ਮੁਸ਼ੱਰਫ ਨੂੰ ਮੌਤ ਦੀ ਸਜ਼ਾ ਦੇਸ਼ਧ੍ਰੋਹ ਦੇ ਇਲਜ਼ਾਮ ’ਚ ਅਦਾਲਤ ਦਾ ਫੈਸਲਾ

12/18/2019 1:28:55 AM

ਆਖਿਰਕਾਰ 17 ਦਸੰਬਰ ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ’ਚ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹ ਪਹਿਲੇ ਅਜਿਹੇ ਫੌਜੀ ਹੁਕਮਰਾਨ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਹੁਣ ਤਕ ਦੇ ਇਤਿਹਾਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਦੱਸਣਯੋਗ ਹੈ ਕਿ ਭਾਰਤ ਦੇ ਨਾਲ ਸਾਲਾਂ ਦੀ ਦੁਸ਼ਮਣੀ ਅਤੇ 3-3 ਜੰਗਾਂ ਤੋਂ ਬਾਅਦ ਵੀ ਜਦੋਂ ਪਾਕਿਸਤਾਨ ਕੁਝ ਨਾ ਹਾਸਲ ਕਰ ਸਕਿਆ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 21 ਫਰਵਰੀ 1999 ਨੂੰ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਆਪਸੀ ਦੋਸਤੀ ਅਤੇ ਅਮਨ ਲਈ ਲਾਹੌਰ ਐਲਾਨਨਾਮੇ ’ਤੇ ਦਸਤਖਤ ਕੀਤੇ।

ਪਰ ਪ੍ਰਵੇਜ਼ ਮੁਸ਼ੱਰਫ, ਜਿਹੜੇ ਉਸ ਸਮੇਂ ਪਾਕਿਸਤਾਨ ਦੀ ਫੌਜ ਦੇ ਮੁਖੀ ਸਨ, ਨੇ ਨਾ ਤਾਂ ਸ਼੍ਰੀ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਨਵਾਜ਼ ਸ਼ਰੀਫ ਵਲੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਨਮਾਨ ਵਿਚ ਦਿੱਤੇ ਗਏ ਭੋਜ ’ਚ ਸ਼ਾਮਿਲ ਹੋਏ।

ਇਹੋ ਨਹੀਂ, ਮਈ 1999 ਵਿਚ ਕਾਰਗਿਲ ’ਤੇ ਹਮਲਾ ਕਰ ਕੇ 527 ਭਾਰਤੀ ਫੌਜੀਆਂ ਨੂੰ ਸ਼ਹੀਦ ਕਰਵਾਉਣ ਅਤੇ ਪਾਕਿਸਤਾਨ ਦੇ 700 ਫੌਜੀਆਂ ਨੂੰ ਮਰਵਾਉਣ ਪਿੱਛੇ ਵੀ ਪ੍ਰਵੇਜ਼ ਮੁਸ਼ੱਰਫ ਦੀ ਗੰਦੀ ਸੋਚ ਹੀ ਸੀ। ਬਾਅਦ ਵਿਚ ਉਨ੍ਹਾਂ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ਵਿਚ ਸੁੱਟਣ ਤੋਂ ਬਾਅਦ ਦੇਸ਼ ’ਚੋਂ ਬਾਹਰ ਕੱਢ ਦਿੱਤਾ ਅਤੇ ਖ਼ੁਦ ਪਾਕਿਸਤਾਨ ਦੇ ਹੁਕਮਰਾਨ ਬਣ ਗਏ।

20 ਜੂਨ 2001 ਤੋਂ 18 ਅਗਸਤ 2008 ਤਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ ਪ੍ਰਵੇਜ਼ ਮੁਸ਼ੱਰਫ 14 ਜੁਲਾਈ 2001 ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਗੱਲਬਾਤ ਕਰਨ ਲਈ ਭਾਰਤ ਆਏ ਪਰ ਗੱਲਬਾਤ ਅੱਧ-ਵਿਚਾਲੇ ਛੱਡ ਕੇ ਆਗਰਾ ਤੋਂ ਵਾਪਿਸ ਪਾਕਿਸਤਾਨ ਚਲੇ ਗਏ ਸਨ।

