਆ ਅਧਿਕਾਰੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ।
*  10 ਜਨਵਰੀ ਨੂੰ ‘ਐਂਟੀ ਕੁਰੱਪਸ਼ਨ’ ਵਿਭਾਗ ਆਗਰਾ ਨੇ ਪਸ਼ੂ-ਪਾਲਣ ਮਹਿਕਮੇ ਦੇ ਜੂਨੀਅਰ ਸਹਾਇਕ ਉਪੇਂਦਰ ਕੁਮਾਰ ਨੂੰ ਇਕ ਚੌਥਾ ਦਰਜਾ ਮੁਲਾਜ਼ਮ ਦੀ ਅਟਕੀ ਹੋਈ ਪੈਨਸ਼ਨ ਜਾਰੀ ਕਰਨ ਬਦਲੇ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
*  10 ਜਨਵਰੀ ਨੂੰ ਹੀ ਲੋਕ-ਅਾਯੁਕਤ ਪੁਲਸ, ਇੰਦੌਰ ਨੇ ਸਿੱਖਿਆ ਮਹਿਕਮੇ ਦੇ ਅਧੀਨ ਜ਼ਿਲਾ ਯੋਜਨਾ ਤਾਲਮੇਲ ਦਫਤਰ, ਧਾਰ ’ਚ ਕੰਮ ਕਰਦੇ ਅਕਾਊਂਟੈਂਟ ਕਲਿਆਣ ਸ਼ਰਮਾ ਨੂੰ 16 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚਿਆ।
*  10 ਜਨਵਰੀ ਨੂੰ ਹੀ ਬਿਹਾਰ ਦੀ ਰਾਜਧਾਨੀ ਪਟਨਾ ’ਚ ਸੀ. ਬੀ. ਆਈ. ਦੀ ਟੀਮ ਨੇ ਇਕ ਰਾਈਸ ਮਿੱਲ ਦੇ ਮਾਲਕ ਨੂੰ ਕਰਜ਼ਾ ਦੇਣ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਜਨਤਕ ਖੇਤਰ ਦੇ ਆਂਧਰਾ ਬੈਂਕ ਦੇ ਸੀਨੀਅਰ ਮੈਨੇਜਰ ਸੰਦੀਪ ਕੁਮਾਰ ਨੂੰ ਫੜਿਆ।
*  11 ਜਨਵਰੀ ਨੂੰ  ਯੂ. ਪੀ. ਦੇ ਅੌਰਈਆ ਜ਼ਿਲੇ ’ਚ ਪੰਚਾਇਤੀ ਰਾਜ ਅਧਿਕਾਰੀ ਕਮਲ ਕਿਸ਼ੋਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ।
*  12 ਜਨਵਰੀ ਨੂੰ ਗੁਜਰਾਤ ਦੇ ਵਡੋਦਰਾ ’ਚ ਸੀ. ਬੀ. ਆਈ.  ਨੇ ਈ. ਪੀ. ਐੱਫ. ਓ. ’ਚ ਤਾਇਨਾਤ ਐਨਫੋਰਸਮੈਂਟ ਅਧਿਕਾਰੀ ਰਜਨੀਸ਼ ਤਿਵਾੜੀ ਨੂੰ ਇਕ ਵਿਅਕਤੀ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਦਸੰਬਰ ਨੂੰ ਇਸੇ ਵਿਭਾਗ ’ਚ ਮਹਿਲਾ ਐਨਫੋਰਸਮੈਂਟ ਅਧਿਕਾਰੀ ਵਜੋਂ ਕੰਮ ਕਰਦੀ ਰਜਨੀਸ਼ ਤਿਵਾੜੀ ਦੀ ਪਤਨੀ ਪਾਰੂ ਤਿਵਾੜੀ ਨੂੰ ਵੀ ਇਕ ਵਿਅਕਤੀ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ।
*  12 ਜਨਵਰੀ ਨੂੰ  ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੌਮੀ ਰਾਜਮਾਰਗ ਵਿਭਾਗ ’ਚ ਤਾਇਨਾਤ ਕਾਰਜਕਾਰੀ ਇੰਜੀਨੀਅਰ ਐੱਲ. ਰਘੂ ਦੀ 1.92 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ।
*  13 ਜਨਵਰੀ ਨੂੰ ਮਹਾਰਾਸ਼ਟਰ ਦੇ ਪਰਭਨੀ ’ਚ ਜ਼ਿਲਾ ਹਸਪਤਾਲ ਦੇ ਮੈਡੀਕਲ ਅਫਸਰ ਡਾ. ਗਜਾਨਨ ਕਾਲੇ ਅਤੇ ਉਸ ਦੇ ਸਹਾਇਕ ਨੂੰ ਇਕ ਔਰਤ ਦਾ ਆਪ੍ਰੇਸ਼ਨ ਕਰਨ ਬਦਲੇ ਉਸ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
