ਇਤਰਾਜ਼ਯੋਗ ਬਿਆਨਾਂ ਨੂੰ ਲੈ ਕੇ ਨਿਤੀਸ਼ ਕੁਮਾਰ ਅਤੇ ਸੰਦੀਪ ਦਾਇਮਾ ਨੇ ਮੰਗੀ ਮਾਫੀ
Thursday, Nov 09, 2023 - 01:48 AM (IST)
ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਆਗੂਆਂ ਨੂੰ ਹਰ ਬਿਆਨ ਸੋਚ-ਸਮਝ ਕੇ ਹੀ ਦੇਣਾ ਚਾਹੀਦਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਆਪਣੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਹ ਸਲਾਹ ਦੇ ਚੁੱਕੇ ਹਨ ਤਾਂ ਕਿ ਬੇਲੋੜੇ ਵਿਵਾਦ ਪੈਦਾ ਨਾ ਹੋਣ ਪਰ ਲੱਗਦਾ ਹੈ ਕਿ ਕਿਸੇ ’ਤੇ ਵੀ ਇਸ ਦਾ ਅਸਰ ਨਹੀਂ ਹੋਇਆ।
ਇਨ੍ਹੀਂ ਦਿਨੀਂ ਜਦ ਦੇਸ਼ ਦੇ 5 ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ’ਚ ਚੋਣ ਪ੍ਰਕਿਰਿਆ ਚੱਲ ਰਹੀ ਹੈ, ਆਗੂਆਂ ਵੱਲੋਂ ਵਿਵਾਦਮਈ ਬਿਆਨ ਦੇਣ ਦਾ ਸਿਲਸਿਲਾ ਜਾਰੀ ਹੈ।
2 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਹਾਜ਼ਰੀ ’ਚ ਅਲਵਰ ’ਚ ਇਕ ਚੋਣ ਰੈਲੀ ’ਚ ਭਾਸ਼ਣ ਦਿੰਦੇ ਹੋਏ ਤਿਜਾਰਾ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਸੰਦੀਪ ਦਾਇਮਾ (ਭਾਜਪਾ) ਨੇ ਸਿੱਖ ਭਾਈਚਾਰੇ ਬਾਰੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ‘‘ਦੇਖੋ ਇੱਥੇ ਕਿੰਨੀਆਂ ਮਸਜਿਦਾਂ, ਗੁਰਦੁਆਰੇ ਬਣ ਗਏ ਹਨ। ਭਵਿੱਖ ’ਚ ਇਹ ਸਾਡੇ ਲਈ ਨਾਸੂਰ ਬਣ ਜਾਣਗੇ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਸੂਰ ਨੂੰ ਪੁੱਟ ਕੇ ਸੁੱਟ ਦਈਏ।’’
ਇਨ੍ਹੀਂ ਦਿਨੀਂ ਜਦ ਚੋਣਾਂ ਜਿੱਤਣ ਲਈ ਭਾਜਪਾ ਸਿੱਖ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸੰਦੀਪ ਦਾਇਮਾ ਦੇ ਉਕਤ ਬਿਆਨ ਨਾਲ ਸਿੱਖ ਭਾਈਚਾਰਾ ਭੜਕ ਉਠਿਆ ਹੈ।