2007 ’ਚ ਹੋਏ ਬੇਨਜ਼ੀਰ ਭੁੱਟੋ ਦੇ ਕਤਲ ਵਿਚ ਉਨ੍ਹਾਂ ਦਾ ਹੱਥ ਹੋਣ, 3 ਨਵੰਬਰ 2007 ਨੂੰ ਦੇਸ਼ ਵਿਚ ਹੰਗਾਮੀ ਹਾਲਤ ਲਾਗੂ ਕਰ ਕੇ ਸੰਵਿਧਾਨ ਨੂੰ ਮੁਅੱਤਲ ਕਰਨ ਅਤੇ ਚੀਫ ਜਸਟਿਸ ਇਫਤਿਖਾਰ ਚੌਧਰੀ ਸਣੇ 60 ਜੱਜਾਂ ਨੂੰ ਬਰਖਾਸਤ ਕਰਨ ਅਤੇ ਬਾਅਦ ਵਿਚ ਉਨ੍ਹਾਂ ਵਿਰੁੱਧ ਵਧੀ ਬੇਚੈਨੀ ਅਤੇ ਸੰਭਾਵਿਤ ਗ੍ਰਿਫਤਾਰੀ ਤੋਂ ਬਚਣ ਲਈ 18 ਅਗਸਤ 2008 ਨੂੰ ਅਸਤੀਫਾ ਦੇ ਕੇ ਪਾਕਿਸਤਾਨ ਤੋਂ ਲੰਡਨ ਭੱਜ ਗਏ।

2009 ’ਚ ਉਨ੍ਹਾਂ ਵਿਰੁੱਧ ਦਰਜ 60 ਜੱਜਾਂ ਨੂੰ ਬਰਖਾਸਤ ਕਰਨ ਦੇ ਕੇਸ ਦੇ ਸਿਲਸਿਲੇ ’ਚ 2011 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਉਨ੍ਹਾਂ ਨੂੰ ਭਗੌੜਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਲਾਲ ਮਸਜਿਦ ਦੇ ਧਾਰਮਿਕ ਗੁਰੂ ਦੇ ਕਤਲਾਂ ਦੇ ਮਾਮਲਿਆਂ ਵਿਚ ਵੀ ਭਗੌੜਾ ਐਲਾਨਿਆ ਗਿਆ।

11 ਮਈ 2013 ਨੂੰ ਪਾਕਿਸਤਾਨ ਵਿਚ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ‘ਆਲ ਪਾਕਿਸਤਾਨ ਮੁਸਲਿਮ ਲੀਗ’ ਦੀ ਅਗਵਾਈ ਕਰਨ ਲਈ ਉਹ 4 ਸਾਲ ਵਿਦੇਸ਼ ਰਹਿਣ ਤੋਂ ਬਾਅਦ 24 ਮਾਰਚ 2013 ਨੂੰ ਪਾਕਿਸਤਾਨ ਪਰਤ ਆਏ ਪਰ ਚੋਣਾਂ ਵਿਚ ਹਿੱਸਾ ਲੈ ਕੇ ਮੁੜ ਪਾਕਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਉਸ ਸਮੇਂ ਨਾਕਾਮ ਹੋ ਗਈ, ਜਦੋਂ ਕਰਾਚੀ, ਇਸਲਾਮਾਬਾਦ, ਕਸੂਰ ਅਤੇ ਚਿਤਰਾਲ ਵਿਚ ਦਾਖਲ ਕੀਤੇ ਗਏ ਉਨ੍ਹਾਂ ਦੀ ਨਾਮਜ਼ਦਗੀ ਦੇ ਚਾਰੋਂ ਕਾਗਜ਼ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੇ।

ਦੇਸ਼ ਵਿਚ 3 ਨਵੰਬਰ 2007 ਨੂੰ ਐਮਰਜੈਂਸੀ ਲਾਉਣ ਦੇ ਜੁਰਮ ਵਿਚ ਉਨ੍ਹਾਂ ’ਤੇ ਦਸੰਬਰ 2013 ਵਿਚ ਨਵਾਜ਼ ਸ਼ਰੀਫ ਸਰਕਾਰ ਵਲੋਂ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ 31 ਮਾਰਚ 2014 ਨੂੰ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ।

ਭਾਵੇਂ ਵੱਖ-ਵੱਖ ਅਪੀਲੀ ਫੋਰਮਾਂ ਵਿਚ ਮਾਮਲੇ ਚੱਲਣ ਕਾਰਣ ਪ੍ਰਵੇਜ਼ ਮੁਸ਼ੱਰਫ ਦਾ ਮਾਮਲਾ ਟਲਦਾ ਗਿਆ ਅਤੇ ਉਹ ਪਾਕਿਸਤਾਨ ਦੀ ਸੁਸਤ ਅਦਾਲਤੀ ਪ੍ਰਕਿਰਿਆ ਦਾ ਫਾਇਦਾ ਉਠਾਉਂਦੇ ਹੋਏ 18 ਮਾਰਚ 2016 ਨੂੰ ਦੁਬਈ ਚਲੇ ਗਏ।

