ਸਮੇਂ ਦੇ ਨਾਲ ਵਿਰੋਧ ਕਰਨ ਦੇ ਤਰੀਕੇ ਬਦਲੇ, ਅਧਿਕਾਰੀ ਵੀ ਖੁਦ ਨੂੰ ਬਦਲਣ

Saturday, Apr 15, 2023 - 02:28 AM (IST)

ਸਮੇਂ ਦੇ ਨਾਲ ਵਿਰੋਧ ਕਰਨ ਦੇ ਤਰੀਕੇ ਬਦਲੇ, ਅਧਿਕਾਰੀ ਵੀ ਖੁਦ ਨੂੰ ਬਦਲਣ

ਅਧਿਕਾਰੀਆਂ ਤੱਕ ਆਪਣੀਆਂ ਅਣਸੁਣੀਆਂ ਸ਼ਿਕਾਇਤਾਂ ਪਹੁੰਚਾਉਣ ਲਈ ਲੋਕ ਹੁਣ ਵਿਰੋਧ ਪ੍ਰਦਰਸ਼ਨ ਦੇ ਅਜਿਹੇ ਤਰੀਕੇ ਅਪਣਾਉਣ ਲੱਗੇ ਹਨ ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਹੋਏ ਬਿਨਾਂ ਨਹੀਂ ਰਹਿੰਦੇ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 1 ਜਨਵਰੀ ਨੂੰ ਵਿਦਿਸ਼ਾ (ਮੱਧ ਪ੍ਰਦੇਸ਼) ’ਚ ਪੱਕਾ ਕਰਨ ਲਈ ਭੁੱਖ ਹੜਤਾਲ ’ਤੇ ਬੈਠੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਦਾ ਧਿਆਨ ਦਿਵਾਉਣ ਲਈ ਥਾਲੀਆਂ ਅਤੇ ਸ਼ੰਖ ਵਜਾ ਕੇ ਪ੍ਰਦਰਸ਼ਨ ਕੀਤਾ।

* 3 ਜਨਵਰੀ ਨੂੰ ਰੀਵਾ (ਮੱਧ ਪ੍ਰਦੇਸ਼) ਵਿਖੇ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਕਾਂਗਰਸ ਦੇ ਵਿਦਿਆਰਥੀ ਸੰਗਠਨ ‘ਐੱਨ. ਐੱਸ. ਯੂ. ਆਈ.’ ਦੇ ਮੈਂਬਰਾਂ ਨੇ ਹੱਥਾਂ ’ਚ ਕਟੋਰੇ ਲੈ ਕੇ ਭੀਖ ਮੰਗੀ। ਦੁਕਾਨਦਾਰਾਂ ਨੇ ਉਨ੍ਹਾਂ ਦੇ ਕਟੋਰਿਆਂ ’ਚ ਕੁਝ ਪੈਸੇ ਵੀ ਪਾਏ। ਇਹ ਵਿਦਿਆਰਥੀ ਨਾਅਰੇ ਲਾ ਰਹੇ ਸਨ ਕਿ, ‘‘ਮਾਮਾ ਤੇਰੇ ਰਾਜ ਨੇ, ਦੇ ਦੀਆ ਕਟੋਰਾ ਹਾਥ ਮੇਂ।’’

* 4 ਜਨਵਰੀ ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ‘ਚਰਥਾਵਲ’ ਵਿਖੇ ਹਿੰਡਨ ਨਦੀ ’ਤੇ ਪੁਲ ਬਣਵਾਉਣ ਅਤੇ ਬੇਸਹਾਰਾ ਘੁੰਮਦੇ ਗਊਵੰਸ਼ ਤੋਂ ਮੁਕਤੀ ਦਿਵਾਉਣ ਦੀ ਮੰਗ ਨੂੰ ਲੈ ਕੇ ਸਿਕੰਦਰਪੁਰ ਦੇ ਪੇਂਡੂਆਂ ਨੇ ਪਾਣੀ ’ਚ ਬੈਠ ਕੇ ਧਰਨਾ ਦਿੱਤਾ।

ਪ੍ਰਦਰਸ਼ਨਕਾਰੀ ਪੇਂਡੂ ਉਦੋਂ ਸ਼ਾਂਤ ਹੋਏ ਜਦੋਂ ਐੱਸ. ਡੀ. ਐੱਮ. ਨੇ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚ ਕੇ ਉਨ੍ਹਾਂ ਨੂੰ ਜਲਦੀ ਆਰਜ਼ੀ ਪੁਲ ਬਣਵਾ ਕੇ ਦੇਣ ਅਤੇ ਸੜਕਾਂ ’ਤੇ ਘੁੰਮਦੇ ਬੇਸਹਾਰਾ ਗਊਵੰਸ਼ ਨੂੰ ਗਊਸ਼ਾਲਾ ਭਿਜਵਾਉਣ ਦਾ ਭਰੋਸਾ ਦਿੱਤਾ।

