ਹੁਣ ਤਾਮਿਲਨਾਡੂ ਦੀ ਅੰਦਰੂਨੀ ਸਿਆਸਤ ਗਰਮਾਈ ਸ਼ਸ਼ੀਕਲਾ ਦੀ ਵਾਪਸੀ ’ਤੇ ਘਮਾਸਾਨ

06/29/2022 1:26:11 AM

ਹਾਲਾਂਕਿ ਉਪਰੋਂ ਤਾਂ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ’ਚ ਫਿਲਹਾਲ ਸ਼ਾਂਤੀ ਦਿਖਾਈ ਦਿੰਦੀ ਹੈ ਪਰ ਅੰਦਰ ਹੀ ਅੰਦਰ ਉੱਥੇ ਵੀ ਅਸੰਤੋਸ਼ ਦਾ ਲਾਵਾ ਉਬਲ ਰਿਹਾ ਹੈ ਅਤੇ ਦੂਜੇ ਪਾਸੇ ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਅਸੰਤੁਸ਼ਟ ਧੜੇ ਨੇ ਊਧਵ ਠਾਕਰੇ ਦੇ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ ਹੈ। ਦੱਖਣੀ ਭਾਰਤ ਦੇ ਤਾਮਿਲਨਾਡੂ ’ਚ ਵੀ ਦ੍ਰਮੁਕ ਦੇ ਹੱਥੋਂ ਸੱਤਾ ਹਾਰ ਚੁੱਕੀ ਅੰਨਾਦ੍ਰਮੁਕ ’ਚ ਸਵ. ਮੁੱਖ ਮੰਤਰੀ ਜੈਲਲਿਤਾ ਦੀ ਸਹੇਲੀ ਅਤੇ ਪਾਰਟੀ ’ਚੋਂ ਕੱਢੀ ਸਾਬਕਾ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਵਾਪਸ ਲਿਆਉਣ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। 5 ਦਸੰਬਰ,  2016 ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਦੇ 2 ਮਹੀਨਿਆਂ ਬਾਅਦ ਹੀ ਪਾਰਟੀ ਵਿਧਾਇਕ ਦਲ ਦੀ ਇਕ ਬੈਠਕ ’ਚ ‘ਓ. ਪਨੀਰਸੇਲਵਮ’ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਲਈ ਸ਼ਸ਼ੀਕਲਾ ਦਾ ਨਾਂ ਤਜਵੀਜ਼ਤ ਕਰਨ ਦੇ ਬਾਅਦ ਉਸ ਨੂੰ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ ਪਰ ਕਾਨੂੰਨੀ ਅੜਚਣਾਂ ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ।  

ਫਿਰ 14 ਫਰਵਰੀ, 2017 ਨੂੰ ਸੁਪਰੀਮ ਕੋਰਟ ਵੱਲੋਂ 66.65 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਰੱਖਣ ਦੇ ਦੋਸ਼ ’ਚ ਸੁਣਾਈ ਗਈ 4 ਸਾਲ ਦੀ ਸਜ਼ਾ ਪੂਰੀ ਕਰਨ ਦੇ ਲਈ  ਸ਼ਸ਼ੀਕਲਾ ਨੂੰ ਜੇਲ ਜਾਣਾ ਪਿਆ। 27 ਜਨਵਰੀ, 2021 ਨੂੰ ਰਿਹਾਈ ਦੇ ਬਾਅਦ ਤੋਂ ਹੀ ਸ਼ਸ਼ੀਕਲਾ ਪਾਰਟੀ ਨਾਲ ਸਮਝੌਤੇ ਦੀਆਂ  ਕੋਸ਼ਿਸ਼ਾਂ ਕਰਦੀ ਆ ਰਹੀ  ਹੈ ਅਤੇ ਹੁਣ ਪਾਰਟੀ ਦੇ ਇਕ ਵਰਗ ਵਲੋਂ ਉਸ ਨੂੰ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਕਰ ਦੇਣ ਦੇ ਕਾਰਨ ਪਾਰਟੀ ’ਚ ਤਣਾਅ ਪੈਦਾ ਹੋ ਗਿਆ ਹੈ। 5 ਮਾਰਚ, 2022 ਨੂੰ ਸ਼ਸ਼ੀਕਲਾ ਦੱਖਣੀ ਤਾਮਿਲਨਾਡੂ ਦੀ 2 ਦਿਨਾਂ ਦੀ ਯਾਤਰਾ ਦੇ ਦੌਰਾਨ  ਧੇਨੀ, ਮਦੁਰੈ, ਡਿੰਡੀਗੁਲ, ਤਿਰੂਨੇਲਵੇਲੀ ਜ਼ਿਲੇ ’ਚ ਆਪਣੇ ਸਮਰਥਕਾਂ ਨੂੰ ਮਿਲੀ ਤਾਂ ਪਾਰਟੀ ਦੇ ਕੁਝ ਨੇਤਾਵਾਂ ਨੇ ਉਸ ਨੂੰ ਕਿਹਾ ਸੀ ਕਿ ਅੰਨਾਦ੍ਰਮੁਕ ਨੂੰ ਸੂਬੇ ਦੀ ਸੱਤਾ ’ਚ ਵਾਪਸ ਲਿਆਉਣ ਲਈ ਉਸ ਨੂੰ ਪਾਰਟੀ ’ਚ ਪਰਤ ਕੇ ਇਸ ਦੀ ਵਾਗਡੋਰ ਸੰਭਾਲਣੀ ਹੋਵੇਗੀ ਜਿਸ ਦੇ ਲਈ ਇਹ ਸਹੀ ਸਮਾਂ ਹੈ। 