ਉਦੋਂ ਉਨ੍ਹਾਂ ਕਿਹਾ ਸੀ ਕਿ ਉਹ ਆਪਣਾ ਇਲਾਜ ਕਰਵਾਉਣ ਲਈ ਦੁਬਈ ਜਾ ਰਹੇ ਹਨ ਅਤੇ ਆਪਣੇ ਵਿਰੁੱਧ ਮੁਕੱਦਮਿਆਂ ਦਾ ਸਾਹਮਣਾ ਕਰਨ ਲਈ ਛੇਤੀ ਹੀ ਵਾਪਿਸ ਆਉਣਗੇ ਪਰ ਉਹ ਪਾਕਿਸਤਾਨ ਨਹੀਂ ਮੁੜੇ ਅਤੇ ਲੱਗਭਗ 4 ਸਾਲਾਂ ਤੋਂ ਦੁਬਈ ’ਚ ਹੀ ਰਹਿ ਰਹੇ ਸਨ। ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਸਰਕਾਰ ਤੋਂ 2016 ਵਿਚ ਸਪੱਸ਼ਟੀਕਰਨ ਵੀ ਮੰਗਿਆ ਸੀ ਕਿ ਅਦਾਲਤ ਤੋਂ ਪੁੱਛੇ ਬਿਨਾਂ ਮੁਜਰਿਮ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ?

ਮੁਸ਼ੱਰਫ ਵਿਰੁੱਧ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ ਲਈ ਪਾਕਿਸਤਾਨ ਦੀ ਹਾਈਕੋਰਟ ਅਤੇ ਵਿਸ਼ੇਸ਼ ਅਦਾਲਤ ਨੇ ਕਈ ਵਾਰ ਸੰਮਨ ਜਾਰੀ ਕੀਤੇ ਪਰ ਉਹ ਹਰ ਵਾਰ ਬੀਮਾਰੀ ਦਾ ਬਹਾਨਾ ਬਣਾ ਕੇ ਪਾਕਿਸਤਾਨ ਵਾਪਿਸ ਆਉਣ ਤੋਂ ਇਨਕਾਰ ਕਰਦੇ ਰਹੇ।

ਬਹਿਰਹਾਲ 6 ਸਾਲਾਂ ਤਕ ਚੱਲੇ ਮੁਕੱਦਮੇ ਤੋਂ ਬਾਅਦ ਜੱਜ ਵਕਾਰ ਸੇਠ ਦੀ ਪ੍ਰਧਾਨਗੀ ਹੇਠਲੀ ਵਿਸ਼ੇਸ਼ ਅਦਾਲਤ ਦੀ 3 ਮੈਂਬਰੀ ਬੈਂਚ ਨੇ ਆਖਿਰਕਾਰ 17 ਦਸੰਬਰ ਨੂੰ ਬਹੁਮਤ ਨਾਲ ਦੇਸ਼ਧ੍ਰੋਹ ਦੇ ਮਾਮਲੇ ’ਚ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਹੁਣ ਉਨ੍ਹਾਂ ਕੋਲ ਅਦਾਲਤ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਲਈ 30 ਦਿਨਾਂ ਦਾ ਸਮਾਂ ਹੈ ਪਰ ਇਸ ਲਈ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।

ਅਦਾਲਤ ਨੇ ਮੁਸ਼ੱਰਫ ਨੂੰ ਨਵਾਜ਼ ਸ਼ਰੀਫ ਨਾਲ ਵਿਸ਼ਵਾਸਘਾਤ, ਕਾਰਗਿਲ ਜੰਗ ਵਿਚ ਦੋਹਾਂ ਧਿਰਾਂ ਦੇ ਬੇਕਸੂਰ ਫੌਜੀਆਂ ਨੂੰ ਮਰਵਾਉਣ, ਦਹਿਸ਼ਤਗਰਦੀ ਭੜਕਾਉਣ, ਬੇਨਜ਼ੀਰ ਅਤੇ ਹੋਰਨਾਂ ਲੋਕਾਂ ਦੇ ਕਤਲ ਕਰਵਾਉਣ ਅਤੇ ਜੱਜਾਂ ਦੀ ਬਰਖਾਸਤਗੀ ਆਦਿ ਲਈ ਸਹੀ ਸਜ਼ਾ ਦਿੱਤੀ ਹੈ। ਅਜਿਹੇ ਹੀ ਲੋਕਾਂ ਕਾਰਣ ਪਾਕਿਸਤਾਨ ਬਰਬਾਦ ਹੋਇਆ ਹੈ ਅਤੇ ਭਾਰਤ ਨਾਲ ਸਬੰਧ ਵਿਗਾੜਨ ਲਈ ਵੀ ਅਜਿਹੇ ਹੀ ਲੋਕ ਜ਼ਿੰਮੇਵਾਰ ਹਨ।

–ਵਿਜੇ ਕੁਮਾਰ\\\


Bharat Thapa

Content Editor

Related News