ਨਵੇਂ ਸਾਲ ’ਤੇ ਮੰਤਰੀ ਨੇ ਆਪਣੇ ਲਈ ‘ਬੁੱਕੇ’ ਨਹੀਂ ਮੰਗਿਆ ਵਿਦਿਆਰਥੀਆਂ ਲਈ ਕਾਪੀਆਂ-ਪੈੱਨਾਂ ਦਾ ਤੋਹਫਾ

Sunday, Jan 05, 2020 - 01:29 AM (IST)

ਨਵੇਂ ਸਾਲ ’ਤੇ ਮੰਤਰੀ ਨੇ ਆਪਣੇ ਲਈ ‘ਬੁੱਕੇ’ ਨਹੀਂ ਮੰਗਿਆ ਵਿਦਿਆਰਥੀਆਂ ਲਈ ਕਾਪੀਆਂ-ਪੈੱਨਾਂ ਦਾ ਤੋਹਫਾ

ਆਮ ਤੌਰ ’ਤੇ ਜਨਤਕ ਜੀਵਨ ਨਾਲ ਜੁੜੀਆਂ ਹਸਤੀਆਂ ਨੂੰ ਵੱਖ-ਵੱਖ ਲੋਕਾਂ ਵਲੋਂ ਨਵੇਂ ਸਾਲ ਜਾਂ ਪੁਰਬ-ਤਿਉਹਾਰਾਂ ਆਦਿ ਵੱਖ-ਵੱਖ ਖੁਸ਼ੀ ਦੇ ਮੌਕਿਆਂ ’ਤੇ ਗੁਲਦਸਤੇ, ਮਠਿਆਈ, ਸ਼ਾਲ, ਫਲ ਆਦਿ ਭੇਟ ਕਰਨ ਦਾ ਰਿਵਾਜ ਹੈ ਪਰ ਸੰਨ 2020 ਦੇ ਦਸਤਕ ਦੇਣ ਤੋਂ ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਅਦੀਮੁਲਾਪੀ ਸੁਰੇਸ਼ ਦੇ ਮਨ ਵਿਚ ਇਕ ਅਜੀਬ ਵਿਚਾਰ ਸੁੱਝਿਆ ਅਤੇ ਉਨ੍ਹਾਂ ਨੇ ਨਵੇਂ ਸਾਲ ਨੂੰ ਇਕ ਅਰਥਭਰਪੂਰ ਅਤੇ ਕਲਿਆਣਕਾਰੀ ਮੌਕਾ ਬਣਾਉਣ ਦਾ ਫੈਸਲਾ ਲਿਆ।

ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਵਧਾਈ ਦੇਣ ਲਈ ਆਉਣ ਦੇ ਚਾਹਵਾਨ ਲੋਕ ਫੁੱਲ, ਫਲ ਜਾਂ ਮਠਿਆਈਆਂ ਆਦਿ ਲਿਆਉਣ ਦੀ ਬਜਾਏ ਸਕੂਲ ਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਾਪੀਆਂ, ਪੈੱਨ ਅਤੇ ਪੈਨਸਲਾਂ ਆਦਿ ਲੈ ਕੇ ਆਉਣ।

ਸ਼੍ਰੀ ਸੁਰੇਸ਼ ਨੇ ਇਹ ਵੀ ਕਿਹਾ ਕਿ ‘‘ਕਾਪੀ-ਪੈੱਨ ਅਤੇ ਪੈਨਸਲਾਂ ਆਦਿ ਤੋਂ ਬਿਨਾਂ ਪੜ੍ਹਾਈ ਸੰਭਵ ਨਹੀਂ ਹੈ ਪਰ ਹਰੇਕ ਬੱਚੇ ਨੂੰ ਇਹ ਮੁਹੱਈਆ ਨਹੀਂ ਹੁੰਦੀਆਂ, ਲਿਹਾਜ਼ਾ ਮੇਰੀ ਪਾਰਟੀ ਵਾਈ. ਐੱਸ. ਆਰ. ਕਾਂਗਰਸ ਦੇ ਵਰਕਰ ਅਤੇ ਅਜਿਹੇ ਮੌਕਿਆਂ ’ਤੇ ਵਧਾਈ ਦੇਣ ਆਉਣ ਵਾਲੇ ਹੋਰ ਲੋਕ ਫੁੱਲਾਂ, ਫਲਾਂ ਅਤੇ ਮਠਿਆਈਆਂ ਆਦਿ ’ਤੇ ਫਜ਼ੂਲ ਖਰਚੀ ਨਾ ਕਰਨ।’’