ਇਸ ਸਿਲਸਿਲੇ ’ਚ ਪਾਰਟੀ ਦੇ ਕੋ-ਆਰਡੀਨੇਟਰ ਅਤੇ ਸਾਬਕਾ ਮੁੱਖ ਮੰਤਰੀ ‘ਓ. ਪਨੀਰਸੇਲਵਮ’ ਦੇ ਭਰਾ ਓ. ਰਾਜਾ ਸਮੇਤ ਪਾਰਟੀ ਦੇ ਧੇਨੀ ਜ਼ਿਲੇ ਦੇ 30 ਤੋਂ ਵੱਧ ਅਹੁਦੇਦਾਰ ਚੇਨਈ ਦੇ ਹੋਟਲ ’ਚ ਸ਼ਸ਼ੀਕਲਾ  ਨੂੰ ਮਿਲੇ। ਇਸ ਨਾਲ ਪਾਰਟੀ ਦੇ ਉੱਚ ਨੇਤਾ ਭੜਕ ਗਏ ਅਤੇ ਰਾਜਾ ਸਮੇਤ ਪਾਰਟੀ ਦੇ 30  ਅਹੁਦੇਦਾਰਾਂ ਨੂੰ ਕੱਢ ਦਿੱਤਾ ਗਿਆ।  ਇਸ ਦੇ ਕੁਝ ਹੀ ਦਿਨਾਂ ਬਾਅਦ 27 ਮਾਰਚ ਨੂੰ ਪਾਰਟੀ ਦੇ ਚੋਟੀ ਦੇ ਨੇਤਾ ‘ਕੇ. ਪਲਾਨੀਸਾਮੀ’  ਨੇ ਕਿਹਾ ਕਿ ‘‘ਪਾਰਟੀ ’ਚ ਸ਼ਸ਼ੀਕਲਾ ਲਈ ਕੋਈ ਥਾਂ ਨਹੀਂ ਹੈ। ਕੋਈ ਵੀ ਉਸ ਮੁੱਦੇ ਨੂੰ ਨਵਜੀਵਨ ਨਹੀਂ ਦੇ ਸਕਦਾ ਜਿਸ ਦਾ ਫੈਸਲਾ ਲਾਗੂ ਕੀਤਾ ਜਾ ਚੁੱਕਾ ਹੈ।’’ ਅੰਨਾਦ੍ਰਮੁਕ ਦੇ ਅੰਦਰ ‘ਓ. ਪਨੀਰਸੇਲਵਮ’ ਅਤੇ ‘ਪਲਾਨੀਸਾਮੀ’ ਧੜਿਆਂ ਦੇ ਦਰਮਿਆਨ ਅੰਦਰੂਨੀ ਕਲੇਸ਼ 21 ਜੂਨ ਨੂੰ ਹੋਰ ਵਧ ਗਿਆ ਜਦੋਂ ‘ਪਨੀਰਸੇਲਵਮ’ ਧੜੇ ਨੇ ਚੇਨਈ ਦੇ ਪੁਲਸ ਅਧਿਕਾਰੀਆਂ  ਨੂੰ ਬੇਨਤੀ ਕੀਤੀ ਕਿ ‘ਪਲਾਨੀਸਾਮੀ’ ਧੜੇ ਵੱਲੋਂ 23 ਜੂਨ ਨੂੰ ਸੱਦੀ ਜਾਣ ਵਾਲੀ ਪਾਰਟੀ ਦੀ ਮਹਾਪ੍ਰੀਸ਼ਦ ਦੀ ਬੈਠਕ ਦੇ ਆਯੋਜਨ ਦੀ ਇਜਾਜ਼ਤ ਸੁਰੱਖਿਆ ਸਬੰਧੀ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਨਾ ਦਿੱਤੀ ਜਾਵੇ। ‘ਓ. ਪਨੀਰਸੇਲਵਮ’ ਜਿੱਥੇ ਸ਼ਸ਼ੀਕਲਾ ਨੂੰ ਦੁਬਾਰਾ ਅੰਨਾਦ੍ਰਮੁਕ ’ਚ ਸ਼ਾਮਲ ਕਰਨ ’ਤੇ ਵਿਚਾਰ ਕਰਨ ਦੇ ਪ੍ਰਬਲ ਪੱਖੀ ਹਨ ਤੇ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਮਨ ’ਚ ਸ਼ਸ਼ੀਕਲਾ ਦੇ ਪ੍ਰਤੀ ਸਨਮਾਨ ਹੈ, ਉਥੇ ਹੀ ਪਾਰਟੀ ’ਚ ‘ਪਨੀਰਸੇਲਵਮ’ ਤੋਂ ਵੱਡਾ ਕੱਦ ਰੱਖਣ ਵਾਲੇ ‘ਪਲਾਨੀਸਾਮੀ’ ਇਸ ਦਾ ਵਿਰੋਧ ਕਰ ਰਹੇ ਹਨ। 