* 2 ਫਰਵਰੀ ਨੂੰ ‘ਝਾਰਖੰਡ ਰਾਜ ਮਨਰੇਗਾ ਕਰਮਚਾਰੀ ਸੰਘ’ ਵੱਲੋਂ ‘ਗੋਡਾ’ ਵਿਖੇ ‘ਕਾਹੇ ਛੋੜ ਦੇਲਹਾ ਹੇਮੰਤ ਬਾਬੂ, ਦਿਲਵਾ ਮੇਂ ਉਠੇਲਾ ਤੂਫਾ ਹੋਂ’ ਗੀਤ ਗਾ ਕੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਉਨ੍ਹਾਂ ਦਾ ਵਾਅਦਾ ਯਾਦ ਦਿਵਾਇਆ ਜਿਸ ’ਚ ਉਨ੍ਹਾਂ ਨੇ ਮਨਰੇਗਾ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਸੀ।

* 27 ਮਾਰਚ ਨੂੰ ਰਾਏਪੁਰ (ਛੱਤੀਸਗੜ੍ਹ) ਵਿਖੇ ਰਾਹੁਲ ਗਾਂਧੀ ਦੀ ਸੰਸਦ ਮੈਂਬਰੀ ਖਤਮ ਕਰਨ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਾਂਗਰਸ ਦੇ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਨੇ ਗਾਂਧੀ ਜੀ ਦੇ ਪਹਿਰਾਵੇ ’ਚ ‘ਸ਼ਵ ਯਾਤਰਾ’ ਕੱਢ ਕੇ ਪ੍ਰਦਰਸ਼ਨ ਕੀਤਾ।

* 11 ਅਪ੍ਰੈਲ ਨੂੰ ਵਾਰ-ਵਾਰ ਹਾਰਨ ਵਜਾ ਕੇ ਆਵਾਜ਼ ਦਾ ਪ੍ਰਦੂਸ਼ਣ ਫੈਲਾਉਣ ਵਾਲੇ ਡਰਾਈਵਰਾਂ ਨੂੰ ਸਬਕ ਸਿਖਾਉਣ ਲਈ ਅਲੀਗੜ੍ਹ ’ਚ ਕੁਝ ਲੋਕਾਂ ਨੇ ਅਨੋਖਾ ਤਰੀਕਾ ਅਪਣਾਇਆ। ਪਹਿਲਾਂ ਤਾਂ ਉਨ੍ਹਾਂ ਇਕ ਟਰੱਕ ਡਰਾਈਵਰ ਨੂੰ ਟਰੱਕ ’ਚੋਂ ਹੇਠਾਂ ਉਤਾਰ ਕੇ ਫੁੱਲਾਂ ਦਾ ਹਾਰ ਪਾਇਆ ਪਰ ਅਗਲੇ ਹੀ ਪਲ ਇਕ ਸ਼ਕਤੀਸ਼ਾਲੀ ਹਾਰਨ ਉਸ ਦੇ ਕੰਨਾਂ ’ਚ ਵਜਾਉਣ ਲੱਗੇ।

ਇਸ ਕਾਰਨ ਉਹ ਪ੍ਰੇਸ਼ਾਨ ਹੋ ਗਿਆ ਅਤੇ ਆਪਣੀ ਭੁੱਲ ਦਾ ਅਹਿਸਾਸ ਕਰ ਕੇ ਉਸ ਨੇ ਲੋਕਾਂ ਕੋਲੋਂ ਮੁਆਫੀ ਮੰਗੀ ਅਤੇ ਭਵਿੱਖ ’ਚ ਬਿਨਾਂ ਕਾਰਨ ਹਾਰਨ ਨਾ ਵਜਾਉਣ ਦਾ ਵਾਅਦਾ ਕੀਤਾ।

* 11 ਅਪ੍ਰੈਲ ਨੂੰ ਹੀ ਦੇਸ਼ ਦੇ ਸਭ ਤੋਂ ਸਾਫ ਸ਼ਹਿਰ ਕਹਾਉਣ ਵਾਲੇ ਇੰਦੌਰ (ਮੱਧ ਪ੍ਰਦੇਸ਼) ਵਿਖੇ ਮੱਛਰਾਂ ਦੇ ਵਧਦੇ ਪ੍ਰਕੋਪ ਤੋਂ ਮੁਕਤੀ ਦਿਵਾਉਣ ਦੀ ਮੰਗ ’ਤੇ ਜ਼ੋਰ ਦੇਣ ਲਈ ਕਾਂਗਰਸ ਦੇ ਵਰਕਰ ਖੁਦ ਨੂੰ ਮੱਛਰਦਾਨੀਆਂ ’ਚ ਬੰਦ ਕਰ ਕੇ ਸ਼ਹਿਰ ਦੇ ਰਜਵਾੜਾ ਚੌਕ ’ਚ ਧਰਨਾ ਦੇਣ ਲਈ ਬੈਠ ਗਏ। ਇਸ ਮੌਕੇ ’ਤੇ ਉਨ੍ਹਾਂ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਮੱਛਰ ਮਾਰਨ ਦੀਆਂ ਅਗਰਬੱਤੀਆਂ ਅਤੇ ਮੱਛਰ ਮਾਰਨ ਵਾਲੇ ‘ਰੈਕੇਟ’ ਵੰਡੇ।

ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਵੱਲੋਂ ਅਨੋਖੇ ਤਰੀਕਿਆਂ ਨਾਲ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਹਨ। ਉਦਾਹਰਣ ਵਜੋਂ :

* 17 ਸਤੰਬਰ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਮਹਿੰਗਾਈ, ਬੇਰੋਜ਼ਗਾਰੀ ਅਤੇ ਨਿੱਜੀਕਰਨ ਵਿਰੁੱਧ ਸਪਾ ਅਤੇ ਕਾਂਗਰਸ ਦੇ ਵਰਕਰਾਂ ਨੇ ਆਗਰਾ ’ਚ ਗੋਲ-ਗੱਪੇ ਵੇਚ ਕੇ, ਭੀਖ ਮੰਗ ਕੇ ਅਤੇ ਪਕੌੜੇ ਤਲ ਕੇ ਰੋਸ ਪ੍ਰਗਟਾਇਆ।

* 21 ਸਤੰਬਰ, 2022 ਨੂੰ ਝਾਰਖੰਡ ਦੇ ‘ਮਾਹਾਗਾਮਾ’ ਤੋਂ ਕਾਂਗਰਸ ਦੇ ਵਿਧਾਇਕ ਦੀਪਿਕਾ ਪਾਂਡੇ ਸਿੰਘ ਨੇ ਪ੍ਰਸ਼ਾਸਨ ਦਾ ਧਿਆਨ ਖਰਾਬ ਸੜਕਾਂ ਵੱਲ ਦਿਵਾਉਣ ਲਈ ਇਕ ਟੁੱਟੀ ਹੋਈ ਸੜਕ ਦੇ ਵਿਚਕਾਰ ਬੈਠ ਕੇ ਗੰਦੇ ਪਾਣੀ ਨਾਲ ਇਸ਼ਨਾਨ ਕੀਤਾ।

* ਬਿਹਾਰ ਦੇ ਸਾਸਾਰਾਮ ’ਚ ਬੀਤੇ ਸਾਲ ਫੌਜ ’ਚ ਭਰਤੀ ਲਈ ਅਗਨੀਪੱਥ ਯੋਜਨਾ ਦਾ ਵਿਰੋਧ ਕਰਦੇ ਹੋਏ ਨੌਜਵਾਨਾਂ ਨੇ ਸੜਕ ’ਤੇ ਵਰਜਿਸ਼ ਕਰ ਕੇ ਨਾਰਾਜ਼ਗੀ ਪ੍ਰਗਟ ਕੀਤੀ।

* ਵਾਰਾਣਸੀ ਵਿਖੇ ਲੋਕਾਂ ਨੇ ਨਿੱਜੀ ਸਕੂਲਾਂ ਵੱਲੋਂ ਫੀਸਾਂ ’ਚ ਵਾਧੇ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਸਕੂਲ ਪ੍ਰਬੰਧਨ ਅਧਿਕਾਰੀਆਂ ਵਿਰੁੱਧ ਅਤੇ ਹਰਦੋਈ ਸ਼ਹਿਰ ’ਚ ਪਾਈ ਜਾਂਦੀ ਗੰਦਗੀ ਵੱਲ ਧਿਆਨ ਦਿਵਾਉਣ ਲਈ ਨਗਰ ਨਿਗਮ ਦੇ ਦਫਤਰ ਦੇ ਬਾਹਰ ਮੱਝਾਂ ਬੰਨ੍ਹ ਕੇ ਉਨ੍ਹਾਂ ਸਾਹਮਣੇ ਬੀਨ ਵਜਾਈ।

ਇਹ ਤਾਂ ਕੁਝ ਨਮੂਨੇ ਹੀ ਹਨ। ਜਦੋਂ ਲੋਕਾਂ ਦਾ ਵਿਰੋਧ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ, ਤਾਂ ਅਧਿਕਾਰੀਆਂ ਨੂੰ ਵੀ ਸਮੇਂ ਦੇ ਨਾਲ-ਨਾਲ ਬਦਲ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

- ਵਿਜੇ ਕੁਮਾਰ


author

Anmol Tagra

Content Editor

Related News