‘ਮਾਈਕ ਪੋਂਪੀਓ ਦੀ ਚੀਨ ਨੂੰ ਚਿਤਾਵਨੀ’ ‘ਚੀਨ ਦੇ ਵਿਰੁੱਧ ਭਾਰਤ ਇਕੱਲਾ ਨਹੀਂ’

10/29/2020 2:17:37 AM

ਹਾਲ ਹੀ ’ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਨਵੀਂ ਦਿੱਲੀ ’ਚ ਇਕ ਬੇਹੱਦ ਅਹਿਮ ਵਾਰਤਾ ਹੋਈ। ‘ਟੂ ਪਲੱਸ ਟੂ’ ਵਾਰਤਾ ’ਚ ਅਮਰੀਕੀ ਧਿਰ ਦੀ ਅਗਵਾਈ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਕੀਤੀ, ਜਦਕਿ ਭਾਰਤੀ ਟੀਮ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹਿੱਸਾ ਲਿਆ।

ਦੋਵਾਂ ਦੇਸ਼ਾਂ ਦੇ ਦਰਮਿਆਨ ਪੰਜ ਅਹਿਮ ਸਮਝੌਤਿਆਂ ’ਤੇ ਦਸਤਖਤ ਹੋਏ, ਜਿਨ੍ਹਾਂ ਨਾਲ ਭਾਰਤ ਅਮਰੀਕਾ ਦੇ ਸਭ ਤੋਂ ਨੇੜਲੇ ਫੌਜੀ ਭਾਈਵਾਲਾਂ ’ਚ ਸ਼ਾਮਲ ਹੋ ਗਿਆ ਹੈ। ਹੁਣ ਭਾਰਤ ਅਮਰੀਕਾ ਕੋਲੋਂ ਉਨ੍ਹਾਂ ਫੌਜੀ ਤਕਨੀਕਾਂ ਅਤੇ ਸੂਚਨਾਵਾਂ ਨੂੰ ਹਾਸਲ ਕਰ ਸਕੇਗਾ ਜੋ ਉਹ ਗਿਣੇ-ਚੁਣੇ ਦੇਸ਼ਾਂ ਨੂੰ ਦਿੰਦਾ ਹੈ।

ਵਾਰਤਾ ਦੇ ਬਾਅਦ ਇੰਟਰਵਿਊਜ਼ ’ਚ ਚੀਨ ਨੂੰ ਸਪੱਸ਼ਟ ਚਿਤਾਵਨੀ ਦਿੰਦੇ ਹੋਏ ਮਾਈਕ ਪੋਂਪੀਓ ਨੇ ਕਿਹਾ ਕਿ ਚੀਨ ਦੇ ਵਧਦੇ ਹਮਲਾਵਰਪੁਨੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ’ਚ ਭਾਰਤ ਨੂੰ ਖੁਦ ਨੂੰ ਇਕੱਲਾ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਦੇ ਅਨੁਸਾਰ ਹੁਣ ਸਾਰੀ ਦੁਨੀਆ ਮਾਰਕਸ-ਲੈਨਿਨਵਾਦੀ ਵਿਚਾਰਧਾਰਾ ਤੋਂ ਉਪਜੇ ਖਤਰੇ ਨੂੰ ਸਮਝਣ ਲੱਗੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਅਜਿਹੀ ਸੋਚ ਵਾਲੇ ਦੇਸ਼ਾਂ ਅਮਰੀਕਾ, ਆਸਟ੍ਰੇਲੀਆ, ਜਾਪਾਨ ਦੇ ਨਾਲ ਹੈ ਅਤੇ ਉਹ ‘ਚੀਨੀ ਕਮਿਊਨਿਸਟ ਪਾਰਟੀ’ ਦੇ ਵਿਰੁੱਧ ਆਪਣੇ ਸੰਘਰਸ਼ ਵਿਚ ਖੁਦ ਨੂੰ ਇਕੱਲਾ ਨਾ ਸਮਝੇ। ਭਾਰਤ ਅਤੇ ਅਮਰੀਕਾ ਰਲ ਕੇ ਚੀਨ ਦੀ ਜੁਰਅੱਤ ਨੂੰ ਰੋਕ ਸਕਦੇ ਹਨ। ਕਿਸੇ ਨੂੰ ਵੀ ਜੁਰਅੱਤ ਤੋਂ ਰੋਕਣ ਲਈ ਅਮਰੀਕਾ ਭਾਰਤ ਦਾ ਜਿੰਨਾ ਸਾਥ ਦੇ ਸਕਦਾ ਹੈ, ਓਨਾ ਦੇਵੇਗਾ।

ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਉਹ ਚੀਨ ਨੂੰ ‘ਚੀਨੀ ਕਮਿਊਨਿਸਟ ਪਾਰਟੀ’ ਦੇ ਨਾਂ ਨਾਲ ਹੀ ਸੰਬੋਧਨ ਕਰਦੇ ਹਨ। ਪੋਂਪੀਓ ਅਨੁਸਾਰ ‘ਚੀਨੀ ਕਮਿਊਨਿਸਟ ਪਾਰਟੀ’ ਹੀ ਮਾਰਕਸ-ਲੈਨਿਨਵਾਦੀ ਵਿਚਾਰਧਾਰਾ ਦਾ ਪਾਲਣ ਕਰ ਰਹੀ ਹੈ, ਨਾ ਕਿ ਚੀਨ ਦੀ ਜਨਤਾ।