ਇਸੇ ਮੁੱਦੇ  ਨੂੰ ਲੈ ਕੇ ਦੋਵਾਂ ਦਰਮਿਆਨ ਵਿਵਾਦ ਇੰਨਾ ਵਧ ਚੁੱਕਾ ਹੈ ਕਿ ਪਹਿਲਾਂ ਜਿੱਥੇ ਜਨਤਕ ਤੌਰ ’ਤੇ ਦੋਵੇਂ ਆਪਸੀ ਨਾਰਾਜ਼ਗੀ ਦਾ ਕੋਈ ਸੰਕੇਤ ਨਹੀਂ ਦਿੰਦੇ ਸਨ ਉਥੇ ਹੀ ਹੁਣ ਉਨ੍ਹਾਂ ਦੀ ਨਾਰਾਜ਼ਗੀ ਜਗ-ਜ਼ਾਹਿਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਕ ਹਫਤੇ ਤੋਂ ਆਪਸ ’ਚ ਗੱਲ ਤੱਕ ਨਹੀਂ ਕੀਤੀ ਹੈ। ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਧੇਨੀ ਜ਼ਿਲੇ ਦੀ ਪਾਰਟੀ ਇਕਾਈ ਨੇ ‘ਪਲਾਨੀਸਾਮੀ’ ਦੇ ਵਿਰੁੱਧ ਜਾਂਦੇ ਹੋਏ ਇਕ ਮਤਾ ਪਾਸ ਕਰ ਕੇ ਉਨ੍ਹਾਂ ਸਭ ਨੂੰ ਪਾਰਟੀ ’ਚ ਵਾਪਸ ਲਿਆਉਣ ਦੀ ਗੱਲ ਕਹੀ ਸੀ ਜੋ ਪਾਰਟੀ  ਛੱਡ ਕੇ ਚਲੇ ਗਏ ਹਨ ਤਾਂ ਇਸ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ‘ਪਲਾਨੀਸਾਮੀ’ ਨੇ ਕਿਹਾ ਸੀ ਕਿ ਉਸ ਸਥਿਤੀ ’ਚ ਉਹ ‘ਪਨੀਰਸੇਲਵਮ’ ਨੂੰ ਧੱਕ ਕੇ ਇਕ ਪਾਸੇ ਕਰ ਦੇਣਗੇ ਜਿੱਥੇ ਉਹ ਇਕੱਲੇ ਹੀ ਹੋਣਗੇ। 

