ਵਿਦੇਸ਼ੀ ਜੇਲਾਂ ’ਚ 8000 ਤੋਂ ਵੱਧ ਭਾਰਤੀ, ਇਨ੍ਹਾਂ ’ਚੋਂ ਅੱਧੇ ਖਾੜੀ ਦੇਸ਼ਾਂ ’ਚ

12/24/2022 3:35:09 AM

ਹਰ ਸਾਲ ਵੱਡੀ ਗਿਣਤੀ ’ਚ ਭਾਰਤੀ ਵਿਦੇਸ਼ ਜਾਂਦੇ ਹਨ। 2021 ਦੇ ਅੰਕੜਿਆਂ ਮੁਤਾਬਕ ਦੁਨੀਆ ਦੇ ਦੂਜੇ ਦੇਸ਼ਾਂ ’ਚ ਰਹਿਣ ਵਾਲੇ ਲਗਭਗ 1.34 ਕਰੋੜ ਭਾਰਤੀਆਂ ’ਚੋਂ ਇਕੱਲੇ ਖਾੜੀ ਦੇਸ਼ਾਂ ’ਚ ਹੀ ਸਭ ਤੋਂ ਵੱਧ 87.51 ਲੱਖ ਭਾਰਤੀ ਰਹਿੰਦੇ ਹਨ। ਲੱਖਾਂ ਭਾਰਤੀ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ ਅਤੇ ਉਨ੍ਹਾਂ ’ਚੋਂ ਕਾਫੀ ਇਸ ’ਚ ਸਫਲ ਹੋ ਜਾਂਦੇ ਹਨ ਪਰ ਕਈ ਵਾਰ ਉੱਥੇ ਵਧੀਆ ਜ਼ਿੰਦਗੀ ਬਿਤਾਉਣ ਦੀ ਬਜਾਏ ਕੁਝ ਲੋਕ ਜਾਣੇ-ਅਣਜਾਣੇ ’ਚ ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਹੋਣ ਜਾਂ ਫਸਾ ਦਿੱਤੇ ਜਾਣ ਕਾਰਨ ਜੇਲਾਂ ’ਚ ਪਹੁੰਚ ਜਾਂਦੇ ਹਨ।

ਵਿਦੇਸ਼ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆ ਦੇ 69 ਦੇਸ਼ਾਂ ਦੀਆਂ ਜੇਲਾਂ ’ਚ 8441 ਤੋਂ ਵੱਧ ਭਾਰਤੀ ਕੈਦੀ ਕਤਲ, ਘਰੇਲੂ ਹਿੰਸਾ, ਨਸ਼ਿਆਂ ਦੀ ਸਮੱਗਲਿੰਗ, ਨਸਲੀ ਹਿੰਸਾ, ਗਬਨ, ਚੈੱਕ ਬਾਊਂਸ, ਮਨੁੱਖੀ ਸਮੱਗਲਿੰਗ, ਜਬਰ-ਜ਼ਨਾਹ, ਗੈਰ-ਕਾਨੂੰਨੀ ਢੰਗ ਨਾਲ ਦੇਸ਼ ਦੀ ਸਰਹੱਦ ਅੰਦਰ ਦਾਖਲ ਹੋਣ ਆਦਿ ਦੋਸ਼ਾਂ ਹੇਠ ਬੰਦ ਹਨ।

ਇਨ੍ਹਾਂ ’ਚੋਂ ਸਭ ਤੋਂ ਵੱਧ 4389 ਭਾਰਤੀ ਇਕੱਲੇ ਖਾੜੀ ਦੇਸ਼ਾਂ (ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਕਤਰ, ਕੁਵੈਤ, ਬਹਿਰੀਨ ਅਤੇ ਓਮਾਨ ਦੀਆਂ ਜੇਲਾਂ ’ਚ ਬੰਦ ਹਨ। ਇਨ੍ਹਾਂ ’ਚੋਂ 1858 ਭਾਰਤੀ ਸੰਯੁਕਤ ਅਰਬ ਅਮੀਰਾਤ ਦੀਆਂ ਜੇਲਾਂ ’ਚ ਬੰਦ ਹਨ। ਇਹ ਕਿਸੇ ਵੀ ਦੇਸ਼ ਦੀਆਂ ਜੇਲਾਂ ’ਚ ਬੰਦ ਭਾਰਤੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਅਤੇ ਇਨ੍ਹਾਂ ’ਚ 40 ਔਰਤਾਂ ਵੀ ਸ਼ਾਮਲ ਹਨ। ਅਰਬ ਦੇਸ਼ਾਂ ਤੋਂ ਬਾਅਦ ਸਭ ਤੋਂ ਵੱਧ ਭਾਰਤੀ ਕੈਦੀਆਂ ਜਾਂ ਵਿਚਾਰ ਅਧੀਨ ਕੈਦੀਆਂ ਦੇ ਮਾਮਲੇ ’ਚ ਦੂਜਾ ਨੰਬਰ ਨੇਪਾਲ ਦਾ ਹੈ, ਜਿੱਥੇ 1222 ਭਾਰਤੀ ਬੰਦ ਹਨ।