ਹਾਲਾਂਕਿ ਬਾਅਦ ’ਚ ਸੰਦੀਪ ਦਾਇਮਾ ਨੇ ਇਸ ਬਿਆਨ ਲਈ ਮਾਫੀ ਮੰਗਦੇ ਹੋਏ ਕਿਹਾ, ‘‘ਮੈਂ ਹੱਥ ਜੋੜ ਕੇ ਸਿੱਖ ਸਮਾਜ ਕੋਲੋਂ ਮਾਫੀ ਮੰਗਦਾ ਹਾਂ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਗਲਤੀ ਕਿਵੇਂ ਹੋਈ। ਮੈਂ ਸੋਚ ਵੀ ਨਹੀਂ ਸਕਦਾ ਕਿ ਮੈਂ ਉਸ ਸਿੱਖ ਭਾਈਚਾਰੇ ਲਈ ਗਲਤੀ ਕਰ ਸਕਦਾ ਹਾਂ, ਜਿਸ ਨੇ ਹਮੇਸ਼ਾ ਹਿੰਦੂ ਅਤੇ ਸਨਾਤਨ ਧਰਮ ਦੀ ਰੱਖਿਆ ਕੀਤੀ ਹੈ।’’ ਬਾਅਦ ’ਚ ਉਨ੍ਹਾਂ ਨੇ ਇਕ ਗੁਰਦੁਆਰੇ ’ਚ ਸੇਵਾ ਵੀ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਇਮਾ ਦੇ ਮਾਫੀਨਾਮੇ ਦਾ ਵੀਡੀਓ ਸੋਸ਼ਲ ਮੀਡੀਆ ਮੰਚ ‘ਐੱਕਸ’ ’ਤੇ ਸ਼ੇਅਰ ਕੀਤਾ ਅਤੇ ਕਿਹਾ, ‘‘ਮਾਫੀ ਮੰਗਣ ’ਤੇ ਭਾਜਪਾ ਆਗੂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ਵਿਰੁੱਧ ਬੋਲਣਾ ਵੀ ਗੁਰਦੁਆਰੇ ਜਿੰਨਾ ਹੀ ਨਿੰਦਣਯੋਗ ਹੈ।’’
ਅਤੇ ਹੁਣ 7 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (ਜਦ ਯੂ) ਨੇ ਜਾਤੀ ਮਰਦਮਸ਼ੁਮਾਰੀ ’ਤੇ ਸਦਨ ’ਚ ਚਰਚਾ ਦੌਰਾਨ ਆਬਾਦੀ ਕੰਟ੍ਰੋਲ ਬਾਰੇ ਇਹ ਭੈੜੀ ਟਿੱਪਣੀ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ , ‘‘ਜਦ ਵਿਆਹ ਹੁੰਦਾ ਹੈ ਤਾਂ ਮਰਦ ਰੋਜ਼ ਰਾਤ ਨੂੰ (ਇਸ਼ਾਰਾ)... ਹੈ ਨਾ। ਉਸੇ ’ਚ ਬੱਚਾ ਪੈਦਾ ਹੋ ਜਾਂਦਾ ਹੈ ਪਰ ਜਦ ਲੜਕੀ ਪੜ੍ਹੀ ਹੋਵੇਗੀ ਤਾਂ ਉਸ ਨੂੰ ਪਤਾ ਹੋਵੇਗਾ ਕਿ ਉਹ... ਠੀਕ ਹੈ, ਪਰ ਅੰਤ ’ਚ ਬਾਹਰ...।’’
ਨਿਤੀਸ਼ ਕੁਮਾਰ ਦੇ ਉਕਤ ਬਿਆਨ ਨਾਲ ਭੜਥੂ ਪੈ ਗਿਆ। ਭਾਜਪਾ ਐੱਮ. ਐੱਲ. ਸੀ. ਨਿਵੇਦਿਤਾ ਸਿੰਘ ਉਨ੍ਹਾਂ ਦੇ ਭਾਸ਼ਣ ਦੌਰਾਨ ਹੀ ਸਦਨ ਦਾ ਬਾਈਕਾਟ ਕਰ ਕੇ ਬਾਹਰ ਨਿਕਲ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਰੋਂਦੇ ਹੋਏ ਕਿਹਾ ਕਿ, ‘‘ਮੁੱਖ ਮੰਤਰੀ ਨੇ ਦੇਸ਼ ਦੀਆਂ ਕਰੋੜਾਂ ਔਰਤਾਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਨੂੰ ਸਦਨ ’ਚ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ।’’
ਜਿੱਥੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਸ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ ਉੱਥੇ ਹੀ ਨਿਤੀਸ਼ ਕੁਮਾਰ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਹੱਕ ’ਚ ਬੋਲਣ ਦੇ ਬਾਵਜੂਦ ਇਹ ਵਿਵਾਦ ਇੰਨਾ ਵਧਿਆ ਕਿ 8 ਨਵੰਬਰ ਨੂੰ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਅੰਦਰ ਅਤੇ ਇਨ੍ਹਾਂ ਦੇ ਬਾਹਰ ਨਿਤੀਸ਼ ਦੇ ਮਾਫੀ ਮੰਗਣ ਦੇ ਬਾਵਜੂਦ ਵਿਰੋਧੀ ਧਿਰ ਉਨ੍ਹਾਂ ਦੇ ਅਸਤੀਫੇ ਦੀ ਮੰਗ ’ਤੇ ਅੜੀ ਰਹੀ।
ਨਿਤੀਸ਼ ਨੇ ਹੱਥ ਜੋੜ ਕੇ ਕਿਹਾ, ‘‘ਜੇ ਮੇਰੀ ਗੱਲ ਨਾਲ ਕਿਸੇ ਨੂੰ ਤਕਲੀਫ ਹੋਈ ਹੈ ਤਾਂ ਮੈਂ ਆਪਣੀ ਗੱਲ ਵਾਪਸ ਲੈਂਦਾ ਹੈ, ਭਾਵੇਂ ਹੀ ਮੇਰਾ ਇਰਾਦਾ ਕੋਈ ਅਪਰਾਧ ਕਰਨਾ ਨਹੀਂ ਸੀ ਅਤੇ ਖੁਦ ਆਪਣੀ ਨਿੰਦਾ ਕਰਦਾ ਹਾਂ ਅਤੇ ਦੁੱਖ ਪ੍ਰਗਟ ਕਰਦਾ ਹਾਂ।’’
‘‘ਤੁਸੀਂ (ਵਿਰੋਧੀ ਧਿਰ ਮੈਂਬਰਾਂ ਨੇ) ਕਿਹਾ ਹੈ ਕਿ ਮੁੱਖ ਮੰਤਰੀ ਸ਼ਰਮ ਕਰਨ, ਮੈਂ ਨਾ ਸਿਰਫ ਸ਼ਰਮ ਕਰ ਰਿਹਾ ਹਾਂ ਸਗੋਂ ਇਸ ਲਈ ਦੁੱਖ ਪ੍ਰਗਟ ਕਰ ਰਿਹਾ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਵਾਪਸ ਲੈਂਦਾ ਹਾਂ। ਮੈਂ ਔਰਤਾਂ ਦੇ ਹੱਕ ’ਚ ਰਿਹਾ ਹਾਂ। ਤੁਸੀਂ ਜੋ ਮੇਰੀ ਨਿੰਦਾ ਕਰ ਰਹੇ ਹੋ ਮੈਂ ਤੁਹਾਡਾ ਸਵਾਗਤ ਕਰਦਾ ਹਾਂ।’’
ਕੇਂਦਰ ’ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਸਰਫੇਸ ਟਰਾਂਸਪੋਰਟ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਰਹਿ ਚੁੱਕੇ ਨਿਤੀਸ਼ ਕੁਮਾਰ ਬਿਹਾਰ ਦੇ ਸਭ ਤੋਂ ਵੱਧ ਲੰਮੇ ਸਮੇਂ ਤਕ ਰਹਿਣ ਵਾਲੇ ਮੁੱਖ ਮੰਤਰੀ ਹਨ ਅਤੇ ਅੱਠਵੀਂ ਵਾਰ ਮੁੱਖ ਮੰਤਰੀ ਬਣੇ ਹਨ।ਹਾਲਾਂਕਿ ਉਹ ਆਬਾਦੀ ਕੰਟਰੋਲ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ ਪਰ ਸ਼ਬਦਾਂ ਦੀ ਚੋਣ ’ਚ ਉੱਕ ਜਾਣ ਨਾਲ ਵਿਵਾਦ ਪੈਦਾ ਹੋਇਆ। ਜ਼ੁਬਾਨ ਤੋਂ ਨਿਕਲੇ ਹੋਏ ਸ਼ਬਦ ਤਾਂ ਵਾਪਸ ਨਹੀਂ ਆ ਸਕਦੇ ਪਰ ਅਜਿਹਾ ਲੱਗਦਾ ਹੈ ਕਿ ਨਿਤੀਸ਼ ਕੁਮਾਰ ਨੇ ਖੁਦ ਆਪਣੀ ਨਿੰਦਾ ਕਰਦੇ ਹੋਏ ਦਿਲ ਤੋਂ ਮਾਫੀ ਮੰਗ ਲਈ ਹੈ,ਇਸ ਲਈ ਉਨ੍ਹਾਂ ਨੂੰ ਮਾਫ ਕ ਰ ਦੇਣਾ ਚਾਹੀਦਾ ਹੈ। ਅਤੀਤ ’ਚ ਅਜਿਹੇ ਅਨੇਕਾਂ ਆਗੂ ਹੋਏ ਹਨ, ਜਿਨ੍ਹਾਂ ਨੇ ਇਤਰਾਜ਼ਯੋਗ ਬਿਆਨ ਦੇ ਕੇ ਮਾਫੀ ਵੀ ਨਹੀਂ ਮੰਗੀ।
- ਵਿਜੇ ਕੁਮਾਰ