ਪਿਛਲੀਆਂ ਚੋਣਾਂ ’ਚ ਹਾਲਾਂਕਿ ਦ੍ਰਮੁਕ ਕਾਂਗਰਸ ਗਠਜੋੜ ਦੇ ਹੱਥੋਂ ਸੱਤਾ ਹਾਰ ਗਈ ਪਰ ‘ਪਲਾਨੀਸਾਮੀ’ ਦੇ  ਪ੍ਰਭਾਵ ਵਾਲੇ ਪੱਛਮੀ ਤਾਮਿਲਨਾਡੂ ’ਚ ਪਾਰਟੀ 50 ’ਚੋਂ 33 ਸੀਟਾਂ ਜਿੱਤਣ ’ਚ ਸਫਲ ਰਹੀ ਜਦਕਿ ‘ਪਨੀਰਸੇਲਵਮ’ ਦੇ  ਪ੍ਰਭਾਵ ਵਾਲੇ ਦੱਖਣੀ ਤਾਮਿਲਨਾਡੂ ’ਚ ਅੰਨਾਦ੍ਰਮੁਕ 58 ’ਚੋਂ ਸਿਰਫ 18 ਸੀਟਾਂ ਹੀ ਜਿੱਤ ਸਕੀ ਸੀ।  ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ‘ਪਲਾਨੀਸਾਮੀ’ ਪਾਰਟੀ ਦੀ ਅਗਵਾਈ ਕਰਨਗੇ ਅਤੇ ‘ਪਨੀਰਸੇਲਵਮ’ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਉਣਗੇ।  ਪਾਰਟੀ ਦੇ ਇਕ ਧੜੇ ਦੇ ਵਿਰੋਧ ਦੇ ਬਾਵਜੂਦ ਸ਼ਸ਼ੀਕਲਾ ਨਿਰਾਸ਼ ਨਹੀਂ ਹੈ ਅਤੇ ਉਸ ਨੇ 28 ਜੂਨ ਨੂੰ ਚੇਨਈ ਤੇ ਹੋਰਨਾਂ ਥਾਵਾਂ ’ਤੇ ਆਪਣੇ ਭਾਰੀ ਰੋਡ ਸ਼ੋਅ ਦੌਰਾਨ ਦਾਅਵਾ ਕੀਤਾ ਹੈ ਕਿ ਉਹ ਚੋਣ ਤੋਂ ਪਹਿਲਾਂ ਪਾਰਟੀ ਨੂੰ ਇਕ ਲੀਡਰਸ਼ਿਪ ’ਚ ਲੈ ਆਵੇਗੀ। ਇਸ ਸਬੰਧ ’ਚ ਭਵਿੱਖ ’ਚ ਤਾਂ ਘਟਨਾਕ੍ਰਮ ਜੋ ਵੀ ਰੂਪ ਲਵੇ ਇਸ ਸਮੇਂ ਤਾਂ ‘ਓ. ਪਨੀਰਸੇਲਵਮ’ ਅਤੇ ‘ਈ. ਪਲਾਨੀਸਾਮੀ’ ਦੋਵੇਂ ਹੀ ਆਪਣੀ-ਆਪਣੀ ਜ਼ਿੱਦ ’ਤੇ ਅੜੇ ਹੋਏ ਹਨ, ਇਸ ਲਈ ਭਵਿੱਖ ’ਚ ਕੀ ਹੋਵੇਗਾ ਅਜੇ ਕਹਿਣਾ ਔਖਾ ਹੈ।   

ਵਿਜੇ ਕੁਮਾਰ


Karan Kumar

Content Editor

Related News