ਹੁਣ ਇਕ ਹੋਰ ਬਾਬੇ ਨੇ ਕੀਤਾ ਸੰਤਾਂ ਨੂੰ ਬਦਨਾਮ
Wednesday, Nov 09, 2022 - 09:55 PM (IST)
ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਅਗਵਾਈ ਮੁਹੱਈਆ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਆਚਰਨ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ, ਬਾਬਾ ਵੈਰਾਗਿਆ ਨੰਦ ਗਿਰੀ ‘ਮਿਰਚੀ ਬਾਬਾ’ ਆਦਿ ਨੂੰ ਸੈਕਸ ਸ਼ੋਸ਼ਣ ਅਤੇ ਹੋਰ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਕਰਨਾਟਕ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਿੱਤਰਦੁਰਗ ਸਥਿਤ ‘ਜਗਤ ਗੁਰੂ ਮੁਰੂਗਾਰਾਜੇਂਦਰਾ ਵਿਦਿਆਪੀਠ ਮੱਠ’ ਦੇ ਸਾਬਕਾ ਪੁਜਾਰੀ ਅਤੇ ਲਿੰਗਾਇਤ ਸਾਧੂ ‘ਸ਼ਿਵਮੂਰਤੀ ਮੁਰਘਾ ਸ਼ਰਨਾਰੂ’ ਦੇ ਸਬੰਧ ’ਚ ਸਨਸਨੀਖੇ਼ਜ਼ ਖੁਲਾਸੇ ਹੋਏ ਹਨ।
ਮੱਠ ਵੱਲੋਂ ਚਲਾਏ ਜਾ ਰਹੇ ਸਕੂਲ ਦੀਆਂ 4 ਨਾਬਾਲਿਗ ਵਿਦਿਆਰਥਣਾਂ ਨੇ ਸਾਧੂ ‘ਸ਼ਿਵਮੂਰਤੀ’ ਵਿਰੁੱਧ ਕਥਿਤ ਸੈਕਸ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਦੋਸ਼ ਪੱਤਰ ਦੇ ਅਨੁਸਾਰ ਇਸ ਨੇ ਇਕ ਰੂਟੀਨ ਤੈਅ ਕਰ ਲਈ ਸੀ ਕਿ ਫਲਾਣੇ ਦਿਨ ਉਸ ਦੇ ਕੋਲ ਕਿਸ ਲੜਕੀ ਨੂੰ ਭੇਜਿਆ ਜਾਵੇ।
ਮਠ ਵੱਲੋਂ ਸੰਚਾਲਿਤ ‘ਅੱਕਾ ਮਹਾਦੇਵੀ ਹੋਸਟਲ’ ਦੀ ਵਾਰਡਨ ਰਸ਼ਮੀ ਰਾਤ ਦੇ 8 ਵਜੇ ਦੇ ਬਾਅਦ ਉਕਤ ਸਾਧੂ ਦੇ ਕਮਰੇ ’ਚ ਨਾਬਾਲਿਗ ਲੜਕੀਆਂ ਨੂੰ ਭੇਜਦੀ ਹੁੰਦੀ ਸੀ, ਜਿੱਥੇ ਉਹ ਉਨ੍ਹਾਂ ਨੂੰ ਗਲਤ ਢੰਗ ਨਾਲ ਛੂੰਹਦਾ। ਲੜਕੀਆਂ ਦੇ ਪ੍ਰਤੀਰੋਧ ਕਰਨ ’ਤੇ ਸਾਧੂ ਉਨ੍ਹਾਂ ਨੂੰ ਨਸ਼ੇ ਵਾਲਾ ਇਕ ਸੇਬ ਖਾਣ ਨੂੰ ਦੇ ਕੇ ਫਿਰ ਉਨ੍ਹਾਂ ਨਾਲ ਜਬਰ-ਜ਼ਨਾਹ ਕਰਦਾ। ਉਹ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ’ਚ ਕਿਸੇ ਨੂੰ ਨਾ ਦੱਸਣ ਲਈ ਧਮਕਾਉਂਦਾ ਅਤੇ ਅਜਿਹਾ ਕਰਨ ’ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਦੀ ਧਮਕੀ ਵੀ ਦਿੰਦਾ। ਖੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲਾ ਇਹ ਕਥਿਤ ਸਾਧੂ ਲੜਕੀਆਂ ਨੂੰ ਡਰਾਉਂਦਾ ਕਿ ਉਸ ਦੀ ਗੱਲ ਮੰਨਣ ਤੋਂ ਨਾਂਹ ਕਰਨ ’ਤੇ ਉਹ ਉਨ੍ਹਾਂ ਨੂੰ ਸਰਾਪ ਦੇ ਦੇਵੇਗਾ, ਜਿਸ ਨਾਲ ਉਹ ਅਤੇ ਉਨ੍ਹਾਂ ਦੇ ਪਰਿਵਾਰ ਨਸ਼ਟ ਹੋ ਜਾਣਗੇ। ਦੋਸ਼ੀ ਸਾਧੂ ਅਕਸਰ ਅਜਿਹੀਆਂ ਅਨਾਥ ਲੜਕੀਆਂ ਨੂੰ ਨਿਸ਼ਾਨਾ ਬਣਾਉਂਦਾ ਜਿਨ੍ਹਾਂ ਦੇ ਪਰਿਵਾਰਾਂ ਨੂੰ ਮਠ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਂਦੀ ਸੀ।
ਕਰਨਾਟਕ ਦੇ ਪ੍ਰਮੁੱਖ ਲਿੰਗਾਇਤ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਕਿਹਾ ਹੈ ‘‘ਸਾਧੂ ਸ਼ਿਵ ਮੂਰਤੀ ਨੇ ਨਾ ਮੁਆਫ ਕੀਤਾ ਜਾਣ ਵਾਲਾ ਅਪਰਾਧ ਕੀਤਾ ਹੈ, ਮੈਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇੰਨਾ ਹੇਠਾਂ ਡਿੱਗ ਜਾਵੇਗਾ।’ ਮੌਜੂਦਾ ਮੁੱਖ ਮੰਤਰੀ ਬੋਮਈ ਨੇ ਵੀ ਜੋ ਕਿ ਲਿੰਗਾਈਤ ਭਾਈਚਾਰੇ ਨਾਲ ਹੀ ਸਬੰਧ ਰੱਖਦੇ ਹਨ, ਕਿਹਾ ਹੈ ਕਿ,‘‘ਸਾਧੂ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾਵੇਗੀ।’’ ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣਦੀਆਂ ਹਨ।
-ਵਿਜੇ ਕੁਮਾਰ