ਅੰਕੜਿਆਂ ਮੁਤਾਬਕ 19 ਦੇਸ਼ਾਂ ਦੀਆਂ ਜੇਲਾਂ ’ਚ ਘੱਟੋ-ਘੱਟ 115 ਭਾਰਤੀ ਔਰਤਾਂ ਕੈਦ ਦੀ ਸਜ਼ਾ ਭੁਗਤ ਰਹੀਆਂ ਹਨ। ਇਕ ਭਾਰਤੀ ਮਹਿਲਾ ਫਿਨਲੈਂਡ ’ਚ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ਹੇਠ ਕੈਦ ਹੈ। ਅਮਰੀਕਾ ਦੀਆਂ ਜੇਲਾਂ ’ਚ ਵਿਚਾਰ ਅਧੀਨ ਅਤੇ ਸਜ਼ਾ ਪ੍ਰਾਪਤ 261 ਭਾਰਤੀ ਬੰਦ ਹਨ। ਇਟਲੀ ’ਚ ਇਹ ਗਿਣਤੀ 244 ਅਤੇ ਇੰਗਲੈਂਡ ’ਚ 219 ਹੈ। ਇਸ ਤੋਂ ਬਾਅਦ ਚੀਨ (203), ਜਰਮਨੀ (92), ਆਸਟ੍ਰੇਲੀਆ (105), ਭੂਟਾਨ (69), ਬੰਗਲਾਦੇਸ਼ (59), ਸਿੰਗਾਪੁਰ (51), ਸਾਈਪ੍ਰਸ (44), ਸਪੇਨ (40), ਫਿਲੀਪੀਨਜ਼ (36), ਜਾਰਡਨ (30), ਸ਼੍ਰੀਲੰਕਾ (29), ਫਰਾਂਸ (29), ਕੈਨੇਡਾ (23), ਗਰੀਸ (22), ਮਿਆਂਮਾਰ (21), ਪੁਰਤਗਾਲ (20), ਇੰਡੋਨੇਸ਼ੀਆ (20), ਨਾਇਜੀਰੀਆ (18), ਮਾਲਦੀਵ (11), ਥਾਈਲੈਂਡ (10) ਅਤੇ ਸਵੀਡਨ (2) ਆਦਿ ਹਨ।

ਸਭ ਤੋਂ ਵੱਧ ਨਾਗਰਿਕਾਂ ਨੂੰ ਵਿਦੇਸ਼ ਭੇਜਣ ਵਾਲੇ ਸੂਬਿਆਂ ’ਚੋਂ ਇਕ ਕੇਰਲ ਦੇ ਲੋਕਾਂ ਕੋਲ ਦੇਸ਼ ’ਚ ਸਭ ਤੋਂ ਵੱਧ 1.12 ਕਰੋੜ ਪਾਸਪੋਰਟ ਹਨ। ਦੱਸਿਆ ਜਾਂਦਾ ਹੈ ਕਿ ਅਨੇਕ ਕੇਰਲ ਵਾਸੀ ਪੱਛਮੀ ਏਸ਼ੀਆ ਦੇ ਦੇਸ਼ਾਂ ’ਚ ਕੈਦ ਹਨ, ਜਿਨ੍ਹਾਂ ਨੂੰ ਛੋਟੇ-ਮੋਟੇ ਮਾਮਲਿਆਂ ’ਚ ਫਸਾਇਆ ਗਿਆ ਹੈ। ਹੁਣ ਕੇਰਲ ਸਰਕਾਰ ਉਨ੍ਹਾਂ ਸਬੰਧੀ ਅੰਕੜੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਨੇ ਵਿਦੇਸ਼ੀ ਜੇਲਾਂ ’ਚ ਬੰਦ ਆਪਣੇ ਨਾਗਰਿਕਾਂ ਨੂੰ ਕਾਨੂੰਨੀ ਮਦਦ ਪ੍ਰਦਾਨ ਕਰਨ ਲਈ ਇਕ ‘ਪ੍ਰਵਾਸੀ ਸਹਾਇਤਾ ਸੈੱਲ’ ਵੀ ਕਾਇਮ ਕੀਤਾ ਹੈ। ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਬੀਤੇ ਦਿਨੀਂ ਲੋਕ ਸਭਾ ’ਚ ਇਕ ਲਿਖਤੀ ਜਵਾਬ ’ਚ ਦੱਸਿਆ ਕਿ ਵਿਦੇਸ਼ੀ ਜੇਲਾਂ ’ਚ ਘੱਟ ਤੋਂ ਘੱਟ 3403 ਭਾਰਤੀ ਨਾਗਰਿਕ ਅਜਿਹੇ ਵੀ ਹਨ, ਜਿਨ੍ਹਾਂ ਦੀ ਸਥਿਤੀ ਸਪੱਸ਼ਟ ਨਹੀਂ ਹੈ।