*  14 ਜਨਵਰੀ ਨੂੰ ਮੋਗਾ ਨੇੜੇ ਘੱਲਕਲਾਂ ਦੇ ਪਟਵਾਰੀ ਛਿੰਦਰ ਸਿੰਘ ਨੂੰ ਇਕ ਕਿਸਾਨ ਤੋਂ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਗਿਆ।
*  15 ਜਨਵਰੀ ਨੂੰ ਅਰਬਨ ਅਸਟੇਟ ਪੁਲਸ ਚੌਕੀ, ਪਟਿਆਲਾ ’ਚ ਤਾਇਨਾਤ ਏ. ਐੱਸ. ਆਈ. ਸ਼ੀਸ਼ਪਾਲ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ।
*  20 ਜਨਵਰੀ ਨੂੰ  ਪੰਜਾਬ ਪੁਲਸ ਦੇ ਇਕ ਹੈੱਡ ਕਾਂਸਟੇਬਲ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ। 
*  22 ਜਨਵਰੀ ਨੂੰ  ਸੀ. ਬੀ. ਆਈ. ਨੇ ਬਿਹਾਰ ਦੇ ਸਿਮਰਹੀ ’ਚ ਇਕ ਬੈਂਕ ਮੈਨੇਜਰ ਅਮਰ ਕੁਮਾਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
*  22 ਜਨਵਰੀ ਨੂੰ ਹੀ ਵਿਜੀਲੈਂਸ ਬਿਊਰੋ ਨੇ ਮਿਊਂਸੀਪਲ ਕਾਰਪੋਰੇਸ਼ਨ, ਹਿਸਾਰ ’ਚ ਕੰਪਿਊਟਰ ਆਪ੍ਰੇਟਰ ਕੁਲਦੀਪ ਸਿੰਘ ਨੂੰ ਇਕ ਸ਼ਿਕਾਇਤਕਰਤਾ ਨੂੰ ਐੱਨ. ਓ. ਸੀ. ਦੇਣ ਬਦਲੇ ਉਸ ਤੋਂ 2500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ।
ਸਿਰਫ 15 ਦਿਨਾਂ ਦੀਆਂ ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਭਾਰਤ ’ਚ ਸਾਰੇ ਕਾਨੂੰਨਾਂ ਅਤੇ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਰਿਸ਼ਵਤਖੋਰੀ ਇਕ ਨਾਸੂਰ ਬਣ ਚੁੱਕੀ ਹੈ। ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨਾਂ ’ਚ ਸੋਧ, ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ’ਚ ਵਿਜੀਲੈਂਸ ਵਿਭਾਗ ਦੀ ਸਰਗਰਮੀ ਦੇ ਬਾਵਜੂਦ ਰਿਸ਼ਵਤ ਦੇ ਲੈਣ-ਦੇਣ ਦੇ ਮਾਮਲੇ ਰੁਕਣ ਦੀ ਬਜਾਏ ਲਗਾਤਾਰ ਵਧ ਹੀ ਰਹੇ ਹਨ।
ਇਹ ਬੁਰਾਈ ਉਦੋਂ ਤਕ ਦੂਰ ਹੋਣ ਵਾਲੀ ਨਹੀਂ ਹੈ, ਜਦੋਂ ਤਕ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਫੜੇ ਗਏ ਦੋਸ਼ੀਆਂ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਸਿੱਖਿਆਦਾਇਕ ਸਜ਼ਾ ਦੇਣ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਜਾਂਦਾ।
–ਵਿਜੇ ਕੁਮਾਰ


Related News