ਉਨ੍ਹਾਂ ਕਿਹਾ, ‘‘ਚੀਨੀ ਕਮਿਊਨਿਸਟ ਪਾਰਟੀ ਸਭ ਕੁਝ ਆਪਣੇ ਕਾਬੂ ’ਚ ਰੱਖਣਾ ਚਾਹੁੰਦੀ ਹੈ, ਉਹ ਸਿਆਸੀ ਗਲਬਾ ਚਾਹੁੰਦੀ ਹੈ। ਤੁਸੀਂ ਇਸ ਗੱਲ ਨੂੰ ਉਨ੍ਹਾਂ ਦੇ ‘ਬੈਲਟ ਐਂਡ ਰੋਡ’ ਪ੍ਰਾਜੈਕਟ ’ਚ ਵੀ ਦੇਖ ਸਕਦੇ ਹੋ... ਇਨ੍ਹਾਂ ਹਮਲਾਵਰ ਆਰਥਿਕ ਸਰਗਰਮੀਆਂ ਦਾ ਮਕਸਦ ਸੜਕ ਬਣਾਉਣ ਤੋਂ ਕਿਤੇ ਵੱਧ ਇਹ ਹੈ ਕਿ ਕਿਵੇਂ ਹੋਰਨਾਂ ਦੇਸ਼ਾਂ ਵਿਚ ਆਪਣੇ ਪੈਰ ਜਮਾਏ ਜਾਣ, ਕਿਵੇਂ ਉਨ੍ਹਾਂ ਉਤੇ ਆਪਣਾ ਸਿਆਸੀ ਦਬਦਬਾ ਬਣਾਇਆ ਜਾਵੇ।’’

ਪੋਂਪੀਓ ਨੇ ਕਿਹਾ ਕਿ ਅਮਰੀਕਾ ਭਾਰਤ ਦਾ ਇਸ ਲਈ ਭਾਈਵਾਲ ਬਣਨਾ ਚਾਹੁੰਦਾ ਹੈ ਕਿਉਂਕਿ ‘ਦੁਨੀਆ ’ਚ ਆਜ਼ਾਦੀ ਅਤੇ ਤਾਨਾਸ਼ਾਹੀ ਦੇ ਦਰਮਿਆਨ ਲੜਾਈ’ ਹੈ। ਅਮਰੀਕਾ ਭਾਰਤ ਦੇ ਲੋਕਾਂ ਨੂੰ ਸੁਰੱਿਖਆ ਦੇਣ ਲਈ ਜਿਸ ਵੀ ਕਦਮ ਦੀ ਲੋੜ ਹੋਵੇਗੀ, ਉਸਦੇ ਲਈ ਤਿਆਰ ਹੈ।

ਉਨ੍ਹਾਂ ਅਨੁਸਾਰ ਹੋਰਨਾਂ ਦੇਸ਼ਾਂ ਦੇ ਹੀ ਵਾਂਗ ਲੰਬੇ ਸਮੇਂ ਤੱਕ ਭਾਰਤ ਨੇ ਵੀ ਅਜੇ ‘ਚੀਨੀ ਚੁਣੌਤੀ’ ਨੂੰ ਸਮਝਣਾ ਹੀ ਸ਼ੁਰੂ ਕੀਤਾ ਹੈ ਅਤੇ ਅਮਰੀਕਾ ਹੀ ਇਸ ਦਾ ਦੋਸ਼ੀ ਹੈ।

‘‘ਲੰਬੇ ਸਮੇਂ ਲਈ ਦੁਨੀਆ ਭਰ ਵਿਚ ਲਗਭਗ ਹਰ ਦੇਸ਼ ਚੀਨ ਦੇ ਸਾਹਮਣੇ ਗੋਡੇ ਟੇਕਦਾ ਰਿਹਾ ਹੈ। ਕੁਝ ਨਿਯਮ ਤੈਅ ਕੀਤੇ ਗਏ ਸਨ ਪਰ ਉਨ੍ਹਾਂ ਦੇ ਲਈ ਚੀਨ ਨੂੰ ਛੋਟ ਵਾਲਾ ਬਣਾ ਦਿੱਤਾ ਗਿਆ, ਭਾਵੇਂ ਉਹ ਵਪਾਰ ਹੋਵੇ ਜਾਂ ਫੀਸ ... ਇਸ ਦੀ ਸੂਚੀ ਲੰਬੀ ਹੈ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਦੁਨੀਆ ਨੇ ‘ਚੀਨੀ ਕਮਿਊਨਿਸਟ ਪਾਰਟੀ’ ਦੀ ਵਿਚਾਰਧਾਰਾ ਤੋਂ ਪੈਦਾ ਹੋਏ ਖਤਰੇ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਹੈ।’’


Bharat Thapa

Content Editor

Related News