ਜਿਨ੍ਹਾਂ ਦੇਸ਼ਾਂ ’ਚ ਭਾਰਤੀ ਕੈਦੀ ਬੰਦ ਹਨ, ਉਨ੍ਹਾਂ ’ਚੋਂ ਕਈ ਦੇਸ਼ਾਂ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ, ਇਸ ਲਈ ਕੇਂਦਰ ਸਰਕਾਰ ਨੂੰ ਇਨ੍ਹਾਂ ਬਾਰੇ ਸਬੰਧਤ ਸਰਕਾਰਾਂ ਕੋਲ ਮਾਮਲਾ ਉਠਾ ਕੇ ਕੋਈ ਅਜਿਹਾ ਫੈਸਲਾ ਕਰਨਾ ਚਾਹੀਦਾ ਹੈ, ਜਿਸ ਨਾਲ ਆਪਣੀ ਨਾਦਾਨੀ ਜਾਂ ਅਣਜਾਣਪੁਣੇ ’ਚ ਹੋਏ ਅਪਰਾਧ ਕਾਰਨ ਜੇਲਾਂ ’ਚ ਬੰਦ ਭਾਰਤੀਆਂ ਨੂੰ ਛੁਡਵਾ ਕੇ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਕੇਰਲ ਸਰਕਾਰ ਵਾਂਗ ਹੋਰਨਾਂ ਸੂਬਿਆਂ ’ਚ ਵੀ ‘ਪ੍ਰਵਾਸੀ ਸਹਾਇਤਾ ਸੈੱਲ’ ਕਾਇਮ ਕੀਤੇ ਜਾਣੇ ਚਾਹੀਦੇ ਹਨ। ਵਿਦੇਸ਼ੀ ਜੇਲਾਂ ’ਚ ਬੰਦ ਹੋਣ ਕਾਰਨ ਭਾਰਤੀ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਸਹੀ ਸਥਿਤੀ ਦਾ ਪਤਾ ਨਹੀਂ ਚੱਲ ਸਕਦਾ ਅਤੇ ਉਹ ਜੇਲਾਂ ’ਚ ਵੱਖ-ਵੱਖ ਕਿਸਮ ਦੀਆਂ ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ।

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਸਜ਼ਾ ਪ੍ਰਾਪਤ ਕੈਦੀਆਂ ਦੇ ਤਬਾਦਲੇ ਨੂੰ ਲੈ ਕੇ ਇਕ ਸਮਝੌਤੇ ’ਤੇ ਹਸਤਾਖਰ ਵੀ ਹੋ ਚੁੱਕੇ ਹਨ, ਜਿਸ ਅਧੀਨ ਉੱਥੋਂ ਦੀਆਂ ਜੇਲਾਂ ’ਚ ਬੰਦ ਭਾਰਤੀਆਂ ਨੂੰ ਉਨ੍ਹਾਂ ਦੀ ਬਕਾਇਆ ਸਜ਼ਾ ਕੱਟਣ ਲਈ ਭਾਰਤ ਤਬਦੀਲ ਕੀਤਾ ਜਾ ਸਕਦਾ ਹੈ ਇਸ ਲਈ ਇਸ ਸਮਝੌਤੇ ਨੂੰ ਜਿੰਨੀ ਜਲਦੀ ਅਮਲੀ ਰੂਪ ਦਿੱਤਾ ਜਾ ਸਕੇ, ਓਨਾ ਹੀ ਚੰਗਾ ਹੋਵੇਗਾ ਅਤੇ ਇਸ ਦੇ ਨਾਲ ਹੀ ਹੋਰਨਾਂ ਦੇਸ਼ਾਂ ਨਾਲ ਵੀ ਇਸੇ ਤਰ੍ਹਾਂ ਦੇ ਸਮਝੌਤੇ ਤੁਰੰਤ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉੱਥੋਂ ਦੀਆਂ ਜੇਲਾਂ ’ਚ ਬੰਦ ਭਾਰਤੀਆਂ ਨੂੰ ਵੀ ਭਾਰਤ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲੋਕ ਉਨ੍ਹਾਂ ਨੂੰ ਮਿਲ ਸਕਣ।

-ਵਿਜੇ ਕੁਮਾਰ


Mandeep Singh

Content Editor

Related News