ਸਿਰਫ ਸਖ਼ਤ ਕਾਨੂੰਨਾਂ ਨਾਲ ਨਹੀਂ ਰੁਕੇਗਾ ਬਾਲ ਯੌਨ ਸ਼ੋਸ਼ਣ

07/17/2017 6:27:07 AM

ਮਨੁੱਖੀ ਮਨ ਦਾ ਇਕ ਹੈਰਾਨੀਜਨਕ ਗੁਣ ਹੈ ਕਿ ਇਹ ਉਨ੍ਹਾਂ ਸਮੱਸਿਆਵਾਂ ਨੂੰ ਭੁੱਲ ਜਾਂਦਾ ਹੈ, ਜੋ ਬਹੁਤ ਮੁਸ਼ਕਿਲ ਹੋਣ ਜਾਂ ਜਿਨ੍ਹਾਂ ਨੂੰ ਸੁਲਝਾਉਣਾ ਤਕਲੀਫਦੇਹ ਹੋਵੇ। ਸਮਾਜ ਲਈ 'ਇਨਕਾਰ' ਦੀ ਸਥਿਤੀ ਵਿਚ ਰਹਿਣਾ ਸਹਿਜ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ ਤਾਂ ਅਸੀਂ ਇਕ ਲੰਮੀ ਖਾਮੋਸ਼ੀ ਧਾਰਨ ਕਰ ਲੈਂਦੇ ਹਾਂ ਜਾਂ ਇਕ-ਦੂਜੇ 'ਤੇ ਦੋਸ਼ ਮੜ੍ਹਨ ਦੀ ਖੇਡ ਸ਼ੁਰੂ ਕਰ ਦਿੰਦੇ ਹਾਂ, ਜਿਸ ਦੀ ਸਮਾਪਤੀ ਪੀੜਤਾ ਦੇ ਲਿਬਾਸ ਜਾਂ ਉਸ ਮਨਹੂਸ ਘੜੀ ਜਾਂ ਉਸ ਵਲੋਂ ਸਥਾਨ ਦੀ ਚੋਣ 'ਤੇ ਠੀਕਰਾ ਭੰਨ ਦੇਣ ਨਾਲ ਹੁੰਦੀ ਹੈ ਪਰ ਜਿੱਥੇ ਛੋਟੇ ਬੱਚਿਆਂ ਦਾ ਸੰਬੰਧ ਹੋਵੇ, ਕੀ ਭਾਰਤੀ ਸਮਾਜ ਅਜਿਹਾ ਹੀ ਕਰੇਗਾ? 
ਦਿੱਲੀ ਦੇ ਤੈਮੂਰ ਨਗਰ ਵਿਚ ਇਕ 13 ਸਾਲਾ ਬੱਚੀ ਆਪਣੇ ਘਰ ਦੇ ਬਿਲਕੁਲ ਨੇੜੇ ਸਥਿਤ ਦੁਕਾਨ ਤੋਂ ਆਈਸਕ੍ਰੀਮ ਖਰੀਦਣ ਗਈ, ਜਿੱਥੋਂ ਉਸ ਨੂੰ ਅਗਵਾ ਕਰਨ ਤੋਂ ਬਾਅਦ 12 ਤੋਂ 13 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਫੌਜ ਵਿਚ ਡਰਾਈਵਰ ਉਸ ਦੇ ਪਿਤਾ ਨੇ ਜਾਸੂਸਾਂ ਦੀ ਸਹਾਇਤਾ ਨਾਲ ਉਸ ਦੀ ਖੋਜ 'ਤੇ ਭਾਰੀ ਰਕਮ ਖਰਚ ਕਰਕੇ ਉਸ ਨੂੰ ਲੱਭਿਆ, ਉਸ ਸਮੇਂ ਉਹ ਬੱਚੀ 3 ਮਹੀਨਿਆਂ ਦੀ ਗਰਭਵਤੀ ਸੀ। ਇਕ ਹੋਰ ਮਾਮਲੇ ਵਿਚ ਸ਼ੁੱਕਰਵਾਰ ਨੂੰ ਇਕ 11 ਸਾਲਾ ਬੱਚੀ ਨਾਲ ਇਕ ਪਾਰਕ ਵਿਚ ਇਕ 40 ਸਾਲਾ ਡਾਗ ਟ੍ਰੇਨਰ ਨੇ ਬਲਾਤਕਾਰ ਕਰ ਦਿੱਤਾ। 