ਉਨ੍ਹਾਂ ਦੇ ਇਸ ਸੱਦੇ ਦਾ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਅਤੇ ਹੋਰ ਲੋਕਾਂ ’ਤੇ ਬਹੁਤ ਹੀ ਚੰਗਾ ਅਸਰ ਪਿਆ ਅਤੇ 31 ਦਸੰਬਰ ਅਤੇ 1 ਜਨਵਰੀ ਦੀ ਮੱਧ ਰਾਤ ਤੋਂ ਹੀ ਉਨ੍ਹਾਂ ਦੇ ਪਿੰਡ ਵਿਚ, ਜਿੱਥੇ ਉਹ ਨਵਾਂ ਸਾਲ ਮਨਾਉਣ ਲਈ ਗਏ ਹੋਏ ਸਨ, ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੜ੍ਹਾਈ ਵਿਚ ਕੰਮ ਆਉਣ ਵਾਲੇ ਸਾਮਾਨ ਦੇ ਨਾਲ ਵਧਾਈ ਦੇਣ ਲਈ ਆਉਣ ਵਾਲਿਆਂ ਦੀ ਲੰਮੀ ਕਤਾਰ ਲੱਗ ਗਈ।

ਸ਼੍ਰੀ ਸੁਰੇਸ਼ ਦੇ ਸੂਤਰਾਂ ਅਨੁਸਾਰ ਇਸ ਮੌਕੇ ’ਤੇ ਲੱਗਭਗ ਇਕ ਹੀ ਦਿਨ ਵਿਚ 25,000 ਤੋਂ ਵੱਧ ਕਾਪੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈੱਨ, ਪੈਨਸਲਾਂ ਇਕੱਠੀਆਂ ਹੋ ਗਈਆਂ ਅਤੇ ਉਸ ਤੋਂ ਬਾਅਦ ਦੇ ਦਿਨਾਂ ਵਿਚ ਵੀ ਇਹ ਸਿਲਸਿਲਾ ਜਾਰੀ ਹੈ। ਸ਼੍ਰੀ ਸੁਰੇਸ਼ ਨੇ ਜਮ੍ਹਾ ਹੋਈ ਸਾਰੀ ਸਟੇਸ਼ਨਰੀ ਲੋੜਵੰਦ ਵਿਦਿਆਰਥੀਆਂ ਵਿਚ ਵੰਡਣ ਲਈ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਦਿੱਤੀ।

ਨਵੇਂ ਸਾਲ ਦੇ ਮੌਕੇ ’ਤੇ ਰਵਾਇਤੀ ਤੋਹਫਿਆਂ ਦੀ ਬਜਾਏ ਵਿਦਿਆਰਥੀਆਂ ਦੀ ਵਰਤੋਂ ਵਾਲੀਆਂ ਵਸਤੂਆਂ ਤੋਹਫੇ ਦੇ ਰੂਪ ’ਚ ਮੰਗ ਕੇ ਅਤੇ ਲੋੜਵੰਦ ਬੱਚਿਆਂ ਵਿਚ ਉਨ੍ਹਾਂ ਦੀ ਵੰਡ ਕਰ ਕੇ ਸ਼੍ਰੀ ਅਦੀਮੁਲਾਪੀ ਸੁਰੇਸ਼ ਨੇ ਸਿਆਸੀ ਆਗੂਆਂ ਨੂੰ ਇਕ ਨਵਾਂ ਰਾਹ ਦਿਖਾਇਆ ਹੈ। ਜੇਕਰ ਸਾਰੇ ਸਿਆਸੀ ਆਗੂ ਇਸ ਤਰ੍ਹਾਂ ਦੀ ਹਾਂ-ਪੱਖੀ ਸੋਚ ਅਪਣਾ ਲੈਣ ਤਾਂ ਸਮਾਜ ਵਿਚ ਕੁਝ ਵਧੀਆ ਤਬਦੀਲੀ ਲਿਆਉਣ ਵਿਚ ਸਹਾਇਤਾ ਜ਼ਰੂਰ ਮਿਲ ਸਕਦੀ ਹੈ।

–ਵਿਜੇ ਕੁਮਾਰ


author

Bharat Thapa

Content Editor

Related News