ਇਹ ਸੋਚਣਾ ਕਿ ਇਹ ਸਭ ਸਿਰਫ ਲੜਕੀਆਂ ਤਕ ਹੀ ਸੀਮਤ ਹੈ, ਬਿਲਕੁਲ ਗਲਤ ਹੋਵੇਗਾ। ਹਾਲ ਹੀ ਵਿਚ ਆਪਣੇ ਘਰ ਦੇ ਸਾਹਮਣੇ ਸਥਿਤ ਪਾਰਕ ਵਿਚ ਸ਼ਾਮ ਦੇ ਸਮੇਂ ਝੂਟਿਆਂ 'ਤੇ ਖੇਡ ਰਹੇ 2 ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਫੈਲੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿਚ ਹੀ ਨੰਗਿਆਂ ਛੱਡ ਕੇ ਅਪਰਾਧੀ ਦੌੜ ਗਏ।
ਸ਼ਾਇਦ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਬੱਚਿਆਂ ਨੂੰ ਇਕੱਲਿਆਂ ਨਾ ਛੱਡਿਆ ਜਾਵੇ ਅਤੇ ਜਦੋਂ ਵੀ ਉਹ ਖੇਡਣ ਜਾਂ ਆਂਢ-ਗੁਆਂਢ ਵਿਚ ਸਾਮਾਨ ਆਦਿ ਲੈਣ ਜਾਣ ਤਾਂ ਉਨ੍ਹਾਂ ਦੇ ਨਾਲ ਮਾਤਾ ਜਾਂ ਪਿਤਾ 'ਚੋਂ ਕੋਈ ਜ਼ਰੂਰ ਹੋਵੇ। ਇਥੋਂ ਤਕ ਕਿ ਬੱਚਿਆਂ ਦੇ ਨਾਲ ਜਾਣ ਵਾਲੇ ਨੌਕਰ ਅਤੇ ਨੌਕਰਾਣੀਆਂ ਵੀ ਹਮੇਸ਼ਾ ਭਰੋਸੇਯੋਗ ਸਿੱਧ ਨਹੀਂ ਹੋ ਸਕੀਆਂ।
ਹਾਲਾਂਕਿ ਸਰਕਾਰ ਨੇ ਬਾਲ ਅਸ਼ਲੀਲਤਾ (ਚਾਈਲਡ ਪੋਰਨੋਗ੍ਰਾਫੀ) ਅਤੇ ਭਾਰਤ ਵਿਚ ਬੱਚਿਆਂ ਦੇ ਆਨਲਾਈਨ ਸਰੀਰਕ ਸ਼ੋਸ਼ਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇੰਟਰਪੋਲ ਅਤੇ ਇੰਟਰਨੈੱਟ ਵਾਚ ਫਾਊਂਡੇਸ਼ਨ (ਆਈ. ਡਬਲਯੂ. ਐੱਫ.) ਵਰਗੀਆਂ ਕੌਮਾਂਤਰੀ ਸੰਸਥਾਵਾਂ ਨਾਲ ਹੱਥ ਮਿਲਾਇਆ ਹੈ ਅਤੇ ਹੁਣ ਤਕ 3522 ਅਜਿਹੀਆਂ ਸਾਈਟਾਂ ਪਿਛਲੇ 4 ਮਹੀਨਿਆਂ ਵਿਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਬੰਦ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਸਮਾਜ ਵਿਚ ਮੌਜੂਦ 'ਬਾਲ ਉਤਪੀੜਕ' ਅਕਸਰ ਪਰਿਵਾਰ ਅਤੇ ਮਿੱਤਰ ਮੰਡਲੀ ਦੇ ਅੰਦਰ ਹੀ ਮੌਜੂਦ ਹੁੰਦੇ ਹਨ। 
ਹਾਲਾਂਕਿ 2012 ਦੇ ਬਾਲ ਸੁਰੱਖਿਆ ਕਾਨੂੰਨ ਵਿਚ ਕਠੋਰ ਸਜ਼ਾਵਾਂ ਦੀ ਵਿਵਸਥਾ ਹੈ ਪਰ ਜ਼ਿਆਦਾਤਰ ਸਰਪ੍ਰਸਤ ਪੁਲਸ ਕੋਲ ਰਿਪੋਰਟ ਹੀ ਨਹੀਂ ਕਰਦੇ।


Vijay Kumar Chopra

Chief Editor

Related News